Jyoti Malhotra: ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ
Jyoti Malhotra: ਚੰਡੀਗੜ੍ਹ (ਬਿਊਰੋ)। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਨਾਲ ਜੁੜੇ ਜਾਸੂਸੀ ਨੈੱਟਵਰਕ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਹਿਸਾਰ ਦੀ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ਦਾ ਨਾਂਅ ਸਭ ਤੋਂ ਮਹੱਤਵਪੂਰਨ ਹੈ।
ਜੋਤੀ (Jyoti Malhotra) ਦੀ ਗ੍ਰਿਫ਼ਤਾਰੀ ਪੰਜਾਬ ਦੇ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤੀ ਗਈ ਗਜ਼ਾਲਾ ਨਾਂਅ ਦੀ ਇੱਕ ਔਰਤ ਤੋਂ ਪੁੱਛਗਿੱਛ ਤੋਂ ਬਾਅਦ ਹੋਈ, ਜਿਸ ਵਿੱਚ ਜਾਸੂਸੀ ਨੈੱਟਵਰਕ ਨਾਲ ਜੁੜੇ ਕਈ ਹੋਰ ਲੋਕਾਂ ਦੇ ਨਾਵਾਂ ਦਾ ਖੁਲਾਸਾ ਹੋਇਆ। ਜੋਤੀ ਮਲਹੋਤਰਾ ਜਾਸੂਸੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਹ ਆਪਣੇ ਟਰੈਵਲ ਯੂਟਿਊਬ ਚੈਨਲ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
Jyoti Malhotra
ਡੀਐੱਸਪੀ ਕਮਲਜੀਤ ਨੇ ਕਿਹਾ ਕਿ ਸਾਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਅਸੀਂ ਜੋਤੀ ਨੂੰ ਅਧਿਕਾਰਤ ਭੇਦ ਐਕਟ ਅਤੇ ਬੀਐੱਨਐੱਸ ਦੀ ਧਾਰਾ 152 ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਦਾ ਮੋਬਾਇਲ ਅਤੇ ਲੈਪਟਾਪ ਬਰਾਮਦ ਕਰਨ ਤੋਂ ਬਾਅਦ ਕੁਝ ਸ਼ੱਕੀ ਚੀਜ਼ਾਂ ਮਿਲੀਆਂ ਹਨ। ਅਸੀਂ ਉਸ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਲੈ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਉਹ ਲਗਾਤਾਰ ਇੱਕ ਪਾਕਿਸਤਾਨੀ ਨਾਗਰਿਕ ਦੇ ਸੰਪਰਕ ਵਿੱਚ ਸੀ। Jyoti Malhotra
ਮਿਲੀ ਜਾਣਕਾਰੀ ਅਨੁਸਾਰ ਜੋਤੀ ਪਿਛਲੇ ਦੋ ਸਾਲਾਂ ਵਿੱਚ ਤਿੰਨ ਵਾਰ ਪਾਕਿਸਤਾਨ, ਇੱਕ ਵਾਰ ਚੀਨ ਅਤੇ ਯੂਏਈ, ਬੰਗਲਾਦੇਸ਼, ਭੂਟਾਨ ਅਤੇ ਥਾਈਲੈਂਡ ਦਾ ਦੌਰਾ ਕਰ ਚੁੱਕੀ ਹੈ। ਜਾਂਚ ਤੋਂ ਪਤਾ ਲੱਗਾ ਕਿ ਦੋ ਸਾਲ ਪਹਿਲਾਂ ਉਹ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦਾਨਿਸ਼ ਦੇ ਸੰਪਰਕ ਵਿੱਚ ਆਈ ਸੀ।
ਪਾਕਿਸਤਾਨ ਦੀ ਆਪਣੀ ਫੇਰੀ ਦੌਰਾਨ ਜੋਤੀ ਉੱਥੇ ਖੁਫੀਆ ਅਧਿਕਾਰੀਆਂ ਅਤੇ ਹੋਰ ਸ਼ੱਕੀ ਵਿਅਕਤੀਆਂ ਨੂੰ ਮਿਲੀ। ਭਾਰਤ ਵਾਪਸ ਆਉਣ ਤੋਂ ਬਾਅਦ ਉਸ ਨੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਅਤੇ ਪਾਕਿਸਤਾਨ ਦੀ ਇੱਕ ਸਕਾਰਾਤਮਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ।
ਪੰਜਾਬ ਪੁਲਿਸ ਨੇ ਗ਼ਜ਼ਾਲਾ ਅਤੇ ਉਸ ਦੇ ਸਾਥੀ ਯਾਮੀਨ ਮੁਹੰਮਦ ਨੂੰ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਗਜ਼ਾਲਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦਾ ਕੰਮ ਦਾਨਿਸ਼ ਤੋਂ ਪੈਸੇ ਲੈ ਕੇ ਜਾਸੂਸਾਂ ਤੱਕ ਪਹੁੰਚਾਉਣਾ ਸੀ, ਜਦੋਂ ਕਿ ਯਾਮੀਨ ਵੀ ਦਾਨਿਸ਼ ਦੇ ਸੰਪਰਕ ਵਿੱਚ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਜੋਤੀ ਨੇ ਨਾ ਸਿਰਫ਼ ਗੁਪਤ ਜਾਣਕਾਰੀ ਲੀਕ ਕੀਤੀ, ਸਗੋ ਆਈਐੱਸਆਈ ਦੇ ਇਸ਼ਾਰੇ ’ਤੇ ਭਾਰਤ ਵਿਰੁੱਧ ਪ੍ਰਚਾਰ ਵੀ ਫੈਲਾਇਆ। ਉਸ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤੇ ਗਏ ਕੁਝ ਵੀਡੀਓਜ਼ ਦੀ ਵੀ ਸ਼ੱਕੀ ਸਮੱਗਰੀ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ ਜੋਤੀ ਦੇ ਬੈਂਕ ਖਾਤਿਆਂ, ਯਾਤਰਾ ਵੇਰਵਿਆਂ ਅਤੇ ਉਨ੍ਹਾਂ ਲੋਕਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ, ਜਿਨ੍ਹਾਂ ਨਾਲ ਉਹ ਸੰਪਰਕ ਵਿੱਚ ਸੀ।