ਗੈਰ-ਜ਼ਿੰਮੇਵਾਰ ਸਿਆਸਤਦਾਨ

ਗੈਰ-ਜ਼ਿੰਮੇਵਾਰ ਸਿਆਸਤਦਾਨ

ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਸਿਵਾ ਅਜੇ ਠੰਢਾ ਨਹੀਂ ਹੋਇਆ ਕਿ ਇੱਕ ਗੈਂਗਸਟਰ ਵੱਲੋਂ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ ਕਿ ਉਸ ਨੇ ਸਿੱਧੂ ਮੂਸੇਵਾਲੇ ਨੂੰ ਗੋਲੀ ਮਾਰੀ ਸੀ ਤੇ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲਿਆ ਸੀ ਸਿੱਧੂ ਮੂਸੇਵਾਲੇ ਦੇ ਕਤਲ ਵਾਲੇ ਦਿਨ ਤੋਂ ਹੀ ਲਗਾਤਾਰ ਕਈ ਗੈਂਗਸਟਰ ਗਰੁੱਪਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈਣ ਦੇ ਐਲਾਨ ਕੀਤੇ ਜਾ ਰਹੇ ਹਨ ਇੱਕ ਗਰੁੱਪ ਨੇ ਤਾਂ ਕਾਤਲਾਂ ਦੇ ਨਾਂਅ ਦੱਸਣ ਲਈ ਪੰਜ ਲੱਖ ਰੁਪਏ ਦਾ ਇਨਾਮ ਵੀ ਰੱਖ ਦਿੱਤਾ ਹੈ ਇਹ ਹਾਲਾਤ ਬੇਹੱਦ ਚਿੰਤਾਜਨਕ ਤੇ ਸ਼ਰਮਨਾਕ ਹਨ

ਸਰਕਾਰ ਕਤਲ ਦੇ ਦੋਸ਼ੀਆਂ ਨੂੰ ਲੱਭਣ ਲਈ ਸਰਗਰਮ ਹੈ ਤੇ ਉਮੀਦ ਹੈ ਕਿ ਦੋਸ਼ੀ ਫੜੇ ਵੀ ਜਾਣਗੇ ਪਰ ਜਿਸ ਤਰ੍ਹਾਂ ਬਦਲਾ ਲੈਣ ਦੇ ਐਲਾਨ ਹੋ ਰਹੇ ਹਨ ਉਸ ਦੇ ਸਾਹਮਣੇ ਪੰਜਾਬ ਦੇ ਸਿਆਸਤਦਾਨਾਂ ਦੀ ਚੁੱਪ ਉਹਨਾਂ ਦੇ ਗੈਰ-ਜਿੰਮੇਵਾਰਾਨਾ ਰਵੱਈਏ ਨੂੰ ਜ਼ਾਹਿਰ ਕਰਦੀ ਹੈ ਕੀ ਸਿੱਧੂ ਮੂਸੇਵਾਲੇ ਦੇ ਕਤਲ ਵਾਂਗ ਹੋਰ ਕਤਲ ਹੋਣੇ ਪੰਜਾਬ ਦੇ ਭਵਿੱਖ ਲਈ ਸਹੀ ਹੋਵੇਗਾ? ਪੰਜਾਬ ਦੇ ਪਿੰਡੇ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਜ਼ਖਮ ਗੈਂਗਵਾਰ ਨਾਲ ਠੀਕ ਨਹੀਂ ਹੋਣੇ ਸਗੋਂ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿਵਾਉਣ ਤੇ ਗੈਂਗਸਟਰਾਂ ਦੇ ਸਮਾਜ ਦੀ ਮੁੱਖ ਧਾਰਾ ’ਚ ਵਾਪਸ ਆਉਣ ਨਾਲ ਹੀ ਠੀਕ ਹੋਣਗੇ

ਕੋਈ ਵੀ ਸਿਆਸੀ ਆਗੂ ਜਾਂ ਪਾਰਟੀ ਬੋਲਣ ਲਈ ਜਾਂ ਅੱਗੇ ਆਉਣ ਦੀ ਹਿੰਮਤ ਨਹੀਂ ਕਰ ਰਹੀ ਕਿ ਕਿਵੇਂ ਬਦਲੇਖੋਰੀ ਨੂੰ ਰੋਕਿਆ ਜਾਂ ਗੈਂਗਸਟਰਾਂ ਦਾ ਹੱਲ ਕੱਢਿਆ ਜਾਵੇ ਇਹ ਵੀ ਸੱਚ ਹੈ ਕਿ ਮੂਸੇਵਾਲਾ ਦੇ ਸਸਕਾਰ ਮੌਕੇ ਵੱਡੀ ਗਿਣਤੀ ਗਾਇਕਾਂ ਨੇ ਦੂਰੀ ਬਣਾਈ ਰੱਖੀ, ਬਹੁਤੇ ਗਾਇਕ ਗੈਂਗਸਟਰਾਂ ਦੇ ਭੈਅ ਵਿੱਚ ਸਨ ਇਹੀ ਹਾਲ ਸਿਆਸੀ ਆਗੂਆਂ ਦਾ ਹੈ ਜੋ ਸੂਬੇ ’ਚ ਅਮਨ-ਅਮਾਨ ਲਈ ਨਾ ਤਾਂ ਕੁਝ ਕਰਨ ਦੇ ਸਮਰੱਥ ਹਨ ਤੇ ਨਾ ਇੱਛਾ ਰੱਖਦੇ ਹਨ ਸਿਆਸੀ ਆਗੂਆਂ ਦੀ ਮਤਲਬਪ੍ਰਸਤੀ, ਮੌਕਾਪ੍ਰਸਤੀ ਤੇ ਸਮਾਜ ਪ੍ਰਤੀ ਬੇਰੁਖੀ ਦਾ ਹੀ ਨਤੀਜਾ ਹੈ ਕਿ ਪੰਜਾਬ ਗੈਂਗਸਟਰਾਂ ਦੀ ਰਾਜਧਾਨੀ ਬਣਦਾ ਗਿਆ

ਲਗਭਗ ਸਾਰੀਆਂ ਪਾਰਟੀਆਂ ਦੇ ਆਗੂ ਗੈਂਗਸਟਰਾਂ ਨੂੰ ਵਰਤ ਕੇ ਸੁੱਟਦੇ ਰਹੇ ਨੌਜਵਾਨਾਂ ਦੇ ਹੱਥ ਹਥਿਆਰ ਦੇ ਕੇ ਸਿਆਸੀ ਆਗੂ ਤੁਰਦੇ ਬਣੇ ਅਤੇ ਉਹ ਅਪਰਾਧਾਂ ਦੀ ਦੁਨੀਆ ’ਚ ਗੁਆਚਦੇ ਗਏ ਜਿਹੜੇ ਆਗੂਆਂ ਨੇ ਚੋਣਾਂ ਜਿੱਤਣ ਲਈ ਗੈਂਗਸਟਰ ਪੈਦਾ ਕੀਤੇ ਅਤੇ ਵਰਤੇ ਉਹਨਾਂ ਦੇ ਦਿਲ ’ਚ ਇਹ ਇੱਛਾ ਪੈਦਾ ਹੋਣੀ ਔਖੀ ਹੋ ਗਈ ਕਿ ਭਟਕੇ ਨੌਜਵਾਨਾਂ ਨੂੰ ਵਾਪਸ ਸਮਾਜ ਨਾਲ ਜੋੜਿਆ ਜਾਵੇ ਦੇਸ਼ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਗੈਂਗਸਟਰਾਂ ਖਿਲਾਫ਼ ਜਾਇਜ਼-ਨਜਾਇਜ਼ ਸਖਤੀ ਵਰਤੀ ਹੈ ਕਈ ਗੈਂਗਸਟਰਾਂ ਨੂੰ ਫਰਜ਼ੀ ਮੁਕਾਬਲਿਆਂ ’ਚ ਮਾਰਨ ਦਾ ਮੁੱਦਾ ਉੱਠਦਾ ਰਿਹਾ ਹੈ

