ਮੀਂਹ ਨਾਲ ਸੂਬੇ ਭਰ ‘ਚ ਕਈ ਟਨ ਅਨਾਜ ਭਿੱਜਿਆ
ਬਠਿੰਡਾ, (ਸੁਖਜੀਤ ਮਾਨ) ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਕੇ ਅਨਾਜ ਮੰਡੀਆਂ ‘ਚ ਲਿਆਂਦੀ ਕਣਕ ਵੀ ਹੁਣ ਕੁਦਰਤੀ ਕਹਿਰ ਝੱਲ ਰਹੀ ਹੈ ਅੱਜ ਸੂਬੇ ਭਰ ‘ਚ ਕਈ ਥਾਵਾਂ ‘ਤੇ ਪਏ ਮੀਂਹ ਕਾਰਨ ਕਣਕ ਦੇ ਬੋਹਲ ਭਿੱਜ ਗਏ ਤੇਜ ਝੱਖੜ ਅਤੇ ਤਰਪਾਲਾਂ ਦੀ ਘਾਟ ਕਾਰਨ ਕਿਸਾਨ ਚਾਹੁੰਦੇ ਹੋਏ ਵੀ ਕਣਕ ਨੂੰ ਭਿੱਜਣੋਂ ਨਾ ਬਚਾ ਸਕੇ ਸਰਕਾਰ ਵੱਲੋਂ ਦਾਅਵਾ ਮੁਕੰਮਲ ਪ੍ਰਬੰਧਾਂ ਦਾ ਕੀਤਾ ਜਾ ਰਿਹਾ ਹੈ ਪਰ ਮੀਂਹ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ
ਵੇਰਵਿਆਂ ਮੁਤਾਬਿਕ ਅੱਜ ਦੇਰ ਸ਼ਾਮ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਮਾਨਸਾ, ਮੋਗਾ, ਫਰੀਦਕੋਟ, ਸੰਗਰੂਰ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕਈ ਥਾਈਂ ਗੜ੍ਹੇ ਵੀ ਪਏ ਹਨ ਨਰਮਾ ਪੱਟੀ ‘ਚ ਕਈ ਥਾਈਂ ਕਿਸਾਨਾਂ ਵੱਲੋਂ ਬੀਜਿਆ ਗਿਆ ਅਗੇਤਾ ਨਰਮਾ ਵੀ ਕਰੰਡ ਹੋ ਗਿਆ ਵੱਡੀ ਗਿਣਤੀ ਜ਼ਿਲ੍ਹਿਆਂ ‘ਚ ਅਨੇਕਾਂ ਟਨ ਅਨਾਜ ਖ੍ਰੀਦ ਕੇਂਦਰਾਂ ‘ਚ ਪਿਆ ਹੈ
ਇਕੱਲੇ ਬਠਿੰਡਾ ਜ਼ਿਲ੍ਹੇ ‘ਚ ਹੀ 2 ਮਈ ਤੱਕ 721697 ਮੀਟ੍ਰਿਕ ਟਨ ਕਣਕ ਮੰਡੀਆ ‘ਚ ਪੁੱਜੀ ਹੈ, ਜਿਸ ‘ਚੋਂ ਖ੍ਰੀਦ 6.94 ਲੱਖ ਮੀਟ੍ਰਿਕ ਟਨ ਦੀ ਹੋਈ ਹੈ ਮਜ਼ਦੂਰਾਂ ਅਤੇ ਬਾਰਦਾਨੇ ਦੀ ਘਾਟ ਕਾਰਨ ਲਿਫਟਿੰਗ ਦਾ ਕੰਮ ਵੀ ਸੁਸਤ ਚਾਲ ‘ਚ ਹੈ ਕਿਉਂਕਿ ਖ੍ਰੀਦੀ ਹੋਈ 6.94 ਲੱਖ ਮੀਟ੍ਰਿਕ ਟਨ ‘ਚੋਂ ਲਿਫਟਿੰਗ 4 ਲੱਖ 67 ਹਜ਼ਾਰ 80 ਮੀਟ੍ਰਿਕ ਟਨ ਦੀ ਹੀ ਹੋਈ ਹੈ
ਇਹ ਅੰਕੜੇ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਹਨ ਜਦੋਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ‘ਚ ਵੀ ਸਥਿਤੀ ਲਗਭਗ ਅਜਿਹੀ ਹੀ ਹੈ ਮੰਡੀਆਂ ‘ਚ ਕਣਕ ਦੀ ਸਾਂਭ-ਸੰਭਾਲ ਦੇ ਪ੍ਰਬੰਧ ਕਿਸਾਨਾਂ ਨੂੰ ਆਪਣੇ ਪੱਧਰ ‘ਤੇ ਹੀ ਕਰਨੇ ਪੈਂਦੇ ਹਨ ਹੁਣ ਅੱਜ ਪਏ ਮੀਂਹ ਕਾਰਨ ਭਿੱਜੀ ਕਣਕ ਕਰਕੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਝੱਲਣੀ ਪਵੇਗੀ ਕਿਉਂਕਿ ਸੁੱਕੀ ਕਣਕ ਇੱਕਦਮ ਭਿੱਜਣ ਕਰਕੇ ਨਮੀਂ ‘ਚ ਵਾਧਾ ਹੋ ਗਿਆ
ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਪਾਖਰ ਦੀ ਅਨਾਜ ਮੰਡੀ ‘ਚ ਖੜ੍ਹੇ ਕਿਸਾਨਾਂ ਨੇ ਦੱਸਿਆ ਕਿ ਅੱਜ ਦੇ ਝੱਖੜ ਨੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ ਕਿਸਾਨਾਂ ਨੇ ਆਖਿਆ ਕਿ ਬਾਰਦਾਨੇ ਦੀ ਘਾਟ ਦਾ ਖਮਿਆਜ਼ਾ ਕਿਸਾਨ ਭੁਗਤ ਰਹੇ ਨੇ ਜਦੋਂਕਿ ਸਰਕਾਰ ਬਿਹਤਰ ਪ੍ਰਬੰਧਾਂ ਦੀ ਗੱਲ ਆਖਦੀ ਹੈ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਬਠਿੰਡਾ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਕਿਸਾਨਾਂ ਵੀਰਾਂ ਦੇ ਲਈ ਸਾਰੇ ਸੁਚੱਜੇ ਤਰੀਕੇ ਨਾਲ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
4, 5 ਤੇ 6 ਮਈ ਨੂੰ ਵੀ ਮੀਂਹ ਦੀ ਸੰਭਾਵਨਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ 4 ਤੇ 5 ਮਈ ਨੂੰ 3 ਐਮਐਮ ਮੀਂਹ ਪਵੇਗਾ ਜਦੋਂਕਿ 6 ਮਈ ਨੂੰ ਤਾਂ 16 ਐਮਐਮ ਮੀਂਹ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਦਿਨਾਂ ਦੌਰਾਨ ਕਰੀਬ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਵਗੇਗੀ ਮੌਸਮ ਮਾਹਿਰਾਂ ਨੇ ਇਨ੍ਹਾਂ ਦਿਨਾਂ ਦੌਰਾਨ ਗੜੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ
ਬਾਰਦਾਨੇ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਹੀ ਹੈ ਚੁਕਾਈ : ਹਰਸਿਮਰਤ
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੀ ਬਰੇਟਾ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਬਾਰਦਾਨੇ ਦੀ ਭਾਰੀ ਕਮੀ ਹੋਣ ਕਰਕੇ ਬਹੁਤ ਸਾਰੀਆਂ ਮੰਡੀਆਂ ਵਿਚ ਕਣਕ ਦੀ ਚੁਕਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਮੰਡੀਆਂ ‘ਚ ਕਣਕ ਦੇ ਅੰਬਾਰ ਲੱਗ ਰਹੇ ਹਨ ਅਤੇ ਸਿਹਤ ਲਈ ਖਤਰਾ ਖੜ੍ਹਾ ਹੋ ਗਿਆ ਹੈ ਉਹਨਾਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਵੀ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਉਣ ਲਈ ਆਖਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।