ਮੁੱਖ ਮੰਤਰੀ ਦੀ ਮਾਨਸਾ ਫੇਰੀ ਮੌਕੇ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਾਂਝੇ ਅਧਿਆਪਕ ਮੋਰਚੇ ਵੱਲੋਂ ਦਿੱਤੇ ਤਹਿਸੀਲ ਪੱਧਰੀ ਅਤੇ ਐਕਸ਼ਨਾਂ ਦੇ ਸੱਦੇ ਤਹਿਤ ਸਥਾਨਕ ਕਾਲਜ ਗਰਾਉਂਡ ਨਾਭਾ ਵਿਖੇ ਜਥੇਬੰਦੀ ਦੀ ਤਹਿਸੀਲ ਪੱਧਰੀ ਇਕਾਈ ਵੱਲੋਂ ਵਿਸੇਸ ਇਕੱਤਰਤਾ ਰੱਖੀ ਗਈ। ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਸਖਤ ਰੋਸ ਜਾਹਰ ਕੀਤਾ ਗਿਆ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਰਾਮ ਸ਼ਰਨ, ਜਗਪ੍ਰੀਤ ਭਾਟੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਨਕਸ਼ੇ ਕਦਮਾਂ ਉਪਰ ਹੀ ਚੱਲ ਰਹੀ ਹੈ। ਜਿਸ ਦਾ ਪ੍ਰਗਟਾਵਾ ਮੌਜੂਦਾ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ਬਾਰੇ ਵੱਖ-ਵੱਖ ਸਟੇਜਾਂ ਤੋਂ ਕੀਤੀਆਂ ਗੈਰ ਜਿੰਮੇਵਾਰਾਨਾ ਟਿੱਪਣੀਆਂ ਕਰਨ, ਸੰਘਰਸ਼ੀ ਲੋਕਾਂ ਉੱਪਰ ਪੁਲਿਸ ਕੇਸ ਦਰਜ ਕਰਨ ਅਤੇ ਡੀ.ਜੇ. ਚਲਾ ਕੇ ਲੋਕਾਂ ਦੀ ਆਵਾਜ ਦਬਾਉਣ ਵਰਗੇ ਗੈਰਵਾਜਬ ਫ਼ੈਸਲਿਆਂ ਤੋਂ ਸਾਫ ਜਾਹਰ ਹੁੰਦਾ ਹੈ।
ਆਗੂਆਂ ਨੇ ਮਾਨਸਾ ਵਿਖੇ ਬੇਰੁਜ਼ਗਾਰਾਂ ਉੱਪਰ ਹੋਏ ਪੁੁਲਸੀਆ ਤਸ਼ੱਦਦ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਸ਼ਰਮਨਾਕ ਘਟਨਾ ਕਰਾਰ ਦਿੱਤਾ। ਮੋਰਚੇ ਨੇ ਕੱਚੇ ਮੁਲਾਜਮ ਪੱਕੇ ਕਰਨ, ਬੇਰੁਜਗਾਰਾਂ ਨੂੰ ਪੱਕਾ ਸਰਕਾਰੀ ਰੁਜਗਾਰ ਦੇਣ, ਨਵੀਆਂ ਭਰਤੀਆਂ ਮੁਕੰਮਲ ਕਰਨ ਅਤੇ ਮਾਨਸਾ ਲਾਠੀਚਾਰਜ ਲਈ ਜਿੰਮੇਵਾਰ ਡੀ ਐੱਸ ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਸੁਖਨਦੀਪ ਸਿੰਘ, ਰਜਿੰਦਰ ਸਿੰਘ ਰਾਣਾ, ਜਗਤਾਰ ਜੱਗੀ, ਮੈਡਮ ਸੁਖਜਿੰਦਰ, ਅੰਜਨਾ ਕੁਮਾਰੀ, ਰਮਨਜੀਤ ਕੌਰ, ਟੇਨੀ ਕੁਮਾਰ, ਬੀਰਬਲ, ਵਿਕਾਸ ਸਹਿਗਲ, ਜਸਵਿੰਦਰਪਾਲ ਸਰਮਾ ਅਤੇ ਦੀਪਕ ਕੁਮਾਰ ਆਦਿ ਅਧਿਆਪਕ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