ਚੰਡੀਗੜ (ਅਸ਼ਵਨੀ ਚਾਵਲਾ)। ਅੱਧੀ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਾਉਣ ਲਈ ਲੈ ਕੇ ਆਏ ਸੁਨੀਲ (Sunil Jakhar) ਜਾਖੜ ਖ਼ੁਦ ਹੀ ਮੁੱਖ ਮੰਤਰੀ ਤੋਂ ਨਰਾਜ਼ ਹੋ ਗਏ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿਰਫ਼ ਨਰਾਜ਼ ਹੀ ਨਹੀਂ ਹੋਏ ਸਨ ਸਗੋਂ ਉਨ੍ਹਾਂ ਨਾਲ ਹੋਈ ਬਦਸਲੂਕੀ ਸਬੰਧੀ ਹੁਣ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਕਦੇ ਵੀ ਨਾ ਆਉਣ ਦਾ ਐਲਾਨ ਤੱਕ ਕਰ ਦਿੱਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਬੁੱਧਵਾਰ ਸ਼ਾਮ ਨੂੰ 5:30 ਵਜੇ ਮੀਟਿੰਗ ਤੈਅ ਸੀ, ਜਿਸ ਦੌਰਾਨ ਸੁਨੀਲ ਜਾਖੜ ਤੈਅ ਸਮੇਂ ਤੋਂ 35 ਮਿੰਟ ਪਹਿਲਾਂ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਪੁੱਜ ਗਏ, ਜਿਥੇ ਕਿ ਉਹ ਜਿਵੇਂ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋਣ ਲੱਗੇ ਤਾਂ ਬਾਹਰ ਖੜ੍ਹੇ ਇੱਕ ਪੁਲਿਸ ਇੰਸਪੈਕਟਰ ਨੇ ਉਨ੍ਹਾਂ ਨੂੰ ਮੋਬਾਇਲ ਫੋਨ ਬਾਹਰ ਰੱਖ ਕੇ ਜਾਣ ਲਈ ਕਹਿ ਦਿੱਤਾ। ਇਸ ਗੱਲ ‘ਤੇ ਤਿੱਖੀ ਬਹਿਸ ਹੋ ਗਈ ਅਤੇ ਇੰਸਪੈਕਟਰ ਨੇ ਮੋਬਾਇਲ ਦੇ ਨਾਲ ਅੰਦਰ ਜਾਣ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ : ਕੱਚੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਜ਼ੋਰਦਾਰ ਝੜਪ, ਕਈ ਜਖ਼ਮੀ, ਹਿਰਾਸਤ ’ਚ ਲਈਆਂ ਅਧਿਆਪਕਾਵਾਂ
ਇਹ ਸਾਰੀ ਬਦਸਲੂਕੀ ਅੱਧੀ ਦਰਜਨ ਮੌਜੂਦਾ ਵਿਧਾਇਕ ਅਤੇ ਇੱਕ ਦਰਜਨ ਸਾਬਕਾ ਵਿਧਾਇਕਾਂ ਦੋਵਾਂ ਵਿਚਾਲੇ ਸਾਹਮਣੇ ਹੁੰਦੀ ਦੇਖ ਸੁਨੀਲ ਜਾਖੜ ਵੱਟ ਖਾ ਗਏ ਅਤੇ ਉਹ ਬਿਨਾਂ ਮੋਬਾਇਲ ਅੰਦਰ ਜਾਣ ਦੀ ਥਾਂ ‘ਤੇ ਮੁੱਖ ਮੰਤਰੀ ਦੇ ਦਫ਼ਤਰ ਨਾਲ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਦਫ਼ਤਰ ਵਿੱਚ ਬੈਠ ਗਏ, ਜਿਥੋਂ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜ ਦਿੱਤਾ ਕਿ ਉਨ੍ਹਾਂ ਨੂੰ ਮੋਬਾਇਲ ਦੇ ਨਾਲ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ।
