ਲਗਾਤਾਰ 94 ਫੀਸਦੀ ਦੀ ਦੁਹਾਈ ਪਾਉਣ ਵਾਲੇ ਸਿੱਖਿਆ ਸਕੱਤਰ ਤੇ ਪੰਜਾਬ ਸਰਕਾਰ ਦਾ ਝੂਠ ਬੇਪਰਦ : ਆਗੂ
ਅਧਿਆਪਕਾਂ ਦਾ ਪੱਕਾ ਮੋਰਚਾ ਤੇ ਮਰਨ ਵਰਤ ਗਿਆਰਵੇਂ ਦਿਨ ‘ਚ ਸ਼ਾਮਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਹੇ ਸੰਘਰਸ਼ ਦੌਰਾਨ ਅਧਿਆਪਕਾਂ ਵੱਲੋਂ ਅੱਜ ਮਾਡਲ ਟਾਊਨ ਪਟਿਆਲਾ ਵਿਖੇ ਸਥਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਰਕਾਰੀ ਰਿਹਾਇਸ਼ ਤੱਕ ਰੋਸ ਮਾਰਚ ਕਰਕੇ ਉਸਦੇ ਪੁਤਲੇ ਨੂੰ ਲਾਂਬੂ ਲਗਾਇਆ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਸਿੱÎਖਿਆ ਸਕੱਤਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਗੁੰਮਰਾਹਕੁੰਨ ਪ੍ਰਚਾਰ ਦਾ ਕਰਤਾ-ਧਰਤਾ ਦੱਸਿਆ।
ਇੱਧਰ ਪੱਕੇ ਮੋਰਚੇ ਤੇ ਮਰਨ ਵਰਤ ਅੱਜ ਗਿਆਰਵੇਂ ਦਿਨ ‘ਚ ਸ਼ਾਮਲ ਹੋ ਗਿਆ ਹੈ। ਅੱਜ ਦੁਪਹਿਰ ਤੋਂ ਬਾਅਦ ਮੁਕਤਸਰ, ਫਰੀਦਕੋਟ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਚੱਲ ਰਹੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਧਰਨੇ ਤੋਂ ਮਾਰਚ ਸ਼ੁਰੂ ਕਰਦਿਆਂ ਮਾਡਲ ਟਾਊਨ ਵਿਖੇ ਸਥਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਘਰ ਅੱਗੇ ਉਸਦਾ ਪੁਤਲਾ ਫੂਕਦਿਆਂ ਉਸ ਖਿਲਾਫ਼ ਡਡੌਤ ਪਿੱਟੀ ਗਈ।
ਉਂਜ ਇਸ ਦੌਰਾਨ ਉਨ੍ਹਾਂ ਦੇ ਘਰ ਕੋਈ ਨਹੀਂ ਸੀ। ਅਧਿਆਪਕਾਂ ਨੇ ਕਿਹਾ ਕਿ ਤਨਖਾਹਾਂ ‘ਤੇ ਵੱਡੇ ਕੱਟ ਲਗਾਉਣ ਦੀ ਖੇਡੀ ਜਾ ਰਹੀ ਖੇਡ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਸਿੱਖਿਆ ਸਕੱਤਰ ਤੋਂ ਲੁਧਿਆਣਾ ਦੇ ਐੱਮ.ਐੱਲ.ਏ. ਵੱਲੋਂ 94% ਅਧਿਆਪਕਾਂ ਦੀ ਸਹਿਮਤੀ ਦੀ ਜਾਣਕਾਰੀ ਮੰਗੀ ਜਾਣ ‘ਤੇ ਸਿੱਖਿਆ ਸਕੱਤਰ ਕੋਈ ਵੀ ਠੋਸ ਤੱਥ ਜਾਂ ਦਸਤਾਵੇਜ ਪੇਸ਼ ਨਾ ਕਰ ਸਕੇ। ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਫਾਸ਼ ਹੋਣ ‘ਤੇ ਅਧਿਆਪਕਾਂ ਨੇ ਕਿਹਾ ਕਿ ਸਿਰਫ਼ ਗੁੰਮਰਾਹ ਕਰਨ ਲਈ ਹੀ ਅਜਿਹੇ ਬਿਆਨ ਦਾਗੇ ਜਾ ਰਹੇ ਹਨ।
