ਮੁਲਜ਼ਮ ਦੇ ਗੈਰ-ਹਾਜ਼ਰ ਰਹਿਣ ‘ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ: ਸੁਪਰਡੈਂਟ
ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਉਸ ਸਮੇਂ ਮੁੜ ਵਿਵਾਦਾਂ ਵਿੱਚ ਆ ਗਈ ਜਦੋਂ ਇਸ ਸਬੰਧੀ ਅਫਵਾਹ ਉਡਾਉਣ ਦੇ ਮਾਮਲੇ ਵਿੱਚ ਜੇਲ੍ਹ ਦੇ ਹੀ ਅਧਿਕਾਰੀ ਦਾ ਨਾਂਅ ਸਾਹਮਣੇ ਆ ਗਿਆ। ਜਿਕਰਯੋਗ ਹੈ ਕਿ ਬੀਤੀ 24 ਸਤੰਬਰ ਨੂੰ ਪ੍ਰੈਸ ਕਲੱਬ ਬਠਿੰਡਾ ਦੇ ਗੇਟ ‘ਤੇ ਗੁੰਮਨਾਮ ਕੈਦੀ ਦਾ ਇੱਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਵਿੱਚ ਸੁਰੰਗ ਪੁੱਟਣ ਅਤੇ ਕੁੱਕਰ ਬੰਬ ਬਣਾਏ ਜਾਣ ਸਮੇਤ ਹੋਰ ਕਈ ਗੰਭੀਰ ਦੋਸ਼ ਲਾਏ ਸਨ।
ਇਸ ਪੱਤਰ ਰਾਹੀਂ ਇਹ ਸੰਭਾਵਨਾ ਵੀ ਜਤਾਈ ਗਈ ਸੀ ਕਿ ਅੱਤਵਾਦੀ ਮੁੜ ਜੇਲ੍ਹ ‘ਤੇ ਹਮਲਾ ਕਰ ਸਕਦੇ ਹਨ। ਗੈਂਗਸਟਰਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਦ ਚੌਕੰਨੇ ਹੋਏ ਜੇਲ੍ਹ, ਪੁਲਿਸ ਅਤੇ ਖੁਫੀਆ ਵਿਭਾਗ ਵਿੱਚ ਇਸ ਚਿੱਠੀ ਕਾਰਨ ਹੜਕੰਪ ਮੱਚ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਬਠਿੰਡਾ ਦੇ ਐਸ ਐਸ ਪੀ ਨੂੰ ਸੌਂਪ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ, ਬਠਿੰਡਾ ਦੇ ਐਸ ਐਸ ਪੀ ਨੇ ਜਦੋਂ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਅਤੇ ਪ੍ਰੈਸ ਕਲੱਬ ਦੇ ਗੇਟ ‘ਤੇ ਚਿੱਠੀ ਰੱਖਣ ਵਾਲੇ ਵਿਅਕਤੀ ਸਬੰਧੀ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕੀਤਾ ਤਾਂ ਇੱਕ ਸੀਸੀਟੀਵੀ ਕੈਮਰੇ ਦੀ ਮਿਲੀ ਫੁਟੇਜ਼ ਨੇ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜਮੀਨ ਖਿਸਕਾ ਦਿੱਤੀ ਹੈ। ਉੱਥੇ ਜੇਲ੍ਹ ਦੇ ਇੱਕ ਸਹਾਇਕ ਸੁਪਰਡੈਂਟ ਰੈਂਕ ਦੇ ਅਧਿਕਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੇਲ੍ਹ ਦੇ ਹੀ ਸਹਾਇਕ ਸੁਪਰਡੈਂਟ ਰੈਂਕ ਦੇ ਅਧਿਕਾਰੀ ਨੇ ਇੱਕ ਡਿਪਟੀ ਸੁਪਰਡੈਂਟ ਦੀ ਤਰੱਕੀ ਨੂੰ ਰੋਕਣ ਲਈ ਇਹ ਡਰਾਮਾ ਰਚਿਆ ਸੀ ਅਤੇ ਬੋਗਸ ਚਿੱਠੀ ਜਾਰੀ ਕਰਨ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਫੁਟੇਜ਼ ਵਿੱਚ ਜੇਲ੍ਹ ਅੰਦਰ ਤਾਇਨਾਤ ਇੱਕ ਸਹਾਇਕ ਸੁਪਰਡੈਂਟ ਦੀ ਪਛਾਣ ਹੋ ਗਈ ਦੱਸੀ ਜਾ ਰਹੀ ਹੈ। ਜੋ ਕਿ ਬੀਤੇ ਕਾਫੀ ਦਿਨਾਂ ਤੋਂ ਡਿਊਟੀ ‘ਤੇ ਹਾਜ਼ਿਰ ਨਹੀਂ ਹੋ ਰਿਹਾ ਹੈ।
ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜਦੋਂ ਸਾਨੂੰ ਜੇਲ੍ਹ ਸਬੰਧੀ ਮਿਲੀ ਚਿੱਠੀ ਦੀ ਜਾਣਕਾਰੀ ਮਿਲੀ ਤਾਂ ਅਸੀਂ ਵੀ ਹੈਰਾਨ ਰਹਿ ਗਏ ਸੀ ਕਿ ਅਜਿਹਾ ਆਖਰਕਾਰ ਕਿਵੇਂ ਹੋ ਸਕਦਾ ਹੈ? ਜੇਲ੍ਹ ਅੰਦਰ ਸੁਰੱਖਿਆ ਦੇ ਸਖਤ ਅਤੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਅਜਿਹੀ ਦੂਸ਼ਣਬਾਜ਼ੀ ਵਾਲੀ ਚਿੱਠੀ ਕਿਸ ਨੇ ਅਤੇ ਕਿਉ ਲਿਖੀ ਹੈ? ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਜੇਲ੍ਹ ਦੇ ਹੀ ਸਹਾਇਕ ਸੁਪਰਡੈਂਟ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜੋ ਕਿ ਅੱਜ ਡਿਊਟੀ ‘ਤੇ ਨਹੀਂ ਆਏ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ਸਬੰਧੀ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ ਅਤੇ ਅਗਲੇਰੇ ਆਦੇਸ਼ਾਂ ਅਤੇ ਬਠਿੰਡਾ ਪੁਲਿਸ ਦੀ ਜਾਂਚ ਤੋਂ ਬਾਦ ਹੀ ਕਥਿਤ ਦੋਸ਼ੀ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।