ਕਬੱਡੀ ਦਾ ਧਾਕੜ ਜਾਫੀ, ਬੱਬੂ ਝਨੇੜੀ
ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਨੇੜੇ ਵੱਸੇ ਪਿੰਡ ਝਨੇੜੀ ਦੀ ਪੁਰਾਣੇ ਸਮਿਆਂ ਤੋਂ ਹੀ ਕੁਸ਼ਤੀ ਤੇ ਕਬੱਡੀ ਦੇ ਖੇਤਰ ‘ਚ ਵੱਖਰੀ ਚੜ੍ਹਤ ਰਹੀ ਹੈ। ਇਸੇ ਪਿੰਡ ‘ਚ ਸੰਨ 1993 ਦੇ ਅੱਠਵੇਂ ਮਹੀਨੇ ਦੀ 25 ਤਰੀਕ ਨੂੰ ਪਿਤਾ ਸ੍ਰੀ ਪ੍ਰੀਤਮ ਰਾਮ ਸ਼ਰਮਾ ਦੇ ਘਰ ਮਾਤਾ ਸ੍ਰੀਮਤੀ ਕਰਮਜੀਤ ਕੌਰ ਦੀ ਕੁੱਖੋਂ ਤਿੰਨ ਧੀਆਂ ਤੋਂ ਬਾਅਦ ਜਨਮੇ ਇਕਲੌਤੇ ਪੁੱਤ ਪ੍ਰਦੀਪ ਕੁਮਾਰ ਬੱਬੂ ਨੂੰ ਘੇਰੇ ਵਾਲੀ ਕਬੱਡੀ ‘ਚ ਖੌਫ਼ਨਾਕ ਜਾਫੀ ਵਜੋਂ ਜਾਣਿਆ ਜਾਂਦਾ ਹੈ। ਪ੍ਰਦੀਪ ਕੁਮਾਰ ਨੇ ਅੱਠਵੀਂ ਤੱਕ ਦੀ ਵਿੱਦਿਆ ਆਪਣੇ ਪਿੰਡ ਦੇ ਹੀ ਸਰਕਾਰੀ ਮਿਡਲ ਸਕੂਲ ਤੋਂ ਤੇ ਬਾਰ੍ਹਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਤੇ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਂਕ ਤੋਂ ਪਾਸ ਕਰਕੇ ਹਿਸਟਰੀ ਦੀ ਐਮ. ਏ. ਕਰਨ ਲਈ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਦਾਖਲਾ ਲੈ ਲਿਆ, ਪਰ ਕਬੱਡੀ ਵਿੱਚ ਮਸ਼ਰੂਫ ਹੋਣ ਕਾਰਨ ਉਸਨੇ ਐਮ.ਏ ਦੇ ਦੂਜੇ ਸਾਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ।
ਨੈਸ਼ਨਲ ਸਟਾਈਲ ਕਬੱਡੀ ਦੇ ਜ਼ਿਲ੍ਹਾ ਪੱਧਰੀ (ਅੰਡਰ-14) ਮੁਕਾਬਲੇ
ਮੁੱਢਲੀ ਪੜ੍ਹਾਈ ਦੌਰਾਨ ਪੰਜਵੀਂ ਜਮਾਤ ‘ਚ ਪੜ੍ਹਦੇ ਬੱਬੂ ਨੇ ਪਹਿਲੀ ਵਾਰ 28 ਦੰਦਾਂ ਵਾਲੇ ਖਿਡਾਰੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ‘ਚ ਹਿੱਸਾ ਲਿਆ । ਅੱਠਵੀਂ ਕਲਾਸ ‘ਚ ਪੜ੍ਹਦਿਆਂ ਪ੍ਰਦੀਪ ਕੁਮਾਰ ਨੂੰ ਨੈਸ਼ਨਲ ਸਟਾਈਲ ਕਬੱਡੀ ਦੇ ਜ਼ਿਲ੍ਹਾ ਪੱਧਰੀ (ਅੰਡਰ-14) ਮੁਕਾਬਲੇ ਖੇਡਣ ਦਾ ਅਵਸਰ ਮਿਲਿਆ। ਸਕੂਲ ਵਿੱਚ ਉਹ ਨੈਸ਼ਨਲ ਸਟਾਈਲ ਕਬੱਡੀ ਦੀ ਪ੍ਰੈਕਟਿਸ ਕਰਦਾ ਤੇ ਸ਼ਾਮ ਨੂੰ ਪਿੰਡ ਦੇ ਗਰਾਊਂਡ ਵਿੱਚ ਡੀਪੀਈ ਅਮਰੀਕ ਸਿੰਘ ਝਨੇੜੀ ਤੋਂ ਘੇਰੇ ਵਾਲੀ ਕਬੱਡੀ ਦੇ ਵੀ ਦਾਅ-ਪੇਚ ਸਿੱਖਣ ਲਈ ਚਲਾ ਜਾਂਦਾ। ਗਿਆਰਵੀਂ ਦੀ ਪੜ੍ਹਾਈ ਦੌਰਾਨ ਬੱਬੂ ਨੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਘੇਰੇ ਵਾਲੀ ਕਬੱਡੀ ਦੇ ਸਟੇਟ ਪੱਧਰੀ (ਅੰਡਰ-19) ਮੁਕਾਬਲਿਆਂ ਵਿੱਚ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਖੇਡਦਿਆਂ ਫਾਈਨਲ ਮੈਚ ‘ਚ ਜ਼ਿਲ੍ਹਾ ਮੋਹਾਲੀ ਦੇ ਖਿਡਾਰੀਆਂ ਨੂੰ 9 ਜੱਫੇ ਲਾ ਕੇ ਧੰਨ-ਧੰਨ ਕਰਵਾ ਦਿੱਤੀ।
ਘਰ ਦੇ ਨਾਜ਼ੁਕ ਆਰਥਿਕ ਹਾਲਾਤ ਉਸਨੂੰ ਮੈਦਾਨ ਵਿੱਚ ਜਾਣ ਤੋਂ ਰੋਕਦੇ ਰਹੇ
ਸਾਲ 2011 ਦੌਰਾਨ ਪ੍ਰਦੀਪ ਕੁਮਾਰ ਬੱਬੂ ਨੇ ਆਪਣੇ ਸਾਥੀਆਂ ਬਿੱਟੂ, ਦੂਮ, ਬਿੱਟੀ ਅਤੇ ਜਗਵਿੰਦਰ ਨਾਲ ਮਿਲਕੇ ਨੇੜਲੇ ਪਿੰਡਾਂ ਦੇ ਕਬੱਡੀ ਮੇਲਿਆਂ ‘ਚ 52 ਕਿੱਲੋ ਭਾਰ ਵਰਗ ਦੇ ਮੁਕਾਬਲੇ ਖੇਡਣੇ ਆਰੰਭ ਕਰ ਦਿੱਤੇ, ਪਰ ਘਰ ਦੇ ਨਾਜ਼ੁਕ ਆਰਥਿਕ ਹਾਲਾਤ ਉਸਨੂੰ ਮੈਦਾਨ ਵਿੱਚ ਜਾਣ ਤੋਂ ਰੋਕਦੇ ਰਹੇ ਕਿਉਂਕਿ ਸਿਰਫ਼ 3 ਬਿੱਘੇ ਜ਼ਮੀਨ ਦੀ ਖੇਤੀ ਅਤੇ ਦਿਹਾੜੀਦਾਰ ਬਾਪੂ ਦੀ ਕਮਾਈ ਨਾਲ਼ ਸਾਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਪਰ ਗੁਰਬਤ ਭਰੇ ਦਿਨ ਗੁਜ਼ਾਰਨ ਦੇ ਬਾਵਜੂਦ ਵੀ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਦੇ ਕਬੱਡੀ ਖਿਡਾਰੀ ਬਣਨ ਦੇ ਸੁਪਨਿਆਂ ਦਾ ਗਲਾ ਨਹੀਂ ਘੁੱਟਿਆ। ਖੇਡ ਮੇਲੇ ਵਿੱਚੋਂ ਜਿੱਤ ਕੇ ਇਨਾਮ ਵਜੋਂ ਜੋ ਵੀ ਰਾਸ਼ੀ ਮਿਲਦੀ, ਬੱਬੂ ਨੇ ਘਰ ਆ ਕੇ ਆਪਣੀ ਮਾਤਾ ਨੂੰ ਫੜਾ ਦੇਣੀ ਅਤੇ ਜਿਸ ਦਿਨ ਟੂਰਨਾਮੈਂਟ ਨਾ ਹੁੰਦਾ ਤਾਂ ਉਸ ਨੇ ਦਿਹਾੜੀ ‘ਤੇ ਚਲੇ ਜਾਣਾ। ਕਬੱਡੀ ਖੇਡਣ ਤੇ ਮਜ਼ਦੂਰੀ ਕਰਨ ਦੇ ਨਾਲ-ਨਾਲ ਪ੍ਰਦੀਪ ਕੁਮਾਰ ਨੇ ਵਿੱਦਿਆ ਹਾਸਲ ਕਰਨ ਦਾ ਸਿਲਸਿਲਾ ਵੀ ਜਾਰੀ ਰੱਖਿਆ।
