ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ

Engry

ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ। ਪਰ ਸਮੱਸਿਆ ਉਦੋਂ ਜਿਆਦਾ ਗੰਭੀਰ ਰੂਪ ਧਾਰਣ ਕਰ ਲੈਂਦੀ ਹੈ ਜਦੋਂ ਇਹ ਚਿੜਚਿੜਾਪਨ ਭਿਆਨਕ ਗੁੱਸੇ ਦਾ ਰੂਪ ਲੈ ਲੈਂਦਾ ਹੈ ਅਤੇ ਗੁੱਸੇ ’ਚ ਵਿਅਕਤੀ ਆਪਣਿਆਂ ਤੱਕ ਦਾ ਕਤਲ ਤੱਕ ਕਰ ਦਿੰਦਾ ਹੈ। (Society)

ਸਹਿਣਸ਼ੀਲਤਾ ਹੋਈ ਖ਼ਤਮ

ਦਿਲ ਦਹਿਲਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕੁਝ ਦਿਨ ਪਹਿਲਾਂ ਜੈਪੁਰ ’ਚ ਇੱਕ ਨੌਜ਼ਵਾਨ ਨੇ ਆਪਣੀ ਤਾਈ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਦੇ ਟੁਕੜੇ ਕਰਕੇ ਜੰਗਲ ’ਚ ਸੁੱਟ ਦਿੱਤੇ । ਕਹਿਣ ਨੂੰ ਤਾਂ ਉਹ ਨੌਜੁਵਾਨ ਪੜ੍ਹਿਆ ਲਿਖਿਆ ਸੀ ਅਤੇ ਇੰਜਨਅਰਿੰਗ ਦੀ ਪੜ੍ਹਾਈ ਤੋਂ ਬਾਦ ਨੌਕਰੀ ਕਰ ਰਿਹਾ ਸੀ, ਉਸਨੇ ਇਹ ਕਬੂਲਿਆ ਕਿ ਉਸਦੀ ਤਾਈ ਉਸ ਨੂੰ ਅਕਸਰ ਟੋਕਾ ਟੁਕਾਈ ਕਰਦੀ ਰਹਿੰਦੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੀ ਤਾਈ ਨੂੰ ਮਾਰ ਦਿੱਤਾ। (Society)

ਅਜਿਹੀ ਹੀ ਇਕ ਘਟਨਾ ਦਿੱਲੀ ਦੀ ਹੈ, ਜਿੱਥੇ ਇਕ ਨੌਜੁਵਾਨ ਨੇ ਘਰਵਾਲੀ ਨਾਲ ਝਗੜੇ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਆਪਣੇ ਦੋ ਸਾਲ ਦੇ ਲੜਕੇ ਨੂੰ ਦੂਜੀ ਮੰਜ਼ਿਲ ਤੋਂ ਥੱਲੇ ਸੁੱਟ ਦਿੱਤਾ।ਅਜਿਹੀਆਂ ਘਟਨਾਵਾਂ ਨੂੰ ਦੇਖ ਸੁਣ ਕੇ ਮਨ ਵਿਚ ਕਈ ਸਵਾਲ ਉੱਠਦੇ ਹਨ। ਗੁੱਸੇ ’ਚ ਤੋੜ ਭੰਨ ਅਤੇ ਮਾਰਕੁੱਟ ਜਿਹੀਆਂ ਘਟਨਾਵਾਂ ਤਾਂ ਸਮਝ ਆਉਂਦੀਆਂ ਹਨ, ਪਰ ਮਾਮੂਲੀ ਗੱਲਾਂ ’ਤੇ ਐਨਾ ਗੁੱਸਾ ਕਿ ਕਿਸੇ ਆਪਣੇ ਨੂੰ ਜਾਨੋਂ ਮਾਰ ਦਿੱਤਾ ਜਾਵੇ, ਇਹ ਚਿੰਤਾ ’ਚ ਪਾਉਣ ਵਾਲੀ ਗੱਲ ਹੈ।ਇਹ ਸਵਾਲ ਵਾਰ ਵਾਰ ਝੰਝੋੜਦਾ ਹੈ ਕਿ ਆਖ਼ਰ ਲੋਕਾਂ ’ਚ ਐਨੀ ਨਕਰਾਤਮਕਤਾ , ਹਿੰਸਾ, ਗੁੱਸਾ, ਨਫ਼ਰਤ ਆਈ ਕਿੱਥੋਂ ਅਤੇ ਕਿਉਂ ਆ ਰਹੀ ਹੈ? (Society)