ਅਧਿਆਪਕ ਆਗੂਆਂ ਸੁਖਵਿੰਦਰ ਚਾਹਲ, ਦਵਿੰਦਰ ਪੂਨੀਆ, ਬਲਕਾਰ ਬਲਟੋਹਾ, ਹਰਜੀਤ ਬਸੋਤਾ ਅਤੇ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਪੱਤਰਕਾਰ ਵੱਲੋਂ ਸਿੱਖਿਆ ਮੰਤਰੀ ਤੋਂ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਦਾ ਡਾਟਾ ਮੰਗੇ ਜਾਣ ‘ਤੇ ਉਨ੍ਹਾਂ ਇਹ ਮਸਲਾ ਸਿੱਖਿਆ ਸਕੱਤਰ ਕੋਲ ਹੋਣ ਦੀ ਗੱਲ ਆਖ ਕੇ ਪਾਸਾ ਵੱਟ ਲਿਆ ਸੀ
ਆਪਣੇ ਵੱਲੋਂ ਬੁਣੇ ਝੂਠ ਦੇ ਤਾਣੇ ‘ਚ ਉਲਝਦੇ ਜਾ ਰਹੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕੋਈ ਠੋਸ ਅੰਕੜੇ ਜਾ ਜਾਣਕਾਰੀ ਪੇਸ਼ ਕਰਨ ਦੀ ਥਾਂ ਹੁਣ ਇਸ ਦੀ ਜਿੰਮੇਵਾਰੀ ਇੱਕ ਦੂਸਰੇ ਦੇ ਸਿਰ ਮੜ੍ਹਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਦਰਮਿਆਨ ਚਲ ਰਹੇ ਮਰਨ ਵਰਤ ਦੇ ਗਿਆਰਵੇਂ ਦਿਨ ‘ਚ ਪੁੱਜਣ ਤੇ ਮਰਨ ਵਰਤ ‘ਚ ਸ਼ਾਮਲ ਛੇ ਮਹਿਲਾ ਅਧਿਆਪਕਾਂ ਸਮੇਤ ਕੁੱਲ ਸਤਾਰਾਂ ਅਧਿਆਪਕਾਂ ‘ਚੋਂ ਵੱਡੀ ਗਿਣਤੀ ਅਧਿਆਪਕਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ।
ਆਗੂਆਂ ਨੇ ਆਖਿਆ ਕਿ ਝੂਠੇ ਅੰਕੜਿਆਂ ਦੇ ਆਧਾਰ ‘ਤੇ ਅਧਿਆਪਕਾਂ ਦਾ ਗਲ ਘੁੱਟਣ ਲਈ ਯਤਨਸ਼ੀਲ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਘਟੀਆ ਤੇ ਨਿੰਦਣਯੋਗ ਰਵੱਈਏ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੂਰਾ ਹਫਤਾ ਕਾਲੇ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅੱਜ ਸਰਕਾਰ ਦੇ ਪੁਤਲੇ ਫੂਕ ਕੇ ਅਧਿਆਪਕ ਮਨਾਉਣਗੇ ਦੁਸਹਿਰਾ
ਮੋਰਚੇ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 18 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਉਸਦੇ ਮੰਤਰੀਆਂ ਦੇ ਵੱਡ ਆਕਾਰੀ ਬੁੱਤ ਬਣਾ ਕੇ ਉਨ੍ਹਾਂ ਨੂੰ ਲਾਂਬੂ ਲਾਉਂਦਿਆਂ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ। ਇੱਥੇ ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਅਧਿਆਪਕ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ। ਬਾਕੀ ਹੈੱਡ ਕੁਆਟਰਾਂ ‘ਤੇ ਵੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।