ਕੀ ਸਿੱਖਿਆ ਦੇ ਨਿਘਾਰ ਲਈ ਅਧਿਆਪਕ ਹੀ ਹਨ ਜ਼ਿੰਮੇਵਾਰ

ਇੱਕ ਵਿਦਵਾਨ ਮੁਤਾਬਕ, ‘ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਫਸਲ ਬੀਜੋ, ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਲਾਉ,ਜੇਕਰ ਸੋ ਸਾਲ ਦੀ ਯੋਜਨਾ ਹੈ ਤਾਂ ਲੋਕਾਂ ਨੂੰ ਸਿੱਖਿਅਤ ਕਰੋ’ ਆਰਥਾਤ ਜੇਕਰ ਸਮਾਜ ਦਾ ਮੂੰਹ ਮੱਥਾ ਸੁਆਰਨਾ ਹੈ, ਜੇਕਰ ਸੂਬੇ ਨੂੰ ਖੁਸ਼ਹਾਲ ਕਰਨਾ ਹੈ, ਜੇਕਰ ਦੇਸ਼ ਦੀ ਉਸਾਰੀ ‘ਚ ਯੋਗਦਾਨ ਪਾਉਣਾ ਹੈ ਤਾਂ ਸਾਨੂੰ ਬੱਚਿਆਂ ਨੂੰ ਅਧਾਰ ਬਣਾਕੇ ਉਨ੍ਹਾਂ ਦੀ ਜਿੰਦਗੀ ਨੂੰ ਸੁਚੱਜੇ ਸਾਂਚੇ ‘ਚ ਢਾਲਣ ਲਈ ਸਾਰਥਿਕ ਯਤਨ ਕਰਨੇ ਪੈਣਗੇ
ਇਸ ਸਬੰਧ ‘ਚ ਅਧਿਆਪਕਾਂ ਦੀ ਭੂਮਿਕਾ ਅਹਿਮ ਮੰਨੀ ਗਈ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਰੂਪ ‘ਚ ਜਦੋਂ ਬੱਚਾ ਸਕੂਲ ‘ਚ ਪੈਰ ਧਰਦਾ ਹੈ ਤਾਂ ਉਸ ਕੋਲ ਅੱਖਾਂ ਹੁੰਦੀਆਂ ਹਨ ਤੇ ਉਸਨੂੰ ਨਜ਼ਰ ਅਧਿਆਪਕ ਹੀ ਦਿੰਦਾ ਹੈ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਤਰਾਸ਼ ਕੇ ਦਰਿਆ ਵਾਂਗ ਖੁੱਲ੍ਹਾ, ਪਹਾੜਾਂ ਵਾਂਗ ਵਿਸ਼ਾਲ , ਮੈਦਾਨ ਵਾਂਗ ਪੱਧਰਾ, ਅਸਮਾਨ ਵਾਂਗ ਉੱਚਾ ਤੇ ਸਮੁੰਦਰ ਵਾਂਗ ਭਰਿਆ ਹੋਇਆ ਬਣਾ ਦਿੰਦਾ ਹੈ ਅਧਿਆਪਕ ਦੀ ਅਣਗਹਿਲੀ ਉਸਨੂੰ ਲਾਪਰਵਾਹ, ਅਵਾਰਾ, ਹਿੰਸਕ , ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਤੇ ਜਿੰਦਗੀ ਦਾ ਖਲਨਾਇਕ ਬਣਾ ਦਿੰਦੀ ਹੈ ਕਿਸੇ ਬੁੱਤਘਾੜੇ ਦੀ ਬਣਾਈ ਸੁੰਦਰ ਮੂਰਤੀ ਨੂੰ ਵੇਖਕੇ  ਇੱਕ ਕਲਾ ਪ੍ਰੇਮੀ ਨੇ ਪੁੱਛਿਆ,  ਤੁਸੀਂ ਇਹ ਮੂਰਤੀ ਕਿਵੇਂ ਬਣਾਈ? ਬੁੱਤਘਾੜੇ ਨੇ ਜਵਾਬ ਦਿੱਤਾ, ‘ਮੂਰਤੀ ਤਾਂ ਪੱਥਰ ਦੇ ਅੰਦਰ ਹੀ ਸੀ,ਮੈ ਤਾਂ ਵਾਧੂ ਪੱਥਰ ਹਟਾ ਦਿੱਤਾ ਤੇ ਮੂਰਤੀ ਸਾਹਮਣੇ ਆ ਗਈ’ ਬੱਸ, ਅਧਿਆਪਕ ਦਾ ਕਰਮ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਲਈ ਯੋਗ ਜ਼ਰੂਰੀ

ਗੰਭੀਰ ਸਵਾਲ ਹੈ ਕਿ ਬੱਚਿਆਂ ‘ਚ ਆਈ ਨੈਤਿਕਤਾ, ਅਧਿਆਪਕ ਦੀ ਚੰਗੀ ਸ਼ਖ਼ਸੀਅਤ ਵੱਲ ਇਸ਼ਾਰਾ ਕਰਦੀ ਹੈ, ਪਰ ਬੱਚਿਆਂ ‘ਚ ਆਇਆ ਅਨੈਤਿਕਤਾ ਦਾ ਨਿਘਾਰ ਕਿਸ ਵੱਲ ਇਸ਼ਾਰਾ ਕਰਦਾ ਹੈ? ਅਧਿਆਪਕ ਦੀ ਕਾਰਗੁਜਾਰੀ ਕਿਸੇ ਦਫ਼ਤਰ ਦੀਆਂ ਫਾਇਲਾਂ ਵਾਂਗ ਬੰਦ ਨਹੀਂ ਹੁੰਦੀ ਸਗਂੋ ਬਾਹਰ ਮੁਖੀ ਤੇ ਚਿਰ ਸਥਾਈ ਹੋਣ ਕਾਰਨ ਲੁਕ ਨਹੀਂ ਸਕਦੀ ਅਧਿਆਪਨ ਦੇ ਖੇਤਰ ‘ਚ ਬਹੁਤ ਸਾਰੇ ਕਰਮਯੋਗੀ ਅਧਿਆਪਕ ਹਨ ਪਰ ਸਮੁੱਚੇ ਤੌਰ ‘ਤੇ ਮੁਲਾਂਕਨ ਕਰਦਿਆਂ ਜੋ ਕੁਝ ਸਾਡੇ ਸਾਹਮਣੇ ਆਉਂਦਾ ਹੈ ਉਹ ਗੰਭੀਰ ਤੇ ਚਿੰਤਾਜਨਕ ਹੈ ਸਕੂਲਾਂ ‘ਚੋਂ ਬਹੁਤ ਸਾਰੇ ਵਿਦਿਆਰਥੀ ਭਾਈ ਲਾਲੋ ਦੇ ਵਾਰਸ ਨਹੀਂ, ਸਗੋਂ ਮਲਿਕ ਭਾਗੋ ਦੇ ਵਾਰਸ ਬਣਕੇ ਨਿੱਕਲ ਰਹੇ ਹਨ ਬੇਲਗਾਮ ਜਵਾਨੀ ਅਸਲੀ ਰਾਹੋਂ ਭਟਕ ਕੇ ਕੁਰਾਹੇ ਪੈ ਗਈ ਹੈ ਕਈ ਵਿੱਦਿਅਕ ਸੰਸਥਾਵਾਂ ‘ਚ ਵਿਦਿਆਰਥੀ ਹਥਿਆਰਾਂ ਨਾਲ ਲੈਸ ਹੋਕੇ ਆਪਸ ‘ਚ ਭਿੜੇ ਹਨ, ਕਈ ਸੰਸਥਾਵਾਂ ‘ਚ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਬੇਇਜੱਤੀ ਕਰਕੇ ਅਧਿਆਪਕ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕੀਤਾ ਹੈ।