ਹਿੰਸਾਂ ਇੱਕ ਖਿੱਤੇ ਤੱਕ ਸੀਮਤ ਨਹੀਂ ਰਹੀ

ਹੁਣ ਹਿੰਸਾ ਜਾਂ ਨਫ਼ਰਤ ਦੀ ਭਾਵਨਾ, ਜਾਤੀ, ਧਰਮ, ਭਾਸ਼ਾ, ਖੇਤਰ ਜਾਂ ਦੁਸ਼ਮਣਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਨਿੱਜੀ ਸਬੰਧਾਂ ਤੱਕ ਵੀ ਇਹਨਾਂ ਦਾ ਵਿਸਥਾਰ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆਂ ’ਚ ਨਫ਼ਰਤ ਦੇ ਵਾਧੇ ਦੇ ਕਾਰਨਾ ਨੂੰ ਸਮਝਣਾ ਜ਼ਰੂਰੀ ਹੈ। ਸਵਾਲ ਇਹ ਹੈ ਕਿ ਕਿਵੇਂ ਅਤੇ ਕਿਉਂ ਅਸੀਂ ਇਕ ਅਜਿਹੀ ਥਾਂ ’ਤੇ ਪਹੁੰਚ ਗਏ ਹਾਂ ਜਿੱਥੇ ਨਫ਼ਰਤ ਅਤੇ ਕੋ੍ਰਧ ਦੇ ਰੂਪ ’ਚ ਰਾਸ਼ਟਰਵਾਦ, ਜਾਤੀਵਾਦ ਅਤੇ ਮਹਿਲਾਵਾਂ ਦਾ ਨਿਰਾਦਰ ਵਧਦਾ ਜਾ ਰਿਹਾ ਹੈ ਅਤੇ ਦੁਨੀਆਂ ਭਰ ’ਚ ਅੰਦੋਲਣਾ ਅਤੇ ਮੁਜਾਹਰਿਆਂ ਦਾ ਅਧਾਰ ਬਣ ਰਿਹਾ ਹੈ। (Society)

ਮਨੁੱਖਤਾ ਦੇ ਕਲਿਆਣ ਦੇ ਨਾਲ ਨਾਲ ਨਾਰਾਜ਼ਗੀ ਅਤੇ ਨਿਰਾਸ਼ਾ ’ਚ ਵਾਧਾ ਹੋਇਆ ਹੈ, ਕਿਉਂਕਿ ਆਧੁਨਿਕ ਦੁਨੀਆਂ ਅਤੇ ਸਰਕਾਰਾਂ ਵੱਲੋਂ ਕੀਤੇ ਗਏ ਵਾਇਦੇ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਅਸਫਲ ਰਹੇ ਹਨ। ਇਕ ਕਲਿਆਣਕਾਰੀ ਰਾਜ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦਾ ਵਾਇਦਾ ਪੂਰਾ ਨਹੀਂ ਹੁੰਦਾ ਤਾਂ ਨਾਗਰਿਕਾਂ ਵਿਚ ਨਾਰਾਜ਼ਗੀ ਅਤੇ ਅਸੰਤੁਸ਼ਟੀ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ,ਅਜਿਹਾ ਹੋਣਾ ਸੁਭਾਵਿਕ ਵੀ ਹੈ। ਭਾਰਤ ’ਚ ਅੱਜ ਇਹੋ ਹਲਾਤ ਹਨ। ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਲੋਕ ਖੁਦ ਨੂੰ ਅਸੁੱਖਿਅਤ ਦੁਨੀਆਂ ਦਾ ਹਿੱਸਾ ਮੰਨਣ ਲੱਗੇ ਹਨ। (Society)

