
Patiala News: ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਨਹੀਂ ਦੇ ਰਹੇ ਧਿਆਨ, ਆਉਣ ਵਾਲੇ ਸਮੇਂ ’ਚ ਮੁਸੀਬਤਾਂ ਦਾ ਬਣ ਸਕਦਾ ਹੈ ਕਾਰਨ
- ਇਕੱਠਾ ਹੋਇਆ ਕੂੜਾ ਸੜਕ ਦੀਆਂ ਦੋਵੇਂ ਸਾਇਡਾਂ ’ਤੇ ਖਿੱਲਰਿਆ, ਛੋਟੀ ਨਦੀ ’ਚ ਵੀ ਡਿੱਗਣਾ ਹੋਇਆ ਸ਼ੁਰੂ
Patiala News: ਪਟਿਆਲਾ (ਨਰਿੰਦਰ ਸਿੰਘ ਬਠੋਈ)। ਨਗਰ ਨਿਗਮ ਪਟਿਆਲਾ ਦੇ ਦਫਤਰ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ’ਤੇ ਅਤੇ ਸੀਸ ਮਹਿਲ ਦੇ ਬਿਲਕੁਲ ਨਜ਼ਦੀਕ ਇੱਕ ਵੱਖਰਾ ਕੂੜੇ ਦਾ ਡੰਪ ਬਣਨਾ ਸ਼ੁਰੂ ਹੋ ਗਿਆ ਹੈ ਇਸ ਕੂੜੇ ਦੇ ਡੰਪ ਵੱਲ ਸਾਇਦ ਹੀ ਨਗਰ ਨਿਗਮ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਨਿਗ੍ਹਾ ਗਈ ਹੋਵੇ। ਇਹ ਕੂੜੇ ਦਾ ਡੰਪ ਛੋਟੀ ਨਦੀ ਅਤੇ ਡਕਾਲਾ ਚੁੰਗੀ ਤੋਂ ਕੁਝ ਮੀਟਰ ਦੀ ਦੂਰੀ ’ਤੇ ਬਣਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸੂਲਰ ਅਤੇ ਡਕਾਲਾ ਸਾਇਡ ਤੋਂ ਰਾਜਪੁਰਾ, ਸਨੌਰ, ਦੇਵੀਗੜ ਤੇ ਘਨੌਰ ਸਾਇਡ ਨੂੰ ਜਾਣ ਵਾਲੀ ਸੜਕ ਹੌਲੀ-ਹੌਲੀ ਬਿਲਕੁਲ ਖਤਮ ਹੋਣ ਕਿਨਾਰੇ ਪਹੁੰਚਦੀ ਜਾ ਰਹੀ ਹੈ।
ਨੇੜਲੇ ਲੋਕਾਂ ਵੱਲੋਂ ਇਸ ਸੜਕ ਦੀਆਂ ਦੋਵੇਂ ਸਾਇਡਾਂ ਨੂੰ ਕੂੜੇ ਦੇ ਢੇਰਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਸੜਕ ’ਤੇ ਕੂੜਾ ਹੀ ਕੂੜਾ ਨਜ਼ਰ ਆ ਰਿਹਾ। ਜਿਸ ਪਾਸੇ ਨਗਰ ਨਿਗਮ ਕੋਈ ਵੀ ਧਿਆਨ ਨਹੀਂ ਦੇ ਰਿਹਾ ਅੱਜ ਜਦੋਂ ਡਕਾਲਾ ਤੋਂ ਸਨੌਰ ਅੱਡੇ ਵੱਲ ਨੂੰ ਜਾਂਦੇ ਹੋਏ ਇਸ ਸੜਕ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਸੂਲਰ-ਡਕਾਲਾ ਚੌਂਕ ਤੋਂ ਕੁੱਝ ਹੀ ਕਦਮ ਦੀ ਦੂਰੀ ’ਤੇ ਲੋਕਾਂ ਵੱਲੋਂ ਸੜਕ ਦੀਆਂ ਦੋਵੇਂ ਸਾਇਡਾਂ ’ਤੇ ਕੂੜੇ ਦਾ ਵੱਡਾ ਢੇਰ ਲਗਾਇਆ ਹੋਇਆ ਹੈ ਅਤੇ ਇਹ ਕੂੜਾ ਸੜਕ ’ਤੇ ਵੀ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸੜਕ ਹੌਲੀ ਹੌਲੀ ਕੂੜੇ ਦੇ ਢੇਰ ਦੇ ਕਬਜੇ ’ਚ ਆਉਣੀ ਸ਼ੁਰੂ ਹੋ ਗਈ ਹੈ।
Patiala News
ਇਹ ਕੂੜਾ ਲਗਭਗ ਅੱਧਾ ਕਿਲੋਮੀਟਰ ਦੇ ਏਰੀਏ ’ਚ ਫੈਲਿਆ ਹੋਇਆ ਹੈ, ਜਿਸ ਨੂੰ ਜੇਕਰ ਸਮਾਂ ਰਹਿੰਦੇ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਇਹ ਕੂੜਾ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ। ਇਸ ਕੂੜੇ ਦੇ ਢੇਰ ’ਤੇ ਕਿਸੇ ਅਣਜਾਣ ਵਿਅਕਤੀ ਨੇ ਮਰਿਆ ਹੋਇਆ ਪਸ਼ੂ ਵੀ ਡੇਗ ਦਿੱਤਾ ਹੈ, ਜਿਸ ਵਿੱਚੋਂ ਆਉਣ ਵਾਲੇ ਦਿਨਾਂ ’ਚ ਬਦਬੂ ਵੀ ਮਾਰਨੀ ਸ਼ੁਰੂ ਹੋ ਜਾਵੇਗੀ ਅਤੇ ਇੱਥੋਂ ਰੋਜ਼ਾਨਾ ਆਪਣੇ ਕੰਮਾਂ ਕਾਰਾਂ ਲਈ ਲੰਘਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
