Jaggery Making Process: ਪੰਜਾਬ ਵਿੱਚ ਗੁੜ ਬਣਾਉਣ ਲਈ ਗੰਨੇ ਦੀਆਂ ਸੀਓਪੀਬੀ 92, ਸੀਓ118, ਸੀਓਜੇ 88, ਸੀਓਜੇ 64 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਇਨ੍ਹਾਂ ਕਿਸਮਾਂ ਵਿੱਚ ਸੀਓਜੇ 88 ਅਤੇ ਸੀਓ 118 ਕਿਸਮ ਦੇ ਗੁੜ ਦੀ ਗੁਣਵੱਤਾ ਦੂਸਰੀਆਂ ਕਿਸਮਾਂ ਮੁਕਾਬਲੇ ਵਧੀਆ ਹੈ।
ਇਹ ਖਬਰ ਵੀ ਪੜ੍ਹੋ : Global Warming Threat: ਨਿਕਾਸੀ ’ਚ ਘਾਟ ਤੇ ਸੰਸਾਰਿਕ ਤਾਪਮਾਨ ਦਾ ਵਧਦਾ ਖ਼ਤਰਾ
ਗੁੜ ਬਣਾਉਣ ਦਾ ਢੁੱਕਵਾਂ ਸਮਾਂ
ਗੁੜ ਬਣਾਉਣ ਦਾ ਸਹੀ ਸਮਾਂ ਆਖੀਰ ਨਵੰਬਰ ਤੋਂ ਲੈ ਕੇ ਅਪਰੈਲ ਤੱਕ ਹੁੰਦਾ ਹੈ ਗੰਨੇ ਦੀਆਂ ਅਗੇਤੀਆਂ ਕਿਸਮਾਂ ਦਾ ਗੁੜ ਨਵੰਬਰ ਤੇ ਦਸੰਬਰ ਵਿੱਚ ਬਣਦਾ ਹੈ ਦਰਮਿਆਨੀਆਂ-ਪਿਛੇਤੀਆਂ ਕਿਸਮਾਂ ਦਾ ਗੁੜ ਜਨਵਰੀ ਤੋੋਂ ਅਪਰੈਲ ਤੱਕ ਚੰਗਾ ਬਣਦਾ ਹੈ।
ਗੁੜ ਬਣਾਉਣ ਦਾ ਤਰੀਕਾ | Jaggery Making Process
ਰਸ ਕੱਢਣਾ : ਗੁੜ ਬਣਾਉਣ ਲਈ ਹਮੇਸ਼ਾ ਗੰਨੇ ਦੇ ਹੇਠਲੇ 2/3 ਭਾਗ ਦੀ ਹੀ ਵਰਤੋਂ ਕਰੋ ਕਿਉਂਕਿ ਹੇਠਲੇ ਭਾਗ ਵਿੱਚ ਸੂਕਰੋਜ਼ (ਖੰਡ) ਦੀ ਮਾਤਰਾ ਵਧੇਰੇ ਹੁੰਦੀ ਹੈ ਗੰਨੇ ਦੀ ਕਟਾਈ ਅਤੇ ਸਫਾਈ ਤੋਂ ਬਾਅਦ ਇਸ ਦਾ ਰਸ 24 ਘੰਟਿਆਂ ਅੰਦਰ ਕੱਢ ਲੈਣਾ ਚਾਹੀਦਾ ਹੈ ਰਸ ਕੱਢਣ ਉਪਰੰਤ ਰਸ ਨੂੰ ਮਲਮਲ ਦੇ ਕੱਪੜੇ ਨਾਲ ਪੁਣ ਕੇ ਇਸ ਵਿੱਚੋਂ ਗੰਨੇ ਦਾ ਗੁੱਦਾ ਅਤੇ ਹੋਰ ਚੀਜ਼ਾਂ ਆਦਿ ਬਾਹਰ ਕੱਢੋ।
ਰਸ ਦੀ ਸਫਾਈ : ਗੰਨੇ ਦਾ ਰਸ ਕੱਢਣ ਉਪਰੰਤ ਸਫਾਈ ਕਰੋ ਰਸ ਦੀ ਸਫਾਈ ਲਈ ਆਮ ਤੌਰ ’ਤੇ ਸੁਖਲਾਈ (ਜੰਗਲੀ ਬੂਟੀ) ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਆਮ ਤੌਰ ’ਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ ਇਸ ਦੀ ਵਰਤੋਂ ਲਈ ਇਸ ਦਾ ਇੱਕ ਸੰਘਣਾ ਘੋਲ ਤਿਆਰ ਕਰੋ ਜਿਸ ਲਈ ਇਸ ਦੇ ਸੱਕ ਨੂੰ 24 ਘੰਟੇ ਪਾਣੀ ਵਿੱਚ ਭਿਉਂਣ ਉਪਰੰਤ ਹੱਥ ਨਾਲ ਚੰਗੀ ਤਰ੍ਹਾਂ ਮਸਲ ਕੇ ਚਿਕਨਾਹਟ ਭਰਪੂਰ ਘੋਲ ਤਿਆਰ ਕਰੋ ਜੋ ਰਸ ਦੀ ਸਫਾਈ ਲਈ ਵਰਤਿਆ ਜਾ ਸਕੇ।