62 ਕਿੱਲੋ ਭਾਰ ਦੇ ਮੁਕਾਬਲੇ
ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਤੇ ਇੱਕ ਦਿਨ 62 ਕਿੱਲੋ ਭਾਰ ਦੇ ਮੁਕਾਬਲੇ ਖੇਡਦਿਆਂ ਉਸਦੀ ਮੁਲਾਕਾਤ ਪਿੰਡ ਰਣੀਕੇ ਦੇ ਪ੍ਰਸਿੱਧ ਜਾਫੀ ਅੰਗਰੇਜ਼ ਸਿੰਘ ਕਾਜੂ ਨਾਲ ਹੋ ਗਈ । ਉਨ੍ਹਾਂ ਦੋਵਾਂ ਦੀ ਅਜਿਹੀ ਦੋਸਤੀ ਪਈ ਕਿ ਉਸ ਤੋਂ ਬਾਅਦ ਕਾਜੂ ਰਣੀਕੇ ਨੇ ਵੀ ਬੱਬੂ ਨਾਲ ਝਨੇੜੀ ਦੀ ਟੀਮ ਲਈ ਖੇਡਣਾ ਸ਼ੁਰੂ ਕਰ ਦਿੱਤਾ । ਲਗਾਤਾਰ ਤਿੰਨ ਸਾਲ 62, 70 ਤੇ 75 ਕਿੱਲੋ ਦੇ ਮੁਕਾਬਲੇ ਖੇਡਣ ਤੋਂ ਬਾਅਦ 2014 ਵਿੱਚ ਬੱਬੂ ਨੇ ਤਾਰ ਝਨੇੜੀ, ਕਾਜੂ ਰਣੀਕੇ, ਜੀਤਾ ਝਨੇੜੀ, ਬਿੰਦਾ ਧਨੌਲਾ, ਸਿੰਮਾ ਝਨੇੜੀ, ਨੰਬਰਦਾਰ ਕਪਿਆਲ ਤੇ ਬੌਸ ਖਿੱਲਰੀਆਂ ਨਾਲ ਮਿਲਕੇ ਕਬੱਡੀ ਓਪਨ ਦੀ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ।
ਬੈਸਟ ਜਾਫੀ ਬਣਕੇ ਟੈਲੀਵਿਜ਼ਨ ਜਿੱਤਿਆ
ਸਭ ਤੋਂ ਪਹਿਲੀ ਵਾਰ ਉਸਨੇ ਉੱਭਾਵਾਲ (ਸੰਗਰੂਰ) ਵਿਖੇ ਕਰਵਾਏ ਗਏ ਕਬੱਡੀ ਓਪਨ ਦੇ ਟੂਰਨਾਮੈਂਟ ‘ਚ ਨਾਮਵਰ ਟੀਮ ਯੋਧਪੁਰ ਚੀਮਾ ਵਿਰੁੱਧ ਫਾਈਨਲ ਮੈਚ ਵਿੱਚ 3 ਜੱਫੇ ਲਾ ਕੇ ਆਪਣੀ ਟੀਮ ਨੂੰ ਜੇਤੂ ਬਣਾਇਆ ਤੇ ਬੈਸਟ ਜਾਫੀ ਬਣਕੇ ਟੈਲੀਵਿਜ਼ਨ ਜਿੱਤਿਆ । ਇਸੇ ਸਾਲ ਉਹ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਖੇਡਣ ਵਾਲੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਨਾਲ ਜੁੜ ਗਿਆ । ਮੋਹਾਲੀ ਅਕੈਡਮੀ ਲਈ ਨਿਰੰਤਰ ਚਾਰ ਵਰ੍ਹੇ ਸ਼ਾਨਦਾਰ ਖੇਡ ਵਿਖਾਉਣ ਤੋਂ ਬਾਅਦ ਇਸ ਧੁਰੰਦਰ ਖਿਡਾਰੀ ਨੇ 2018 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਲਈ ਤੇ ਅਗਲੇ ਸਾਲ 2019 ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਬਾਬਾ ਸੁਖਚੈਨਆਣਾ ਕਲੱਬ ਫਗਵਾੜਾ ਦੀ ਟੀਮ ਲਈ ਬੱਲੇ-ਬੱਲੇ ਕਰਵਾਈ ।
