(ਸੁਖਜੀਤ ਮਾਨ) ਮਾਨਸਾ। ਪੰਜਾਬ ਵਿਜੀਲੈਂਸ ਬਿਊਰੋ ਟੀਮ ਨੇ ਬੀਤੀ ਰਾਤ ਨਗਰ ਕੌਂਸਲ ਮਾਨਸਾ ਵਿਖੇ ਤਾਇਨਾਤ ਜੇਈ ਜਤਿੰਦਰ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਰਿਸ਼ਵਤ ਮਾਮਲੇ ’ਚ ਵਿਜੀਲੈਂਸ ਨੇ ਨਗਰ ਕੌਂਸਲ ਦੇ 6 ਜਣਿਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ ਜੋ ਰਿਸ਼ਵਤ ਮੰਗਦੇ ਸਨ, ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। Bribe
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਤਿੰਦਰ ਸਿੰਘ ਜੇਈ ਵਿਰੁੱਧ ਇਹ ਮੁਕੱਦਮਾ ਪਿੰਡ ਖੀਵਾਂ ਕਲਾਂ ਕੋਆਪ੍ਰੇਟਿਵ ਕਿਰਤ ਸੁਸਾਇਟੀ ਅਤੇ ਉਸਾਰੀ ਸਭਾ ਦੇ ਪ੍ਰਧਾਨ ਸੁਰਿੰਦਰ ਗਰਗ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਜੇਈ ਵੱਲੋਂ ਕਸਤੂਰਬਾ ਗਾਂਧੀ ਹੋਸਟਲ ਬਰੇਟਾ (ਮਾਨਸਾ) ਦੇ ਉਸਾਰੀ ਕਾਰਜਾਂ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਪਹਿਲਾਂ ਹੀ ਅਕਤੂਬਰ 2022 ਵਿੱਚ ਇੱਕ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਹੋਇਆ ਹੈ। Bribe
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਸੁਸਾਇਟੀ ਨੂੰ ਨਗਰ ਕੌਂਸਲ ਮਾਨਸਾ ਵੱਲੋਂ ਬਿਜਲੀ ਦੀ ਸਪਲਾਈ, ਗਲੀਆਂ ਦੀ ਉਸਾਰੀ ਦੇ ਕੰਮ ਅਤੇ ਹੋਰ ਕਈ ਕੰਮ ਅਲਾਟ ਹੋਏ ਸਨ। ਇਸ ਸਬੰਧੀ ਸੁਸਾਇਟੀ ਵੱਲੋਂ ਕੰਮ ਮੁਕੰਮਲ ਕਰਨ ਉਪਰੰਤ ਅਦਾਇਗੀ ਕਰਨ ਲਈ ਬਿੱਲ ਨਗਰ ਕੌਂਸਲ ਮਾਨਸਾ ਵਿਖੇ ਭੇਜੇ ਗਏ ਸਨ ਪਰ ਅਦਾਇਗੀ ਕਰਨ ਲਈ ਉਕਤ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ), ਜੂਨੀਅਰ ਇੰਜੀਨੀਅਰ (ਜੇਈ), ਸਹਾਇਕ ਨਗਰ ਕੌਂਸਲ ਇੰਜੀਨੀਅਰ (ਏਐੱਮਈ), ਲੇਖਾਕਾਰ, ਕਲਰਕ ਅਤੇ ਕੰਪਿਊਟਰ ਅਪਰੇਟਰ ਵੱਲੋਂ ਉਸ ਕੋਲੋਂ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: NDA Alliance: ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਅਸਤੀਫਾ ਕੀਤਾ ਮਨਜ਼ੂਰ, 17ਵੀਂ ਲੋਕ ਸਭਾ ਭੰਗ
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਜਤਿੰਦਰ ਸਿੰਘ ਜੇਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਬਿੱਲ ਪਾਸ ਕਰਨ ਬਦਲੇ ਕਮਿਸ਼ਨ ਦੇ ਤੌਰ ’ਤੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਬੀਤੀ ਰਾਤ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਮੁਲਜ਼ਮ ਦੇ ਕਬਜ਼ੇ ’ਚੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ |Bribe
ਵਿਜੀਲੈਂਸ ਟੀਮ ਨੇ ਮੌਕੇ ’ਤੇ ਹੀ ਮੁਲਜ਼ਮ ਦੇ ਕਬਜ਼ੇ ’ਚੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ। ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਨਗਰ ਕੌਂਸਲ ਮਾਨਸਾ ਦੇ ਈਓ ਅੰਮ੍ਰਿਤ ਲਾਲ, ਜੇਈ ਜਤਿੰਦਰ ਸਿੰਘ, ਏਐੱਮਈ ਗਗਨਦੀਪ ਸਿੰਘ, ਕਲਰਕ ਅਕਾਊਂਟ ਬ੍ਰਾਂਚ ਅਮਨਦੀਪ ਸਿੰਘ, ਲੇਖਾਕਾਰ ਸ਼ਾਮ ਲਾਲ ਅਤੇ ਕੰਪਿਊਟਰ ਅਪਰੇਟਰ ਰਾਜਪਾਲ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਜਤਿੰਦਰ ਸਿੰਘ ਜੇਈ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। Bribe
ਬਾਕੀਆਂ ਦੀ ਭਾਲ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ : ਬੁਲਾਰਾ
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਵਿਜੀਲੈਂਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਮਲੇ ਚ ਨਾਮਜ਼ਦ ਵਿਅਕਤੀਆਂ ਤੋਂ ਇਲਾਵਾ ਕਿਸੇ ਹੋਰ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।