ਅਜਿਹੀਆਂ ਘਿਨਾਉਣੀਆਂ ਹਰਕਤਾਂ ਵੀ ਸਾਹਮਣੇ ਆਈਆਂ ਹਨ ਜਦੋਂ ਵਿਦਿਆਰਥੀ ਨੂੰ ਜਮਾਤ ‘ਚ ਮੋਬਾਇਲ ਦੀ ਵਰਤੋਂ ਕਰਨ ਤੋਂ ਅਧਿਆਪਕ ਨੇ ਰੋਕਿਆ ਤਾਂ ਵਿਦਿਆਰਥੀ ਨੇ ਆਪਣੇ ਜਮਾਤੀਆਂ ਦੀ ਮੱਦਦ ਨਾਲ ਅਧਿਆਪਕ ‘ਤੇ ਹੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਕਈ ਵਿਦਿਆਰਥੀਆਂ ਦੇ ਬੈਗਾਂ ‘ਚੋਂ ਮਾਰੂ ਹਥਿਆਰ, ਮਹਿੰਗੇ ਮੋਬਾਇਲ ਤੇ ਨਸ਼ਿਆ ਦਾ ਫੜਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਸਾਨੂੰ ਇਹ ਚਿੰਤਨ ਕਰਨਾ ਪਵੇਗਾ ਕਿ ਕੀ ਇਸ ਲਈ ਸਿਰਫ ਅਧਿਆਪਕ ਹੀ ਜ਼ਿੰਮੇਵਾਰ ਹਨ? ਕੀ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਜ਼ਿੰਮੇਵਾਰੀ ਸਿਰਫ ਅਧਿਆਪਕਾਂ ਦੀ ਹੀ ਹੈ? ਕੀ ਚੰਗਾ ਪੁੱਤ, ਤੇ ਚੰਗਾ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਸਿਰਫ ਅਧਿਆਪਕਾਂ ਦੇ ਮੋਢਿਆਂ ‘ਤੇ ਹੈ? ਦਰਅਸਲ ਇੱਕ ਵਿਦਿਆਰਥੀ ਦੀ ਜਿੰਦਗੀ ਨੂੰ ਤਰਾਸ਼ਨ ‘ਚ ਅਧਿਆਪਕ ਦੇ ਨਾਲ-ਨਾਲ ਮਾਪੇ, ਸਮਾਜ  ਤੇ ਸਮੇਂ ਦੀ ਸਰਕਾਰ ਨੇ ਵੀ ਅਹਿਮ ਭੁਮਿਕਾ ਨਿਭਾਉਣੀ ਹੁੰਦੀ ਹੈ ਪਰ ਦੁਖਾਂਤਕ ਪੱਖ ਇਹ ਹੈ ਕਿ ਅਧਿਆਪਕ ,ਮਾਪੇ ਤੇ ਸਮਾਜ ਦਾ ਇੱਕ-ਦੂਜੇ ਵੱਲ ਮੁੰਹ ਨਹੀਂ, ਸਗੋਂ ਪਿੱਠ ਜੁੜੀ ਹੋਈ ਹੈ ਤੇ ਇਸ ਦਾ ਖਮਿਆਜ਼ਾ ਵਿਦਿਆਰਥੀ ਵਰਗ ਭੁਗਤ ਰਿਹਾ ਹੈ।

ਜਿੱਥੋਂ ਤੱਕ ਅਧਿਆਪਕ ਵਰਗ ਦਾ ਸਬੰਧ ਹੈ, ਕਈ ਸਕੂਲਾਂ ‘ਚ ਮੋਰੀ ਦੀ ਇੱਟ ਚੁਬਾਰੇ ਨੂੰ ਲੱਗੀ ਹੋਣ ਕਾਰਨ ਵਿਦਿਆਰਥੀ ਦੇ ਜੀਵਨ ‘ਤੇ ਮਾਰੂ ਅਸਰ ਪੈ ਰਿਹਾ ਹੈ ਪਿਛਲੇ ਮਹੀਨੇ 13 ਜੁਲਾਈ ਨੂੰ ਸਿੱਖਿਆ ਮੰਤਰੀ ਨੇ ਉਨ੍ਹਾਂ 