ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More

    Jugni Hall in Corona : ਕੋਰੋਨਾ ‘ਚ ਜੁਗਨੀ ਦਾ ਹਾਲ

    Corona India

    ਕੋਰੋਨਾ ‘ਚ ਜੁਗਨੀ ਦਾ ਹਾਲ

    ਕਾਹਦਾ ਆ ਗਿਆ ਇਹ ਕੋਰੋਨਾ,
    ਇਵੇਂ ਗੁਜ਼ਾਰਾ ਕਿੱਦਾਂ ਹੋਣਾ।
    ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।
    ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।
    ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,
    ਮੂੰਹ ‘ਤੇ ਮਾਸਕ ਜ਼ਰੂਰ ਲਗਾਵੇ।
    ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸੈਨੀਟਾਈਜ਼ਰ ਕਰਦੀ ਐ।

    ਜੁਗਨੀ ਚਲਾਨ ਹੋਣ ਤੋਂ ਡਰਦੀ ਐ।
    ਜੁਗਨੀ ਵੜ ਗਈ ਸਬਜ਼ੀ ਮੰਡੀ,
    ਵੇਖਦੀ ਆਲੂ, ਪਿਆਜ਼ ਤੇ ਭਿੰਡੀ।
    ਅਮਰੂਦ ਨੂੰ ਵੱਢ ਕੇ ਦੇਖੇ ਦੰਦੀ, ਕਹਿੰਦੀ ਦੱਸ ਭਾਈ ਕਿੱਦਾਂ ਲਾਏ ਆ।
    ਮਹਿੰਗਾਈ ਨੇ ਬਹੁਤ ਸਤਾਏ ਆ।
    ਨਾ ਬੱਚੇ ਗਏ ਸਕੂਲ ਇੱਕ ਵਾਰੀ,
    ਘਰ ਹੀ ਰਹਿੰਦੇ ਦਿਹਾੜੀ ਸਾਰੀ।
    ਫੀਸਾਂ ਵਾਲਿਆਂ ਨੇ ਮੱਤ ਮਾਰੀ, ਜੁਗਨੀ ਫਸ ਗਈ ਏ ਵਿੱਚ ਚੱਕਰ ਦੇ।
    ਨਿੱਤ ਫੀਸਾਂ ਵਾਲ਼ੇ ਟੱਕਰਦੇ।
    ਜੁਗਨੀ ਤੰਗ ਬੱਚਿਆਂ ਤੋਂ ਆਈ,
    ਕਰਦੇ ਆਨਲਾਈਨ ਹੀ ਪੜ੍ਹਾਈ।
    ਰਹਿੰਦੇ ਫ਼ੋਨ ‘ਤੇ ਨਜ਼ਰ ਟਿਕਾਈ, ਬਈ ਅੱਖਾਂ ਨੂੰ ਦਿਸਣਾ ਘਟਦਾ ਏ।
    ਨਾ ਮੁੰਡਾ ਮੋਬਾਈਲ ਦੇਖਣੋਂ ਹਟਦਾ ਏ।
    ਜੁਗਨੀ ਨਿੱਤ ਦਿਹਾੜੀ ਜਾਵੇ,
    ਮਸਾਂ 300 ਰੁਪਈਆ ਕਮਾਵੇ।
    ਸ਼ਾਮ ਤੱਕ ਉਹ ਵੀ ਖਰਚਿਆ ਜਾਵੇ, ਬਈ ਬਿਜਲੀ ਦਾ ਆ ਗਿਆ ਫ਼ਰਲਾ ਏ।
    ਕਰਦੀ ਲਾਕਡਾਊਨ ਨੂੰ ਤਰਲਾ ਏ।
    ਜੁਗਨੀ ਜਾ ਕੇ ਬੈਂਕ ‘ਚ ਵੜ ਗਈ,
    ਕਾਊਂਟਰ ਅੱਗੇ ਜਾ ਕੇ ਖੜ੍ਹ ਗਈ।
    ਲਾਈਨ ਦੇ ਵਿੱਚੇ ਜਾ ਕੇ ਅੜ ਗਈ, ਪੈਸੇ ਕਢਾਉਣ ਦਾ ਵਾਊਚਰ ਭਰਦੀ ਏ।
    ਨਾਲ਼ੇ ਕਿਸ਼ਤ ਮਕਾਨ ਦੀ ਭਰਦੀ ਏ।
    ਜੁਗਨੀ ਥੱਕ-ਹਾਰ ਕੇ ਬਹਿ ਗਈ,
    ‘ਗੁਰਵਿੰਦਰ’ ਨਾਲ਼ ਗੱਲੀਂ ਪੈ ਗਈ।
    ਕਹਿੰਦੀ ਟੀ.ਵੀ. ਵਾਲ਼ੀ ਕਹਿ ਗਈ, ਅੰਕੜਾ ਨਿੱਤ ਤੇਜ਼ੀ ਨਾਲ਼ ਵਧਦਾ ਏ।
    ਹੁਣ ਰੱਬ ਹੀ ਰਾਖਾ ਲੱਗਦਾ ਏ।
    ਗੁਰਵਿੰਦਰ ਸਿੰਘ ‘ਉੱਪਲ’
    ਈ.ਟੀ.ਟੀ. ਅਧਿਆਪਕ,
    ਸ.ਪ੍ਰਾ.ਸ. ਦੌਲੋਵਾਲ (ਸੰਗਰੂਰ)
    ਮੋ. 98411-45000

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.