ਕੈਨੇਡੀਅਨ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਤੇ ਵੱਖਰੀ ਛਾਪ ਛੱਡੀ
ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਤੇ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਂਕ ਵੱਲੋਂ ਅੰਤਰ ਕਾਲਜ ਟੂਰਨਾਮੈਂਟਾਂ ਵਿੱਚ ਭਾਗ ਲੈਣ ਵਾਲਾ ਪ੍ਰਦੀਪ ਕੁਮਾਰ ਬੱਬੂ ‘ਸਰਬ ਭਾਰਤੀ ਅੰਤਰ ਯੂਨੀਵਰਸਿਟੀ’ ਮੁਕਾਬਲਿਆਂ ਦੌਰਾਨ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੀ ਦੋ ਵਾਰ ਪ੍ਰਤੀਨਿਧਤਾ ਕਰਨ ਮਾਣ ਹਾਸਲ ਕਰ ਚੁੱਕਾ ਹੈ ਅਤੇ 2016 ਤੋਂ ਉਹ ਪਿੰਡ ਓਪਨ ਦੇ ਕਬੱਡੀ ਮੇਲਿਆਂ ਵਿੱਚ ਢੰਡੋਲੀ ਖੁਰਦ ਤੇ ਦਿੜ੍ਹਬਾ ਦੀਆਂ ਟੀਮਾਂ ਲਈ ਆਪਣੀ ਖੂਬਸੂਰਤ ਖੇਡ ਦਾ ਜਲਵਾ ਵਿਖਾ ਰਿਹਾ ਹੈ। ਸੰਨ 2016 ਵਿੱਚ ਬੱਬੂ ਨੇ ਪਹਿਲੀ ਵਾਰ ਵਿਦੇਸ਼ੀ ਧਰਤੀ ਕੈਨੇਡਾ ਦੇ ਘਾਹਦਾਰ ਮੈਦਾਨਾਂ ‘ਤੇ ਬਰੈਂਪਟਨ ਕਬੱਡੀ ਕਲੱਬ ਵੱਲੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕੈਨੇਡੀਅਨ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਤੇ ਵੱਖਰੀ ਛਾਪ ਛੱਡੀ ਅਤੇ ਟੀਮ ਨੂੰ ਦੋ ਟੂਰਨਾਮੈਂਟਾਂ ਦੀ ਵਿਜੇਤਾ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
2017, 2018 ਤੇ 2019 ਵਿੱਚ ਲਗਾਤਾਰ ਤਿੰਨ ਸਾਲ ਦੁਬਈ ਦੇ ਖੇਡ ਮੇਲਿਆਂ ‘ਤੇ ਵੀ ਬੱਬੂ ਆਪਣੀ ਜ਼ਬਰਦਸਤ ਖੇਡ ਦਾ ਲੋਹਾ ਮਨਵਾ ਚੁੱਕਾ ਹੈ। ਗਲੋਬਲ ਕਬੱਡੀ ਲੀਗ-2018 ਦੌਰਾਨ ਦਿੱਲੀ ਟਾਈਗਰਜ਼ ਦੀ ਟੀਮ ਲਈ ਖੇਡਦਿਆਂ ਪੀਟੀਸੀ ਚੈਨਲ ਰਾਹੀਂ ਸਮੁੱਚੇ ਕਬੱਡੀ ਜਗਤ ਦੀਆਂ ਨਜ਼ਰਾਂ ਨੂੰ ਦਿਸਣ ਵਾਲਾ ਬੱਬੂ ਇਸੇ ਸਾਲ ਕੈਨੇਡਾ ‘ਚ ਐਬਟਸਫੋਰਡ ਕਲੱਬ ਲਈ ਖੇਡਿਆ ਤੇ ਅਸਟਰੇਲੀਆ ਦੇ ਖੇਡ ਮੇਲਿਆਂ ਦਾ ਵੀ ਹਿੱਸਾ ਬਣਿਆ।
ਪਹਿਲੀ ਵਾਰ ਜ਼ਿਲ੍ਹਾ ਸੰਗਰੂਰ ਨੂੰ ਚੈਂਪੀਅਨ ਬਣਾਉਣ