500 ਅਧਿਆਪਕਾਂ ਨੂੰ ਚੰਡੀਗੜ੍ਹ ਵਿਖੇ ਕਲਾਸ ਲਾਈ ਜਿਨ੍ਹਾਂ ਦੇ ਦਸਵੀਂ ਨਤੀਜੇ ਮਾੜੇ ਸਨ ਇਨ੍ਹਾਂ ‘ਚੋ ਕਈ ਅਧਿਆਪਕ ਸਹੀ ਤਰੀਕੇ ਨਾਲ ਆਪਣੇ ਨਾਲ ਸਬੰਧਤ ਜਾਣਕਾਰੀ ਵਾਲਾ ਫਾਰਮ ਵੀ ਠੀਕ ਢੰਗ ਨਾਲ ਨਹੀਂ ਭਰ ਸਕੇ ਭਰੇ ਫਾਰਮਾਂ ‘ਚ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਭਾਸ਼ਾ ਦੀਆਂ ਕਈ ਗਲਤੀਆਂ ਸਾਹਮਣੇ ਆਈਆਂ  ਅਜਿਹੇ ਅਧਿਆਪਕਾਂ ਤੋਂ ਵਿਦਿਆਰਥੀ ਦੇ ਚੰਗੇ ਭਵਿੱਖ  ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।

ਜਿਕਰਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ ਗਰੇਸ ਦੇ 25 ਨੰਬਰ ਦੇਣ ਉਪਰੰਤ ਵੀ ਦਸਵੀਂ ਦਾ ਨਤੀਜਾ ਨਿਰਾਸ਼ਾਜÎਨਕ ਆਇਆ ਹੈ ਪੇਂਡੂ ਸਕੂਲਾਂ ਸਬੰਧੀ ਕਰਵਾਏ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਪੰਜਵੀਂ ਜਮਾਤ ਦੇ 30% ਤੇ ਅੱਠਵੀਂ ਦੇ 12% ਵਿਦਿਆਰਥੀ ਪਹਿਲੀ ਜਮਾਤ ਦੀ ਕਿਤਾਬ ਤੋਂ ਅੱਗੇ ਨਹੀਂ ਵਧੇ ਪੰਜਵੀਂ ਦੇ 31.2% ਤੇ ਅੱਠਵੀਂ ਦੇ 17.9% ਬੱਚਿਆਂ ਨੂੰ ਸਧਾਰਨ  ਗੁਣਾਂ ਵੀ ਨਹੀਂ ਆਉਂਦੀ  ਸਰਕਾਰ ਵੱਲੋਂ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਦੇ ਬਾਵਜ਼ੂਦ ਸਰਕਾਰੀ ਸਕੂਲਾਂ ‘ਚ ਜ਼ਿਆਦਾਤਰ ਲੋੜਵੰਦ, ਗਰੀਬ ਤੇ ਦਲਿਤ ਵਰਗ ਨਾਲ  ਸਬੰਧਤ ਬੱਚੇ ਹੀ ਪੜ੍ਹ ਰਹੇ ਹਨ।