ਉਨ੍ਹਾਂ ਨੂੰ ਚਾਰੇ ਪਾਸੇ ਨਿਰਾਸ਼ਾ, ਗੁੱਸਾ ਅਤੇ ਆਰਥਿਕ ਅਸਥਿਰਤਾ ਦਿਖਾਈ ਦੇ ਰਹੀ ਹੈ। ਅਤੇ ਅਜਿਹੇ ਹਲਾਤ ਕੋਈ ਇਕ ਦਿਨ ਵਿਚ ਪੈਦਾ ਨਹੀਂ ਹੋਏ ਹਨ, ਸੋਚਣ ਵਾਲੀ ਗੱਲ ਹੈ ਕਿ ਸਭ ਤੋਂ ਵੱਡੇ ਲੋਕਤੰਤਰ ’ਚ ਹੀ ਜਨਤਕ ਕਦਰਾਂ-ਕੀਮਤਾਂ ਹਾਸ਼ੀਏ ’ਤੇ ਕਿਉਂ ਜਾ ਰਹੀਆਂ ਹਨ। ਆਖ਼ਰ ਅਜਿਹਾ ਕੀ ਹੋ ਗਿਆ ਹੈ ਕਿ ਸਮਾਜਿਕ ਸਰੋਕਾਰਾਂ ਪ੍ਰਤੀ ਸਰਗਰਮ ਬੁੱਧੀਜੀਵੀ ਵਰਗਾਂ ਨੇ ਚੁੱਪ ਦਾ ਸਭਿੱਆਚਾਰ ਅਪਣਾ ਲਿਆ ਹੈ।

ਕੋਈ ਵਿਰੋਧ ਨਹੀਂ ਕੀਤਾ ਜਾਂਦਾ

ਨਾ ਸਿਰਫ ਦੂਜਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੱੁਧ ਸਗੋਂ ਆਪਣੇ ਸਮੂਹਾਂ ਅਤੇ ਭਾਈਚਾਰਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੁੱਧ ਵੀ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਹੈ। ਲਗਾਤਾਰ ਵਧਦੀ ਮਹਿੰਗਾਈ , ਸਾਧਨਾਂ ਦੀ ਅਣਉਪਲਬਧਤਾ, ਘੱਟ ਉਜ਼ਰਤਾਂ, ਕੰਮ ਦੇ ਅਨਿਸ਼ਚਿਤ ਘੰਟੇ, ਔਰਤਾਂ ਅਤੇ ਦਲਿਤਾਂ ਲਈ ਅਸੁਰੱਖਿਅਤ ਮਾਹੌਲ ਅਤੇ ਹਿੰਸਕ ਘਟਨਾਵਾਂ ਵਿਚ ਵਾਧਾ ਆਦਿ ਅਜਿਹੇ ਮਹੱਤਵਪੂਰਨ ਪਹਿਲੂ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ,ਪਰ ਕੀਤਾ ਜਾ ਰਿਹਾ ਹੈ। ਆਖ਼ਰ ਕਿਉਂ ?

ਇਹ ਹਕੀਕਤ ਹੈ ਕਿ ਜਮਹੂਰੀ ਰਾਜ ਨਾਗਰਿਕਾਂ ਦੇ ਹੱਕਾਂ,ਚੋਣ ਭਾਗੀਦਾਰੀ, ਬਰਾਬਰੀ ਅਤੇ ਆਜਾਦੀ ਦੀਆਂ ਕਦਰਾਂ ਕੀਮਤਾਂ ਨੂੰ ਕੇਂਦਰ ਵਿਚ ਰੱਖ ਕੇ ਜੀਵਨ ਨਿਰਧਾਰਤ ਕਰਨ ਦੀ ਇੱਛਾ ਦੀ ਤਰਜ਼ਮਾਨੀ ਕਰਦਾ ਹੈ ਪਰ ਜਮਹੂਰੀਅਤ ਬਾਰੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਹੁਣ ਰਾਜ ਅਤੇ ਸਰਾਕਰ ਸ਼ਕਤੀ ਦਾ ਸਰੋਤ ਨਹੀਂ ਹੈ।ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੇਂ ਦੇਸ਼ ਅੰਦਰ ਜਮਹੂਰੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਗਈ ਹੈ,ਅਜਿਹੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ,ਜਿੰਨ੍ਹਾਂ ਨੇ ਸੰਵਿਧਾਨ ਦੀ ਆਤਮਾ ਨੂੰ ਹੀ ਕੁਚਲ ਕੇ ਰੱਖ ਦਿੱਤਾ ਹੈ। ਇਕ ਨਿਜ਼ਾਮ ਵਿਚ ਜਦੋਂ ਹਾਕਮ ਰਾਜਸੱਤਾ ਰਾਹੀਂ ਆਪਣੇ ਹਿੱਤਾਂ ਦੀ ਰਾਖੀ ਕਰਨ ਲੱਗ ਜਾਣ ਤਾਂ ਅਜਿਹੀਆਂ ਅਸਹਿਜਤਾਵਾਂ ਅਤੇ ਆਰਥਕ ਚੁਣੌਤੀਆਂ ਦਾ ਹੋਣਾ ਸੁਭਾਵਿਕ ਹੈ। ਜਦੋਂ ਕਹਿਣੀ ਤੇ ਕਰਨੀ ’ਚ ਫਰਕ ਹੋ ਜਾਵੇ ਤਾਂ ਸਭ ਤੋਂ ਵੱਡਾ ਲੋਕਤੰਤਰ ਵੀ ਬੇਵੱਸ ਹੋ ਜਾਂਦਾ ਹੈ।

