‘ਦਰਬਾਰਾ ਸਿੰਘ ਕਾਹਲੋਂ’
ਕੈਨੇਡਾ ਅੰਦਰ 43ਵੀਆਂ ਪਾਰਲੀਮੈਂਟਰੀ ਚੋਣਾਂ 21 ਅਕਤੂਬਰ, 2019 ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਵੋਟਰ ਆਪਣੀ ਹਰਮਨਪਿਆਰੀ ਸਰਕਾਰ ਅਗਲੇ 4 ਸਾਲਾਂ ਲਈ ਚੁਣਨ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣਾਂ ਲੜਨ ਵਾਲੀ ਲਿਬਰਲ ਪਾਰਟੀ ਨੂੰ 184 ਸੀਟਾਂ ‘ਤੇ ਜਿਤਾਇਆ ਜਿਸ ਨੇ ਆਪਣੀ ਸਰਕਾਰ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿਚ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਰਟੀ ਸਿਰਫ਼ 99 ਸੀਟਾਂ ਜਿੱਤ ਸਕੀ। ਥਾਮਸ ਮੁਲਕੇਅਰ ਦੀ ਅਗਵਾਈ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ 44 ਸੀਟਾਂ ਜਿੱਤੀਆਂ, ਅਲੈਜਬੈਥ ਮੇਅ ਦੀ ਅਗਵਾਈ ਵਿਚ ਗਰੀਨ ਪਾਰਟੀ ਨੇ ਸਿਰਫ਼ ਇੱਕ ਸੀਟ ਜਦਕਿ ਖੇਤਰੀ ਪਾਰਟੀ ਕਿਊਬੈਕ ਬਲਾਕ ਨੇ ਗਿਲਸ ਡੁਸੱਪੇ ਦੀ ਅਗਵਾਈ ਵਿਚ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੈ ਜੋ ਐਂਡਰਿਊ ਸ਼ੀਅਰ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ। ਐਨ.ਡੀ.ਪੀ. ਜਗਮੀਤ ਸਿੰਘ ਅਤੇ ਕਿਊਬੈਕ ਬਲਾਕ ਫਰਾਂਕੋਸ ਬਲੈਂਚੇ ਦੀ ਅਗਵਾਈ ‘ਚ ਚੋਣ ਮੈਦਾਨ ਵਿਚ ਹਨ। ਗਰੀਨ ਪਾਰਟੀ ਆਪਣੀ ਪੁਰਾਣੀ ਆਗੂ ਅਲੈਜਬੈਥ ਮੇਅ ਦੀ ਅਗਵਾਈ ਅਤੇ ਵਿਚ ਨਵਗਠਿਤ ਪੀਪਲਜ਼ ਪਾਰਟੀ ਆਫ ਕੈਨੇਡਾ ਮੈਕਸਿਮ ਬਰਨੀਅਰ ਦੀ ਅਗਵਾਈ ਵਿੱਚ ਚੋਣਾਂ ਲੜ ਰਹੀਆਂ ਹਨ। ਮੈਕਸਿਮ ਬਰਨੀਅਰ ਨੇ ਐਂਡਰੀਊਸ਼ੀਅਰ ਤੋਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਹਾਰ ਜਾਣ ਕਾਰਨ ਨਵੀਂ ਪਾਰਟੀ ਗਠਿਤ ਕਰ ਲਈ ਸੀ।