ਬਿਨਾ ਸ਼ੱਕ ਵਿੱਦਿਅਕ ਖੇਤਰ ‘ਚ ਪਹਿਲਾਂ ਦੇ ਮੁਕਾਬਲੇ ਨਿਘਾਰ ਆਇਆ ਹੈ ਪਰ ਕੀ ਇਸ  ਲਈ ਸਿਰਫ ਅਧਿਆਪਕ ਹੀ ਜ਼ਿੰਮੇਵਾਰ ਹੈ? ਵਿਦਿਆਰਥੀਆਂ  ਦੇ ਦਿਮਾਗ ‘ਚ ਇਹ ਖਿਆਲ ਕਿਉਂ ਘਰ ਕਰ ਗਿਆ ਹੈ ਕਿ ਸਿੱਖਿਆ ਖਰੀਦਣ ਤੇ ਵੇਚਣ ਯੋਗ ਵਸਤੂ ਹੈ? ਕਿਉਂ ਇਹ ਧਾਰਨਾ ਜਨਮ ਲੈ ਰਹੀ ਹੈ ਕਿ ਵਿੱਦਿਆ ਜਿਹੀ ਅਨਮੋਲ ਵਸਤੂ ਮਹਿੰਗੀ ਟਿਉਸ਼ਨ ਰਾਹੀਂ ਖਰੀਦੀ ਜਾ ਸਕਦੀ ਹੈ? ਅਧਿਆਪਕਾਂ ਤੇ ਮਾਪਿਆਂ ਦਰਮਿਆਨ  ਦੁਕਾਨਦਾਰ  ਤੇ ਗਾਹਕ ਵਰਗਾ ਰਿਸ਼ਤਾ ਬਣ ਗਿਆ ਹੈ ਤੇ ਵਿਦਿਆਰਥੀ ਸਿਰਫ ਕਿਤਾਬੀ ਗਿਆਨ ਹਾਸਲ ਕਰ ਰਹੇ ਹਨ।

ਜਦੋਂ ਇਸ ਸਬੰਧ ‘ਚ ਮਾਪਿਆਂ ਦੀ ਭੂਮਿਕਾ ‘ਤੇ ਨਜ਼ਰ ਮਾਰਦੇ ਹਾਂ ਤਾਂ ਉਨ੍ਹਾਂ ਦਾ ਜ਼ਿਆਦਾ ਜ਼ੋਰ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ‘ਚ ਦਾਖ਼ਲ ਕਰਵਾਉਣ,  ਮਹਿੰਗੀ ਟਿਊਸ਼ਨ ਤੇ ਮਹਿੰਗੇ ਮੋਬਾਇਲ ਤੇ ਹੋਰ ਸਹੂਲਤਾਂ ਦੇਣ ਤੇ ਲੱਗਿਆ ਹੋਇਆ ਹੈ ਭਲਾਂ ਕਿੰਨੇ ਕੁ ਮਾਪੇ ਆਪਣੇ ਬੱਚੇ ਦੀ ਕਾਰਗੁਜ਼ਾਰੀ ਦਾ ਪਤਾ ਕਰਨ ਲਈ ਸਕੂਲ ਜਾਂਦੇ ਹਨ? ਕਿੰਨੇ ਕੁ ਮਾਪਿਆਂ ਦਾ ਸਕੂਲ ਅਧਿਆਪਕਾਂ ਨਾਲ ਟੈਲੀਫੋਨ ‘ਤੇ ਸੰਪਰਕ ਰਹਿੰਦਾ ਹੈ? ਇਸ ਸਬੰਧੀ ਇੱਕ ਅਧਿਆਪਕ ਨੇ ਭਰੇ ਮਨ ਨਾਲ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਸਮੇਂ 23% ਮਾਪੇ ਹੀ ਸਕੂਲ ‘ਚ ਆਕੇ ਆਪਣੇ ਬੱਚਿਆ ਦੀ ਕਾਰਗੁਜਾਰੀ ਸਬੰਧੀ ਵਿਚਾਰ ਵਟਾਂਦਾਰਾ ਕਰਦੇ ਹਨ ।

ਅਧਿਆਪਕ ਵੀ ਮਾਪਿਆਂ ਤੋਂ ਸਹਿਯੋਗ ਤੇ ਹੱਲਾਸ਼ੇਰੀ ਦੀ ਆਸ ਕਰਦਾ ਹੈ ਪਰ ਅਕਸਰ ਮਾਪੇ ਇਹ ਨਰਾਜ਼ਗੀ ਜਾਹਿਰ  ਕਰਨ ਲਈ ਜਰੂਰ ਸਕੂਲ ਪਹੁੰਚ ਜਾਂਦੇ ਹਨ ਕਿ ਸਾਡੇ ਬੱਚੇ ਨੂੰ ਘੂਰਿਆ ਕਿਉਂ ਹੈ? ਭਲਾਂ ਅਜਿਹੀ ਸਥਿਤੀ ‘ਚ ਅਧਿਆਪਕਾਂ ਤੇ ਮਾਪਿਆਂ ਦਰਮਿਆਨ ਉਸਾਰੂ  ਗੁਣਾਤਮਕ , ਸੇਧਮਈ ਤੇ ਮਿਲਵਰਤਨ ਵਾਲਾ ਰਿਸ਼ਤਾ ਕਿੰਜ ਸਿਰਜਿਆ ਜਾ ਸਕਦਾ ਹੈ? ਮਾਪਿਆਂ ਤੇ ਵਿਦਿਆਰਥੀਆਂ ‘ਚ ਇਹ ਧਾਰਨਾ ਨੇ ਕਿ ਸਕੂਲ ‘ਚ ਅਧਿਆਪਕ ਨੇ ਚੰਡਣਾ ਨਹੀਂ , ਗੈਰਹਾਜ਼ਰੀ  ਨਹੀਂ ਲਾਉਣੀ ਤੇ ਫੇਲ੍ਹ ਵੀ ਨਹੀਂ ਕਰਨਾ, ਅਧਿਆਪਕ, ਵਿਦਿਆਰਥੀਆਂ ਤੇ ਮਾਪਿਆਂ ਦੇ ਰਿਸ਼ਤੇ ‘ਚ ਡੂੰਘੀ ਖਾਈ ਪਾ ਦਿਤੀ ਹੈ। ਅਧਾਪਕ ਵਰਗ ਦਾ ਸਰਕਾਰ ਪ੍ਰਤੀ ਵੀ ਗੰਭੀਰ ਸ਼ਿਕਵਾ ਹੈ ।

ਕਿ 1967-68 ‘ਚ ਸਿੱਖਿਆ ਦਾ ਬੱਜਟ ਕੁਲ ਬਜਟ ਦਾ 36.22% ਹੁੰਦਾ ਸੀ ਜੋ ਹੁਣ ਸੁੰਗੜ ਕੇ 12.40% ਰਹਿ ਗਿਆ ਹੈ, ਜਿਸ ਕਾਰਨ ਸਕੂਲ ਦੀਆਂ ਮੁੱਢਲੀਆਂ ਸਹੂਲਤਾਂ ਤੇ ਸਟਾਫ. ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਅਧਿਆਪਕਾਂ ਨੂੰ ਜੂਝਣਾ ਪੈ ਰਿਹਾ ਹੈ, ਉਹ ਕਾਗਜ਼ੀ ਕਾਰਵਾਈ, ਮਿਡੇ ਡੇ ਮੀਲ, ਚੋਣਾਂ ਤੇ ਜਨਗਣਨਾ ‘ਚ ਡਿਊੁਟੀ ਵਰਗੇ  ਗੈਰ ਵਿੱਦਿਅਕ ਕੰਮਾਂ ਕਾਰਨ ਵਿਦਿਆਰਥੀਆਂ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕਦੇ ਇਸ ਤੋਂ ਇਲਾਵਾ ਜੇਕਰ ਕੌਮ ਦੇ ਨਿਰਮਾਤਾ ਨੂੰ ਹੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਿਆਂ, ਮੁਜਾਹਰਿਆਂ ਤੇ ਭੁੱਖ ਹੜਤਾਲ ਦਾ ਸਹਾਰਾ ਲੈਣਾ ਪਵੇ ਤਾਂ ਅਜਿਹੀ ਹਾਲਤ ‘ਚ ਵਿਦਿਆਰਥੀ ਵਰਗ ‘ਤੇ ਇਸ ਦਾ ਮਾਰੂ ਅਸਰ ਜਰੂਰ ਪੈਂਦਾ ਹੈ।