ਚੱਲ ਰਹੇ ਵਰ੍ਹੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੈਂਪੀਅਨਸ਼ਿਪ ‘ਤੇ ਬੱਬੂ ਝਨੇੜੀ ਨੇ ਸੰਗਰੂਰ ਦੀ ਟੀਮ ਵੱਲੋਂ ਫਾਈਨਲ ਮੈਚ ਵਿੱਚ ਹਮਲਾਵਰ ਖੇਡ ਦਿਖਾਉਂਦਿਆਂ ਤਰਨਤਾਰਨ ਦੇ ਰੇਡਰਾਂ ਨੂੰ ਚਾਰ ਜੱਫੇ ਲਾ ਕੇ ਪਹਿਲੀ ਵਾਰ ਜ਼ਿਲ੍ਹਾ ਸੰਗਰੂਰ ਨੂੰ ਚੈਂਪੀਅਨ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ । ਇੱਥੇ ਵਰਣਨਯੋਗ ਹੈ ਕਿ ਇਸੇ ਸਾਲ ਹੀ ਪ੍ਰਦੀਪ ਕੁਮਾਰ ਬੱਬੂ ਨੇ ਪੰਜਾਬ ਦੇ ਖੇਡ ਮੇਲਿਆਂ ਤੇ ਢੰਡੋਲੀ ਖੁਰਦ ਦੀ ਟੀਮ ਲਈ ਧੜੱਲੇਦਾਰ ਖੇਡ ਵਿਖਾਉਂਦਿਆਂ ਲਗਾਤਾਰ ਗਿਆਰਾਂ ਦਿਨ ਆਪਣੀ ਟੀਮ ਨੂੰ ਜੇਤੂ ਬਣਾਇਆ ਤੇ ਨਿਰੰਤਰ ਗਿਆਰਾਂ ਦਿਨ ਹੀ ਬੱਬੂ ਟੂਰਨਾਮੈਂਟਾਂ ਦਾ ਉੱਤਮ ਜਾਫੀ ਘੋਸ਼ਿਤ ਹੁੰਦਾ ਰਿਹਾ, ਜੋ ਕਿ ਕਬੱਡੀ ਜਗਤ ਦਾ ਇੱਕ ਵਿਲੱਖਣ ਰਿਕਾਰਡ ਹੈ ।
ਬੱਬੂ, ਪਿੰਡ ਝਨੇੜੀ ਦੇ ਸਾਬਕਾ ਸਰਪੰਚ ਸ੍ਰ. ਮਾਲਵਿੰਦਰ ਸਿੰਘ ਮਾਲਾ ਵੱਲੋਂ ਬੁਲਟ ਨਾਲ, ਮੌਜੂਦਾ ਸਰਪੰਚ ਸ੍ਰ. ਮੇਜਰ ਸਿੰਘ ਵੱਲੋਂ 31,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ । ਵਰਤਮਾਨ ਸਮੇਂ ਦੀ ਕਬੱਡੀ ਦਾ ਹੀਰੋ ਬੱਬੂ ਆਪਣੀ ਕਾਮਯਾਬ ਖੇਡ ਸਦਕਾ ਹੁਣ ਤੱਕ ਸਰਵੋਤਮ ਜਾਫੀ ਬਣਕੇ 1 ਜੀਪ, 1 ਘੋੜਾ, 1 ਬੁਲਟ, 43 ਮੋਟਰਸਾਈਕਲ, ਅਣਗਿਣਤ ਵਾਰ ਸੋਨੇ ਦੀਆਂ ਮੁੰਦੀਆਂ, ਟੈਲੀਵਿਜ਼ਨ, ਫਰਿੱਜ, ਕੂਲਰ, ਵਾਸ਼ਿੰਗ ਮਸ਼ੀਨਾਂ ਅਤੇ ਨਕਦ ਰਾਸ਼ੀ ਜਿੱਤ ਚੁੱਕਾ ਹੈ ।
ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਬੱਡੀ ਦੀ ਬਦੌਲਤ ਹਰ ਪੱਖੋਂ ਖੁਸ਼ਹਾਲ ਬਣਿਆ ਪ੍ਰਦੀਪ ਕੁਮਾਰ (ਬੱਬੂ ਝਨੇੜੀ) ਲੰਮਾ ਸਮਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਿਆ ਰਹੇ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