ਐਤਕੀ ਇਨ੍ਹਾਂ ਰਾਜਨੀਤਕ ਡੀਬੇਟਾਂ ਵਿਚ ਐਨ. ਡੀ. ਪੀ. ਆਗੂ ਸ: ਜਗਮੀਤ ਸਿੰਘ ਨੇ ਬਾਕੀ ਪੰਜ ਪਾਰਟੀਆਂ ਦੇ ਆਗੂਆਂ ਦੀ ਅਸ਼-ਅਸ਼ ਕਰਾ ਕੇ ਰੱਖ ਦਿੱਤੀ। ਜੋ ਘੱਟ-ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ, ਦੇ ਨਿੱਜੀ ਰਾਜਨੀਤਕ ਜਲਵੇ ਦੀ ਤਾਬ ਕੋਈ ਵੀ ਕੈਨੇਡੀਅਨ ਆਗੂ ਨਹੀਂ ਝੱਲ ਸਕਿਆ। ਉਨ੍ਹਾਂ ਦੀ ਤੀਖਣ ਬੁੱਧੀਮਤੀ, ਹਾਜ਼ਰ-ਜਵਾਬੀ, ਦੂਰਅੰਦੇਸ਼ੀ, ਦਲੇਰਾਨਾ ਪੇਸ਼ਕਸ਼, ਆਮ ਕੈਨੇਡੀਅਨ ਵਰਗਾਂ ਲੋਕਾਂ ਦੀਆਂ ਇੱਛਾਵਾਂ ਅਤੇ ਕੌਮਾਂਤਰੀ ਮਾਮਲਿਆਂ ਸਬੰਧੀ ਰਾਜਨੀਤਿਕ ਜਲਵੇ ਬਾਰੇ ਕੈਨੇਡੀਅਨ ਟੀ. ਵੀ. ਸ਼ੋਆਂ, ਸੋਸ਼ਲ ਮੀਡੀਆ, ਨਾਮਵਰ ਅਖ਼ਬਾਰਾਂ ਅਤੇ ਨਾਮਵਰ ਕਾਲਮਨਵੀਸਾਂ ਆਪੋ-ਆਪਣੇ ਪ੍ਰਭਾਵਸ਼ਾਲੀ ਅਤੇ ਸਲਾਹੁਤਾ ਭਰੇ ਢੰਗ ਨਾਲ ਚਰਚਾ ਕੀਤੀ। ਜਗਮੀਤ ਸਿੰਘ ਜੋ ਕਿਤੇ ਵਜੋਂ ਇੱਕ ਵਕੀਲ ਹਨ, ਜਿਸ ਦੇ ਮਾਪਿਆਂ ਦਾ ਪਿਛੋਕੜ ਪੰਜਾਬ (ਭਾਰਤ) ਰਾਜ, ਸਿੱਖ ਧਰਮ ਅਤੇ ਪੰਜਾਬੀ ਮਾਤਭਾਸ਼ਾ ਨਾਲ ਸਬੰਧਿਤ ਹੈ, ਦਾ ਜਨਮ 2 ਜਨਵਰੀ, 1979 ਨੂੰ ਸਕਾਰਬੋਰੋ, ਓਨਟਾਰੀਓ ਵਿਚ ਕੈਨੇਡਾ ਅੰਦਰ ਹੋਇਆ। ਉਸ ਦਾ ਪਾਲਣ-ਪੋਸਣ ਸਿੱਖ ਧਾਰਮਿਕ, ਸਮਾਜਿਕ ਅਤੇ ਵਿਵਹਾਰਕ ਰਹੁ-ਰੀਤਾਂ ਅਨੁਸਾਰ ਹੋਇਆ ਪਰ ਉਸਦੀ ਵਿੱਦਿਆ ਅਤੇ ਸਮਾਜਿਕ ਪਰਵਰਿਸ਼ ਕੈਨੇਡੀਅਨ ਸੱਭਿਆਚਾਰ ਅਨੁਸਾਰ ਹੋਈ।ਅਜੇ ਪਿਛਲੇ ਸਾਲ ਸੰਨ 2018 ਵਿਚ ਉਸਨੇ ਕੱਪੜਾ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਵਿਆਹ ਕੀਤਾ। ਸੰਨ 2011 ਵਿਚ ਉਹ ਬਰਾਮਲੀ ਗੋਰ ਮਾਲਟਨ ਹਲਕੇ ਤੋਂ ਓਨਟਾਰੀਓ ਸੂਬੇ ਦੀ ਪ੍ਰੋਵਿਸ਼ੀਅਲ ਅਸੈਂਬਲੀ ਲਈ ਚੁਣੇ ਗਏ ਸਨ। ਸੂਬਾਈ ਐਨ.