ਸੁਨੀਲ (Sunil Jakhar) ਜਾਖੜ ਸੁਨੇਹਾ ਭੇਜਣ ਤੋਂ ਬਾਅਦ ਲਗਭਗ 10 ਮਿੰਟਾਂ ਤੱਕ ਇੰਤਜ਼ਾਰ ਕਰਦੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਨੂੰ ਮੋਬਾਇਲ ਸਣੇ ਅੰਦਰ ਸੱਦ ਲੈਣਗੇ ਪਰ ਜਦੋਂ ਕੋਈ ਸੁਨੇਹਾ ਨਾ ਆਇਆ ਤਾਂ ਉਹ ਨਰਾਜ਼ ਹੋ ਕੇ ਅਮਰਿੰਦਰ ਸਿੰਘ ਨੂੰ ਮਿਲੇ ਹੀ ਮੌਕੇ ਤੋਂ ਚਲੇ ਗਏ। ਸੁਨੀਲ ਜਾਖੜ ਦੇ ਨਾਲ ਹੀ ਆਏ ਸਾਰੇ ਮੌਜੂਦਾ ਅਤੇ ਸਾਬਕਾ ਵਿਧਾਇਕ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਿਨਾਂ ਮਿਲੇ ਹੀ ਵਾਪਸ ਪਰਤ ਗਏ।
ਤ੍ਰਿਪਤ ਰਾਜਿੰਦਰ ਬਾਜਵਾ ਨੂੰ ਭਜਾਇਆ, ਮਨਾਓ ਜਾਖੜ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਦੋਂ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਤਾਂ ਉਸ ਸਮੇਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਸਿਵਲ ਸਕੱਤਰੇਤ ਤੋਂ ਸੁਨੀਲ ਜਾਖੜ ਸਾਰੇ ਵਿਧਾਇਕਾਂ ਸਣੇ ਜਾ ਚੁੱਕੇ ਸਨ ਅਤੇ ਸੁਨੀਲ ਜਾਖੜ ਨੇ ਆਪਣੇ ਦੋਵੇਂ ਮੋਬਾਇਲ ਵੀ ਬੰਦ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਰਵਾਨਾ ਹੋ ਗਏ ਹਨ ਤਾਂ ਕਿ ਕਿਸੇ ਨਾਲ ਉਨ੍ਹਾਂ ਦੀ ਮੁਲਾਕਾਤ ਨਾ ਹੋ ਸਕੇ। ਜਦੋਂ ਸੁਨੀਲ ਜਾਖੜ ਨਾ ਮਿਲੇ ਤਾਂ ਅਮਰਿੰਦਰ ਸਿੰਘ ਨੇ ਸੰਕਟ ਮੋਚਨ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਜਾਖੜ ਨੂੰ ਮਨਾਉਣ ਲਈ ਭੇਜ ਦਿੱਤਾ ਪਰ ਚੰਡੀਗੜ੍ਹ ਵਿਖੇ ਨਾ ਹੋਣ ਕਾਰਨ ਬਾਜਵਾ ਵੀ ਜਾਖੜ ਨੂੰ ਨਹੀਂ ਮਿਲ ਸਕੇ।
ਕੈਬਨਿਟ ਮੰਤਰੀਆਂ ਨਾਲ ਵੀ ਹੋ ਚੁੱਕੀ ਐ ਬਦਸਲੂਕੀ
ਮੁੱਖ ਮੰਤਰੀ ਦਫ਼ਤਰ ਹੋਵੇ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਹੋਵੇ। ਮੋਬਾਇਲ ਫੋਨ ਲਿਜਾਣ ‘ਤੇ ਪਾਬੰਦੀ ਹੋਣ ਕਰਕੇ ਕਈ ਵਾਰ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਸਣੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵੀ ਬਦਸਲੂਕੀ ਦਾ ਸ਼ਿਕਾਰ ਹੋ ਚੁੱਕੇ ਹਨ। ਕੈਬਨਿਟ ਮੰਤਰੀਆਂ ਦੇ ਨਰਾਜ਼ ਹੋਣ ਤੋਂ ਬਾਅਦ ਇਹ ਪਾਬੰਦੀ ਕੈਬਨਿਟ ਮੰਤਰੀਆਂ ਤੋਂ ਹਟਾ ਦਿੱਤੀ ਗਈ ਸੀ ਵਿਧਾਇਕ ਅਤੇ ਹਰ ਤਰਾਂ ਦਾ ਅਧਿਕਾਰੀ ਮੋਬਾਇਲ ਫੋਨ ਮੁੱਖ ਮੰਤਰੀ ਦਫ਼ਤਰ ਜਾਂ ਫਿਰ ਰਿਹਾਇਸ਼ ਵਿੱਚ ਅੱਜ ਵੀ ਨਹੀਂ ਲੈ ਕੇ ਜਾ ਸਕਦਾ ਹੈ।