ਕਈ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਕੋਰਟ ’ਚ ਪੁਲਿਸ ਖਿਲਾਫ਼ ਪਹੰੁਚੇ ਹਰਿਆਣਾ, ਉੱਤਰ ਪ੍ਰਦੇਸ਼ ਗੈਂਗਸਟਰਾਂ ਦੇ ਖਾਤਮੇ ਲਈ ਚਰਚਾ ’ਚ ਰਹੇ ਸਨ ਪੰਜਾਬ ’ਚ ਗੈਂਗਸਟਰ ਜਿੰਨੀ ਵੱਡੀ ਗਿਣਤੀ ’ਚ ਹਨ ਤੇ ਜਿੰਨੇ ਜੋਸ਼ ਨਾਲ ਬਦਲੇਖੋਰੀ ਲਈ ਉਤਾਵਲੇ ਹੋਏ ਬੈਠੇ ਹਨ ਇਹ ਪੰਜਾਬ ਦੇ ਅਮਨ-ਚੈਨ ਲਈ ਕੋਈ ਵੱਡਾ ਖਤਰਾ ਬਣ ਸਕਦਾ ਹੈ ਇਸ ਭਿਆਨਕ ਤੇ ਗੁੰਝਲਦਾਰ ਸਮੱਸਿਆ ਨਾਲ ਨਜਿੱਠਣਾ ਸਿਰਫ਼ ਸਰਕਾਰ ਦੀ ਜਿੰਮੇਵਾਰੀ ਨਹੀਂ

ਸਗੋਂ ਵਿਰੋਧੀ ਪਾਰਟੀਆਂ ਵੀ ਸਮਾਜ ਤੇ ਸੂਬੇ ਪ੍ਰਤੀ ਆਪਣੀ ਜਿੰਮੇਵਾਰੀ ਸਮਝਣ ਤੇ ਨਿਭਾਉਣ ਕਿਸੇ ਮਾੜੀ ਘਟਨਾ ਦੇ ਵਾਪਰਨ ਤੋਂ ਬਾਅਦ ਸਰਕਾਰ ’ਤੇ ਤਵੇ ਲਾਈ ਜਾਣਾ ਹੀ ਵਿਰੋਧੀ ਧਿਰ ਦੀ ਜਿੰਮੇਵਾਰੀ ਨਹੀਂ ਹੁੰਦੀ ਜੇਕਰ ਵਿਰੋਧੀ ਧਿਰ ਪਹਿਲਕਦਮੀ ਕਰੇ ਤਾਂ ਉਹ ਸਰਕਾਰ ਨੂੰ ਵੀ ਰਸਤਾ ਵਿਖਾ ਸਕਦੀ ਹੈ ਚੰਗਾ ਹੋਵੇ ਜੇਕਰ ਵਿਰੋਧੀ ਪਾਰਟੀਆਂ ਸੂਬੇ ਲਈ ਆਪਣੇ ਪੱਧਰ ’ਤੇ ਕੁਝ ਕਰ ਗੁਜ਼ਰਨ ਦੀ ਹਿੰਮਤ ਵਿਖਾਉਣਜੇਕਰ ਭਵਿੱਖ ’ਚ ਕੋਈ ਭਿਆਨਕ ਤ੍ਰਾਸਦੀ ਵਾਪਰ ਗਈ ਤਾਂ ਸਰਕਾਰ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਵੀ ਮੂੰਹ ਲੁਕੋਣਾ ਔਖਾ ਹੋ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