ਡੀ.ਪੀ. ਇਕਾਈ ਦੇ ਡਿਪਟੀ ਲੀਡਰ ਵੀ ਰਹੇ। ਐਨ.ਡੀ.ਪੀ. ਆਗੂ ਟਾਮ ਮੁਲਕੇਅਰ ਦੀ ਥਾਂ ਪਹਿਲੀ ਅਕਤੂਬਰ, 2017 ਨੂੰ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਰਾਸ਼ਟਰੀ ਆਗੂ ਚੁਣ ਲਿਆ। ਪਾਰਟੀ ਮੈਂਬਰਾਂ ਨੇ ਚੋਣ ਦੇ ਪਹਿਲੇ ਗੇੜ ਵਿਚ 53.8 ਪ੍ਰਤੀਸ਼ਤ ਵੋਟਾਂ ਰਾਹੀਂ ਉਨ੍ਹਾਂ ਨੂੰ ਚੁਣ ਲਿਆ। ਇੱਕਸਿੱਖ ਦਾ ਕੈਨੇਡਾ ਦੀ ਰਾਸ਼ਟਰੀ ਪਾਰਟੀ ਦਾ ਆਗੂ ਚੁਣਿਆ ਜਾਣਾ ਨਿਸ਼ਚਿਤ ਤੌਰ ‘ਤੇ ਸਿੱਖ ਘੱਟ-ਗਿਣਤੀ ਲਈ ਬੜੇ ਮਾਣ-ਸਨਮਾਨ ਵਾਲੀ ਗੱਲ ਹੈ। ਉਂਜ ਤਾਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਿਚ ਚਾਰ ਸਿੱਖ ਆਗੂਆਂ ਦੀ ਕੈਬਨਿਟ ਮੰਤਰੀਆਂ ਵਜੋਂ ਨਿਯੁਕਤੀ ਵੀ ਇਸ ਦੇਸ਼ ਵਿਚ ਸਿੱਖ ਭਾਈਚਾਰੇ ਦੀ ਵੱਡੀ ਪ੍ਰਾਪਤੀ ਸੀ।
ਜਦੋਂ ਉਨ੍ਹਾਂ ਇਹ ਕਿਹਾ ਕਿ ਉਸ ਦੀ ਪਾਰਟੀ ਜੇਕਰ ਇਨ੍ਹਾਂ ਚੋਣਾਂ ਬਾਅਦ ਲਟਕਵੀ ਪਾਰਲੀਮੈਂਟ ਹੋਂਦ ਵਿਚ ਆਉਂਦੀ ਹੈ ਤਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਘੱਟ-ਗਿਣਤੀ ਸਰਕਾਰ ਗਠਿਤ ਕਰਨ ਦੀ ਕਵਾਇਦ ਵਿਚ ਕੋਈ ਹਮਾਇਤ ਨਹੀਂ ਕਰੇਗੀ। ਜਦੋਂ ਉਨ੍ਹਾਂ ਨੂੰ ਇਸ ਸਟੈਂਡ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਸਟੈਂਡ ਦੁਹਰਾਉਂਦੇ ਕਿਹਾ ਕਿ ਉਹ ਕੰਜ਼ਰਵੇਟਿਵਾਂ ਦਾ ਸਾਥ ਨਹੀਂ ਦੇ ਸਕਦੇ ਕਿਉਂਕਿ ਉਹ ਕੈਨੇਡੀਅਨਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਸਬੰਧੀ ਭਰੋਸੇ ਦੇ ਕਾਬਲ ਨਹੀਂ। ਸਾਬਕਾ ਐਨ.ਡੀ.