ਪਿੰਡ ਜਾਫਰਪੁਰ ਡਾਕਟਰ ਨੇ ਕਹੀ ਨਾਲ ਵਿਅਕਤੀ ‘ਤੇ ਕੀਤਾ ਹਮਲਾ, ਮੌਤ

ਪਿੰਡ ਜਾਫਰਪੁਰ ਡਾਕਟਰ ਨੇ ਕਹੀ ਨਾਲ ਵਿਅਕਤੀ ‘ਤੇ ਕੀਤਾ ਹਮਲਾ, ਮੌਤ

ਡਕਾਲਾ, (ਰਾਮ ਸਰੂਪ ਪੰਜੋਲਾ)। ਨੇੜਲੇ ਪਿੰਡ ਜਾਫਰਪੁਰ ਵਿਖੇ ਮੱਝ ਦਾ ਇਲਾਜ ਕਰਨ ਲਈ ਪੁੱਜੇ ਡਾਕਟਰ ਅਤੇ ਪਿੰਡ ਦੇ ਵਿਅਕਤੀ ਵਿਚਕਾਰ ਹੋਈ ਤਕਰਾਰ ਤੇ ਇਸ ਦੌਰਾਨ ਡਾਕਟਰ ਨੇ ਵਿਅਕਤੀ ‘ਤੇ ਕਹੀ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰਨ ‘ਤੇ ਵਿਅਕਤੀ ਦੇ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ।

ਪੁਲਿਸ ਚੌਂਕੀ ਬਲਬੇੜਾ ਨੇ ਮੁਲਜ਼ਮ ਡਾਕਟਰ ਖਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰੀਫ ਖਾਨ ਪੁੱਤਰ ਹਾਕਮ ਸਿੰਘ ਪਿੰਡ ਜਾਫਰਪੁਰ ਦੀ ਕੁਝ ਸਮਾਂ ਪਹਿਲਾ ਮੱਝ ਬਿਮਾਰ ਹੋਣ ਕਾਰਨ ਮਰ ਗਈ ਸੀ, ਜਿਸ ਦਾ ਇਲਾਜ ਉਕਤ ਡਾਕਟਰ ਬਲਕਾਰ ਸਿੰਘ ਵੱਲਂੋ ਕੀਤਾ ਗਿਆ ਸੀ, ਜਦੋਂ ਬੀਤੇ ਦਿਨ ਬਲਕਾਰ ਸਿੰਘ ਪਿੰਡ ਜਾਫਰਪੁਰ ਵਿਖੇ ਕਿਸੇ ਹੋਰ ਵਿਅਕਤੀ ਦੀ ਮੱਝ ਚੈਕ ਕਰਨ ਆਇਆ ਸੀ ਤੇ ਉਸ ਦੌਰਾਨ ਹਾਕਮ ਸਿੰਘ ਉਮਰ (52) ਬਲਕਾਰ ਸਿੰਘ ਕੋਲ ਪੁੱਜਾ ਅਤੇ ਉਸ ਨੂੰ ਕਹਿਣ ਲੱਗਾ ਕਿ ਉਸ ਨੇ, ਉਨ੍ਹਾਂ ਦੀ ਮੱਝ ਦਾ ਸਹੀ ਇਲਾਜ ਨਹੀਂ ਕੀਤਾ ਸੀ, ਜਿਸ ਕਰਕੇ ਉਨ੍ਹਾਂ ਦੀ ਮੱਝ ਮਰ ਗਈ।

ਇਸ ਦੌਰਾਨ ਦੋਵਾਂ ਵਿਚਕਾਰ ਕਾਫੀ ਤਕਰਾਰਬਾਜੀ ਵਧ ਗਈ ਅਤੇ ਬਲਕਾਰ ਸਿੰਘ ਨੇ ਨੇੜੇ ਪਈ ਕਹੀ ਹਾਕਮ ਸਿੰਘ ਦੇ ਸਿਰ ਵਿੱਚ ਮਾਰੀ ਅਤੇ ਬਲਕਾਰ ਸਿੰਘ ਦੇ ਨਾਲ ਨਾ-ਮਾਲੂਮ ਵਿਅਕਤੀ ਨੇ ਵੀ ਹਾਕਮ ਸਿੰਘ ਦੀ ਕੁੱਟਮਾਰ ਕੀਤੀ। ਉਸ ਮੌਕੇ ਲੋਕਾਂ ਦਾ ਇਕੱਠ ਹੁੰਦਾ ਹੋਇਆ ਦੇਖ ਕੇ ਬਲਕਾਰ ਸਿੰਘ ਆਪਣੇ ਨਾ-ਮਾਲੂਮ ਸਾਥੀ ਸਮੇਤ ਮੌਕੇ ਤੋਂ ਭੱਜ ਗਿਆ, ਗੰਭੀਰ ਜਖਮੀ ਹਾਕਮ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਇਸ ਮੌਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀ ਖਿਲ਼ਾਫ ਆਈ. ਪੀ. ਸੀ. ਧਾਰਾ 302,34 ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ। ਪੋਸਟਮਾਰਟਮ ਉਪਰੰਤ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