ਸਰਕਾਰੀ ਅਧਿਆਪਕਾਂ ਦੀਆਂ ਸਮੱਸਿਆਵਾਂ, ਨਿੱਜੀ ਵਿੱਦਿਅਕ ਅਦਾਰਿਆਂ ‘ਚ ਮਾਪਿਆਂ ਦੀ ਦਿਲਚਸਪੀ ਤੇ ਸਿੱਖਿਆ ਦੀ ਬਦਹਾਲੀ ਸਬੰਧੀ ਦਰਜ ਕਈ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਅਲਾਹਾਬਾਦ ਹਾਈਕੋਰਟ ਦੇ ਮਾਣਯੋਗ ਜੱਜ ਸੁਧੀਰ ਅਗਰਵਾਲ  ਨੇ ਆਪਣੇ ਫੈਸਲੇ ‘ਚ ਸੂਬੇ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਹੈ ਕਿ ਸਰਕਾਰੀ ਮੁਲਾਜ਼ਮ, ਹੋਰ ਅਧਿਕਾਰੀ , ਨਾਮਜ਼ਦ ਨੁੰਮਾਇਦੇ , ਜੱਜ , ਸਰਕਾਰੀ ਖਜ਼ਾਨੇ ‘ਚੋਂ ਤਨਖ਼ਾਹ ਤੇ ਹੋਰ ਲਾਭ ਹਾਸਲ ਕਰਨ ਵਾਲੇ, ਨਿਗਮਾਂ , ਅਰਧ ਸਰਕਾਰੀ ਅਦਾਰਿਆਂ ਆਦਿ ‘ਚ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਅਜਿਹਾ ਫੈਸਲਾ ਜੇਕਰ ਪੰਜਾਬ ਪ੍ਰਾਂਤ ‘ਚ ਵੀ ਲਾਗੂ ਹੋ ਜਾਵੇ ਤਾਂ ਜਿੱਥੇ ਦੁਹਰੀ ਸਿੱਖਿਆ ਪ੍ਰਣਾਲੀ ਨੂੰ ਠੱਲ੍ਹ ਪਵੇਗੀ ।

ਉਥੇ ਹੀ ਉੱਚ ਅਧਿਕਰੀਆਂ ਤੇ ਸਿਆਸਤਦਾਨਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਜਾਣ ਨਾਲ ਉਹ ਸਕੂਲ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂੰ ਹੋ ਜਾਣਗੇ ਤੇ ਉਨ੍ਹਾਂ ਦੇ ਹੱਲ ਲਈ ਉਹ ਸੁਹਿਰਦ ਯਤਨ ਵੀ ਕਰਨਗੇ ਹੁਣ ਤੱਕ ਤਾਂ ਉੱਚ ਵਰਗ ਤੇ Àੁੱਚ ਅਧਿਕਾਰੀਆਂ ‘ਤੇ  ‘ਜਿਸਦੇ ਪੈਰ ਫਟੀ ਨਹੀਂ ਬਿਆਈ, ਉਹ ਕੀ ਜਾਣੇ ਪੀੜ ਪਰਾਈ’ ਦੀ ਕਹਾਵਤ ਹੀ ਲਾਗੂ ਹੁੰਦੀ ਹੈ ਜੇਕਰ ਅਜਿਹਾ ਸੰਭਵ ਹੁੰਦਾ ਹੈ, ਤਾਂ ਹੀ ਸਿੱਖਿਆ ਇੱਕ ਵਪਾਰ ਦੀ ਥਾਂ ਗਿਆਨ , ਤਕਨੀਕ ,ਰੁਜ਼ਗਾਰ, ਕੁਦਰਤ, ਮਾਨਵਵਾਦੀ ਤੇ ਹੁਨਰ ਦੀ ਸਿੱਖਿਆ ਦੇਣ ਨਾਲ  ਵਿਦਿਆਰਥੀ ਵਰਗ ‘ਚ ਅਸੰਤੋਸ਼ ਤੇ ਨੈਤਿਕਤਾ ਦੀ ਗਿਰਾਵਟ ਦੂਰ ਹੋਵੇਗੀ ਸਹਿਨਸ਼ੀਲਤਾ ਪਿਆਰ , ਮਿਲਵਰਤਨ ਦੀ ਸਿੱਖਿਆ ਰਾਹੀਂ ਹੀ ਮਲਿਕ ਭਾਗੋ ਦੇ ਵਾਰਸ ਵੀ ਪੈਦਾ ਹੋਣਗੇ।