ਪੀ. ਸੰਸਦ ਮੈਂਬਰ ਫਰਾਂਕੋਸ਼ ਬੋਇਵਨ ਨੇ ਜਗਮੀਤ ਸਿੰਘ ਨੂੰ ਸਾਫ਼ ਕਿਹਾ ਕਿ ਤੁਸੀਂ ਪਾਰਟੀ ਨੂੰ ਤੀਜੇ ਨੰਬਰ ‘ਤੇ ਰਹਿਣ ਵਾਲੀ ਚੋਣ ਮੁਹਿੰਮ ਦੀ ਅਗਵਾਈ ਨਹੀਂ ਕਰੋਗੇ। ਉਨ੍ਹਾਂ ਜਗਮੀਤ ਦੀ ਲੀਡਰਸ਼ਿਪ ‘ਤੇ ਟਿੱਪਣੀ ਕਰਦੇ ਸਾਫ਼ ਕਰ ਦਿੱਤਾ ਕਿ ਉਹ ਭਵਿੱਖ ਵਿਚ ਵਧੀਆ ਪਲੇਟਫਾਰਮ ਰੱਖਣ ਵਾਲੇ ਆਗੂ ਵਜੋਂ ਆਪਣੇ-ਆਪ ਨੂੰ ਪੇਸ਼ ਕਰਨਗੇ।
ਐਨ.ਡੀ.ਪੀ. ਕੋਲ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਮੁਕਾਬਲੇ ਧਨ ਦੀ ਕਮੀ, ਜਗਮੀਤ ਵੱਲੋਂ ਫਰਵਰੀ, 2019 ਵਿਚ ਮੈਂਬਰ ਪਾਰਲੀਮੈਂਟ ਬਣ ਸਕਣਾ, ਪਾਰਟੀ ਅੰਦਰ ਨਵਾਂ ਕਾਕਸ ਚੁਣਨਾ, ਕਿਊਬੈਕ ਵਿਚ ਜਿੱਤੀਆਂ 14 ਸੀਟਾਂ ਨੂੰ ਕਾਇਮ ਰੱਖਣਾ, ਜਿੱਥੇ 2015 ਵਿਚ ਚੋਣ ਮੁਹਿੰਮ ਲਈ 100 ਦਾ ਸਟਾਫ਼ ਹੀ ਇਸ ਵਾਰ 50-60 ਹੋਣਾ ਆਦਿ ਸਥਿਤੀ ਦੇ ਬਾਵਜੂਦ ਉਨ੍ਹਾਂ ਨੇ ਮਨੀਟੋਬਾ ਸੂਬੇ ਦੀ ਜੇਤੂ ਜੋੜੀ ਸਾਬਕਾ ਵਜ਼ੀਰ ਜੈਨੀਫਰ ਹਾਵਰਤ ਨੂੰ ਮੁੱਖ ਸਲਾਹਕਾਰ, ਮਾਈਕਲ ਬਾਲਾਗਸ ਨੂੰ ਪਾਰਟੀ ਮੁਹਿੰਮ ਦਾ ਡਾਇਰੈਕਟਰ ਅਤੇ ਅੰਤਰਿਮ ਚੀਫ ਆਫ ਸਟਾਫ ਲਾਇਆ। ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ। ਪਰ ਚੋਣ ਮੁਹਿੰਮ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਾਂਗ ਮਘ ਨਾ ਸਕੀ।
ਸ: ਜਗਮੀਤ ਸਿੰਘ ਆਮ ਕੈਨੇਡੀਅਨਾਂ ਦੇ ਐਸੇ ਵਿਚਾਰਾਂ ਦੀ ਤਰਜ਼ਮਾਨੀ ਕਰਕੇ ਇੱਕ ‘ਰਾਕ ਸਟਾਰ ਰਾਜਨੀਤਕ ਆਗੂ’ ਵਜੋਂ ਉੱਭਰੇ ਹਨ। ਉਨ੍ਹਾਂ ਨੇ ਕੈਨੇਡੀਅਨਾਂ ਨੂੰ ਹੈਰਾਨ ਕਰਦੇ ਕਿਹਾ ਕਿ ਉਨ੍ਹਾਂ ਕੋਲ ‘ਮਿਸਟਰ ਡਿਨਾਈ ਅਤੇ ਮਿਸਟਰ ਡੀਲੇਅ ਦੀ ਥਾਂ ਇੱਕ ਹੋਰ ਬਦਲ ਵੀ ਹੈ।’ ਫਰੈਂਚ ਭਾਸ਼ਾ ਦੇ ਸੂਬੇ ਕਿਊਬੈਕ ਵਿਖੇ ਚੋਣ ਮੁਹਿੰਮ ਦੌਰਾਨ ਨਸਲਵਾਦੀ ਬੁੱਢੇ ਗੋਰੇ ਨੂੰ ਬਾਕਮਾਲ ਸੂਝ ਭਰਪੂਰ ਦਿੱਤਾ ਜਵਾਬ ਅੱਜ ਪੂਰੇ ਕੈਨੇਡਾ ਵਿਚ ਚਰਚਾ ਦਾ ਵਿਸ਼ਾ ਬਣਿਆ ਪਿਆ। ਉਸਨੇ ਕਿਹਾ, ਜੇ ਉਹ ਪਗੜੀ ਉਤਾਰ ਦੇਣ ਤਾਂ ਕੈਨੇਡੀਅਨ ਵਰਗੇ ਲੱਗਣਗੇ। ਜਗਮੀਤ ਨੇ ਠਰ੍ਹੰਮੇ ਨਾਲ ਉੱਤਰ ਦਿੱਤਾ ਕਿ ਕੈਨੇਡਾ ਵਿਚ ਹਰ ਕਿਸਮ ਦੇ ਲੋਕ ਹਨ ਇਸੇ ਵਿਚ ਇਸ ਦੀ ਸੁੰਦਰਤਾ ਮੌਜੂਦ ਹੈ ਲੇਕਿਨ ਗੋਰੇ ਨੇ ਫਿਰ ਕਿਹਾ ਕਿ ਜਦੋਂ ਰੋਮ ਵਿਚ ਹੋਵੋ ਤਾਂ ਰੋਮਨਾਂ ਵਾਂਗੂ ਹੀ ਰਹਿਣਾ-ਬਹਿਣਾ ਚਾਹੀਦਾ ਹੈ।
ਇਸ ‘ਤੇ ਜਗਮੀਤ ਨੇ ਕਿਹਾ, ਮੈਂ ਇਸ ਨਾਲ ਸਹਿਮਤ ਨਹੀਂ। ਇਹ ਕੈਨੇਡਾ ਹੈ, ਇੱਥੇ ਤੁਸੀਂ ਜਿਵੇਂ ਮਰਜ਼ੀ ਰਹਿ-ਬਹਿ ਸਕਦੇ ਹੋ। ਫਿਰ ਗੋਰੇ ਨੇ ਅਸ਼ੀਰਵਾਦ ਦਿੱਤਾ, ‘ਠੀਕ ਹੈ, ਧਿਆਨ ਰੱਖਣਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਿੱਤੋ।’ 8 ਤੋਂ 10 ਅਕਤੂਬਰ ਦੇ ਇੱਕ ਸਰਵੇਖਣ ਅਨੁਸਾਰ 49 ਪ੍ਰਤੀਸ਼ਤ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ।
ਭਾਵੇਂ ਇਸ ਵਾਰ ਪੂਰੀ ਤਿਆਰੀ, ਧਨ, ਸਟਾਫ ਅਤੇ ਚੋਣ ਯੋਜਨਾਬੰਦੀ ਦੀ ਅਣਹੋਂਦ ਕਰਕੇ ਐਨ.ਡੀ.ਪੀ. ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਨਾ ਕਰ ਸਕੇ ਪਰ ਫਿਰ ਵੀ ਭਵਿੱਖ ਵਿਚ ਉਨ੍ਹਾਂ ਕੋਲ ਜੈਕਲੇਟਨ ਵਰਗਾ ਅੱਗ ਫੱਕਣ ਵਾਲਾ ਦੂਰਅੰਦੇਸ਼ੀ ਸੱਚਾ-ਸੁੱਚਾ ਇਮਾਨਦਾਰ ਆਗੂ ਸ: ਜਗਮੀਤ ਸਿੰਘ ਦੇ ਰੂਪ ਵਿਚ ਮੌਜੂਦ ਹੈ ਜਿਸ ‘ਤੇ ਪਾਰਟੀ, ਕੈਨੇਡਾ ਅਤੇ ਕੈਨੇਡੀਅਨ ਵਿਸ਼ਵਾਸ਼ ਕਰ ਸਕਦੇ ਹਨ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।