Read Also : ਭਾਜਪਾ-ਕਾਂਗਰਸ ਦੇ ਦੋਸ਼ਾਂ ਨੂੰ ਕੇਂਦਰ ਨੇ ਨਕਾਰਿਆ, ਹੜ੍ਹ ‘ਮਾਨ’ ਮੇਡ ਨਹੀਂ, ਸਗੋਂ ਕੁਦਰਤੀ ਆਫ਼ਤ
ਇਸ ਮੌਕੇ ਜਦੋਂ ਕੁੱਝ ਰਾਹੀਗਰਾਂ ਚਰਨ ਸਿੰਘ, ਪ੍ਰਕਾਸ਼ ਸਿੰਘ, ਭਗਵੰਤ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰਾਜਪੁਰਾ ਰੋਡ, ਸਨੌਰੀ ਅੱਡਾ ਤੇ ਘਨੌਰ ਸਾਇਡ ਨੂੰ ਜਾਣ ਲਈ ਸ਼ਹਿਰ ਦੀ ਟ੍ਰੈਫਿਕ ਤੋਂ ਬਚਣ ਲਈ ਇਸ ਰਸਤੇ ਦਾ ਇਸਤੇਮਾਲ ਕਰਦੇ ਹਨ ਪਰ ਲੱਗਦਾ ਹੈ ਕਿ ਇੱਕ ਦਿਨ ਇਹ ਸੜਕ ਆਪਣੇ ਆਪ ਬੰਦ ਹੋ ਜਾਵੇਗੀ, ਕਿਉਂਕਿ ਕੂੜਾ ਇਸ ਸੜਕ ’ਤੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਸੜਕ ਬਿਲਕੁੱਲ ਥੋੜ੍ਹੀ ਜਿਹੀ ਦਿਖਾਈ ਦੇਣ ਲੱਗੀ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਸੜਕ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ ਅਤੇ ਸਾਨੂੰ ਸ਼ਹਿਰ ’ਚ ਲੱਗਦੇ ਟ੍ਰੈਫਿਕ ਜਾਮ ’ਚ ਹੀ ਧੱਕੇ ਖਾਣ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਸਾਡਾ ਸਫਰ ਸੁਖਾਲਾ ਬਣਿਆ ਰਹੇ।
ਕੂੜਾ ਛੋਟੀ ਨਦੀ ’ਚ ਵੀ ਡਿੱਗਣਾ ਹੋਇਆ ਸ਼ੁਰੂ
ਇਸ ਦੌਰਾਨ ਇਹ ਵੀ ਦੇਖਣ ’ਚ ਆਇਆ ਇਹ ਕੂੜਾ ਹੌਲੀ-ਹੌਲੀ ਛੋਟੀ ਨਦੀ ’ਚ ਵੀ ਜਾਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਨਦੀ ’ਚ ਵਗ ਰਿਹਾ ਪਾਣੀ ਵੀ ਰੁਕ ਸਕਦਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਬਰਸਾਤ ਹੁੰਦੀ ਹੈ ਤਾਂ ਇਹ ਕੂੜਾ ਮੀਂਹ ਦੇ ਪਾਣੀ ਨਾਲ ਵੱਡੀ ਮਾਤਰਾ ’ਚ ਨਦੀ ’ਚ ਡਿੱਗ ਜਾਵੇਗਾ ਤੇ ਅੱਗੇ ਆਉਣ ਵਾਲੇ ਸਮੇਂ ਇਸ ਕਾਰਨ ਵੱਡੀ ਮੁਸੀਬਤ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਝੱਲਣੀ ਪੈ ਸਕਦੀ ਹੈ।
ਇਸ ਸਬੰਧੀ ਜਦੋਂ ਮੇਅਰ ਕੁੰਦਨ ਗੋਗੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕਰਮਚਾਰੀ ਨੂੰ ਭੇਜ ਕੇ ਇਸ ਥਾਂ ਦਾ ਮੁਆਇਨਾ ਕਰਵਾਉਣਗੇ ਅਤੇ ਜਲਦ ਹੀ ਇਸ ਕੂੜੇ ਤੋਂ ਆਉਂਦੇ-ਜਾਂਦੇ ਰਾਹੀਗਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਸ਼ਹਿਰ ’ਚੋਂ ਕੂੜਾ ਇਕੱਠਾ ਕਰਨ ਆਉਂਦੇ ਕਰਮਚਾਰੀਆਂ ਨੂੰ ਹੀ ਦੇਣ ਤਾਂ ਜੋ ਇਸ ਕੂੜੇ ਦਾ ਸਹੀ ਤਰ੍ਹਾਂ ਨਾਲ ਨਿਪਟਾਰਾ ਹੋ ਸਕੇ ਅਤੇ ਪਟਿਆਲਾ ਸ਼ਹਿਰ ਸਾਫ-ਸੁਥਰਾ ਰੱਖਿਆ ਜਾ ਸਕੇ।