ਰਿਸ਼ਤਿਆਂ ’ਚ ਵਿਸ਼ਵਾਸ ਅਤੇ ਪਿਆਰ ਬਣਿਆ ਰਹੇ

ਆਪਣੇ ਆਪ ਨੂੰ ਭੌਤਿਕਵਾਦ ਅਤੇ ਉਪਭੋਗਵਾਦ ਵੱਲ ਐਨਾ ਵੀ ਨਾ ਧੱਕੋ ਕਿ ਵਿਕਾਸ ਰੂਪੀ ਵਿਨਾਸ਼ ਦੇ ਢੇਰ ’ਤੇ ਇਕੱਲੇ ਖੜੇ ਨਜਰ ਆਈਏ ਅਤੇ ਉਸ ਦੌਰਾਨ ਤੁਹਾਡੇ ਨਾਲ ਭੋਗਣ ਵਾਲਾ ਜਾਂ ਦੇਖਣ ਵਾਲਾ ਵੀ ਕੋਈ ਨਾ ਹੋਵੇ। ਇਸਦੇ ਲਈ ਜ਼ਰੂਰੀ ਹੈ ਕਿ ਰਿਸ਼ਤਿਆਂ ’ਚ ਵਿਸ਼ਵਾਸ ਅਤੇ ਪਿਆਰ ਬਣਿਆ ਰਹੇ, ਤਾਂਹੀ ਕਿਸੇ ਦੇਸ਼ ਅਤੇ ਰਾਜ ਦੇ ਵਿਕਾਸ ਦੀ ਕਲਪਨਾ ਨੂੰ ਸਕਰਾਤਮਕ ਰੂਪ ਦਿੱਤਾ ਜਾ ਸਕੇਗਾ।ਪਰ ਫਿਲਹਾਲ ਸਮਾਜ ਦਾ ਜਿਸ ਤਰ੍ਹਾਂ ਦਾ ਵਾਤਾਵਰਨ ਸਾਹਮਣੇ ਆ ਰਿਹਾ ਹੈ,ਉਸ ’ਚ ਇਸਦੀ ਕਲਪਨਾ ਵੀ ਸੰਭਵ ਨਹੀਂ ਹੈ। ਇਸ ਲਈ ਪਹਿਲਾਂ ਸਮਾਜ ਅਤੇ ਫਿਰ ਸਕਰਾਰ ਲੋਕਾਂ ਨੂੰ ਤਣਾਅ ਤੋਂ ਬਾਹਰ ਲਿਆਉਣ ਦਾ ਕੰਮ ਕਰੇ ਤਾਂ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜ਼ਣਾ ਨੂੰ ਬਲ ਹਾਸਲ ਹੋ ਸਕੇ।

ਹਰਪ੍ਰੀਤ ਸਿੰਘ ਬਰਾੜ
ਸਿਹਤ , ਸਿੱਖਿਆ ਅਤੇ ਸਮਾਜਿਕ ਲੇਖਕ
ਮੇਨ ਏਅਰ ਫੋਰਸ ਰੋਡ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