ਇਹ ਘੋਲ ਰਸ ਵਿੱਚੋਂ ਕਈ ਤਰ੍ਹਾਂ ਦੇ ਅਣਚਾਹੇ ਪਦਾਰਥ ਜ਼ਿਵੇ ਕਿ ਰੰਗਦਾਰ ਮਾਦਾ ਤੇ ਹੋਰ ਨਾਈਟ੍ਰੋਜਨ ਭਰਪੂਰ ਚੀਜ਼ਾਂ ਆਦਿ ਅਲੱਗ ਕਰਨ ਵਿੱਚ ਮੱਦਦ ਕਰਦਾ ਹੈ ਇਸ ਘੋਲ ਦੀ ਵਰਤੋਂ ਗੁੜ ਦਾ ਵਧੀਆ ਕਣ ਤੇ ਠੋਸਪਣ ਵਿੱਚ ਸਹਾਈ ਹੁੰਦਾ ਹੈ ਇੱਕ ਲੀਟਰ ਘੋਲ 100 ਲਿਟਰ ਰਸ ਦੀ ਸਫਾਈ ਲਈ ਕਾਫੀ ਹੁੰਦਾ ਹੈ ਇਸ ਘੋਲ ਤੋਂ ਇਲਾਵਾ ਕੁਝ ਖਾਸ ਰਸਾਇਣ ਜਿਵੇਂ ਕਿ ਸੁਪਰਫਾਸਫੇਟ, ਫਾਸਫੋਰਿਕ ਐਸਿਡ , ਸੋਡੀਅਮ ਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਰਸ ਨੂੰ ਸੰਘਣਾ ਕਰਨਾ | Jaggery Making Process
ਰਸ ਦੀ ਸਫਾਈ ਕਰਨ ਤੋਂ ਬਾਅਦ ਇਸ ਨੂੰ ਉਬਾਲਣ ਵਾਲੇ ਕੜਾਹੇ ਵਿੱਚ ਪਾਓ ਇਸ ਕੜਾਹੇ ਨੂੰ ਉਸ ਦੀ ਸਮਰੱਥਾ ਦੇ 1/3 ਹਿੱਸੇ ਤੱਕ ਭਰਨ ਉਪਰੰਤ ਇਸ ਨੂੰ ਮੱਠੇ-ਮੱਠੇ ਸੇਕ ’ਤੇ ਗਰਮ ਕਰੋ ਤਾਂ ਜੋ ਰਸ ਦਾ ਤਾਪਮਾਨ 85 ਡਿਗਰੀ ਸੈਂਟੀਗ੍ਰੇਟ ਤੱਕ ਪਹੁੰਚ ਜਾਵੇ ਇਸ ਦਾ ਤਾਪਮਾਨ ਤੇ ਰਸ ਵਿੱਚੋਂ ਨਾਈਟ੍ਰੋਜਨ ਭਰਪੂਰ ਤੱਤ ਤੇ ਹੋਰ ਅਣਚਾਹੇ ਪਦਾਰਥ ਇੱਕ ਝੱਗ ਦੀ ਤਰ੍ਹਾਂ ਰਸ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਉੱਪਰ ਆਈ ਹੋਈ ਝੱਗ ਨੂੰ ਸਾਫ ਕਰਨ ਉਪਰੰਤ ਰਸ ਨੂੰ ਤੇਜ ਤਾਪਮਾਨ ’ਤੇ ਉਬਾਲਿਆ ਜਾਂਦਾ ਹੈ ਜਦੋਂ ਉੱਬਲ ਰਹੇ ਰਸ ਦਾ ਤਾਪਮਾਨ 100 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਜਾਣ ਲੱਗੇ ਤਾਂ ਅੱਗ ਦਾ ਸੇਕ ਘੱਟ ਕਰਕੇ ਪੱਤ ਦੇ ਬਣਨ ਦੇ ਤਾਪਮਾਨ 114-116 ਡਿਗਰੀ ਸੈਂਟੀਗ੍ਰੇਡ ਗੁੜ ਲਈ ਅਤੇ 120-122 ਸ਼ੱਕਰ ਲਈ ਤੱਕ ਗਰਮ ਕਰੋ।
ਭੇਲੀਆਂ ਬਣਾਉਣਾ
ਜਦੋਂ ਪੱਤ ਤਿਆਰ ਹੋ ਜਾਵੇ ਤਾਂ ਇਸ ਨੂੰ ਤੁਰੰਤ ਐਲੂਮੀਨੀਅਮ , ਮਿੱਟੀ ਜਾਂ ਲੱਕੜ ਦੇ ਬਣੇ ਭਾਂਡੇ ਵਿੱਚ ਪਾ ਦਿਓ ਜੋ ਕਿ ਪੱਤ ਦੇ ਠੰਢੇ ਹੋਣ ਤੱਕ ਚੰਗਾ ਕਣ ਬਣਨ ਲਈ ਸਹਾਈ ਹੁੰਦਾ ਹੈ ਪੱਤ ਨੂੰ ਭਾਂਡੇ ਵਿੱਚ ਠੰਢਾ ਕਰਨ ਸਮੇਂ ਇਸ ਨੂੰ ਲੋਹੇ ਜਾਂ ਲੱਕੜ ਦੀ ਖੁਰਪੀ ਨਾਲ ਚੰਗੀ ਤਰ੍ਹਾਂ ਮਿਲਾ ਦੇਣ ਉਪਰੰਤ ਕੁਝ ਸਮੇਂ ਲਈ ਛੱਡ ਦਿਓ ਹੱਥ ਲੱਗਣ ਜਿੰਨਾ ਠੰਢਾ ਹੋਣ ’ਤੇ ਆਪਣੀ ਮਰਜ਼ੀ ਦੇ ਸਾਈਜ਼ ਦੀਆਂ ਭੇਲੀਆਂ ਬਣਾ ਲਓ ਅਤੇ ਸੁਕਾ ਕੇ ਸਾਂਭ ਲਓ।
ਧੰਨਵਾਦ ਸਹਿਤ, ਚੰਗੀ ਖੇਤੀ














