ਇਰਫ਼ਾਨ ਦਾ ਸ਼ਾਂਤੀ ਸੰਦੇਸ਼

ਇਰਫ਼ਾਨ ਦਾ ਸ਼ਾਂਤੀ ਸੰਦੇਸ਼

ਫਿਲਮੀ ਅਦਾਕਾਰ ਇਰਫਾਨ ਖਾਨ ਨਾ ਸਿਰਫ਼ ਆਪਣੀ ਐਕਟਿੰਗ ਕਰਕੇ ਵੱਡਾ ਨਾਂਅ ਸੀ ਸਗੋਂ ਉਹ ਧਰਮਾਂ ਦੀ ਵਿਚਾਰਧਾਰਾ ਨੂੰ ਹੀ  ਸਹੀ ਅਰਥਾਂ ‘ਚ ਪੇਸ਼ ਕਰਨ ਤੇ ਉਸ ਨਾਲ ਡਟ ਕੇ ਖੜ੍ਹਨ ਦੀ ਹਿੰਮਤ ਵੀ ਰੱਖਦਾ ਸੀ ਇਸ ਨੂੰ ਕੱਟੜ ਲੋਕਾਂ ਦੀ ਸੰਵੇਦਨਹੀਣਤਾ ਹੀ ਕਹੀਏ ਕਿ ਇਰਫ਼ਾਨ ਦੀ ਮੌਤ ‘ਤੇ ਵੀ ਉਹਨਾਂ ਨੂੰ ਇਰਫ਼ਾਨ ਦੀ ਹਰਮਨਪਿਆਰਤਾ ਬਰਦਾਸ਼ਤ ਨਹੀਂ ਹੋਈ ਤੇ ਕੁਝ ਕੱਟੜ ਲੋਕਾਂ ਨੇ ਉਸ ਨੂੰ ਭੱਦੀਆਂ ਗਾਲ੍ਹਾਂ ਦਿੱਤੀਆਂ ਕਾਇਰਤਾ ਭਰੀਆਂ -ਗਾਲ੍ਹੀਆਂ ਤੋਂ ਹੀ ਉਹਨਾਂ ਲੋਕਾਂ ਦੀ ਸੋਚ ਦਾ ਅੰਦਾਜ਼ਾ ਲੱਗ ਸਕਦਾ ਹੈ ਜੋ ਮਰੇ ਹੋਏ ਵਿਅਕਤੀ ਨਾਲ ਵੀ ਆਪਣੀ ਦੁਸ਼ਮਣੀ ਨਹੀਂ ਛੱਡਦੇ ਜੰਗ ਵਿੱਚ ਵੀ ਦੁਸ਼ਮਣ ਦੀ ਲਾਸ਼ ਦਾ ਨਿਰਾਦਰ ਨਹੀਂ ਕੀਤਾ ਜਾਂਦਾ

ਦਰਅਸਲ ਇਰਫ਼ਾਨ ਨੇ ਇਸ ਵਿਚਾਰ ਨੂੰ ਬੁਲੰਦ ਕੀਤਾ ਸੀ ਕਿ ਇਸਲਾਮ ‘ਚ ਅੱਤਵਾਦ ਤੇ ਹਿੰਸਾ ਲਈ ਕੋਈ ਥਾਂ ਨਹੀਂ ਇਸਲਾਮ ਪਿਆਰ, ਅਮਨ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਜੇਕਰ ਇਰਫ਼ਾਨ ਦੇ ਵਿਚਾਰਾਂ ਨੂੰ ਇਤਿਹਾਸਕ ਨਜ਼ਰੀਏ ਨਾਲ ਵੇਖੀਏ ਤਾਂ ਇਸਲਾਮ ਮਾਨਵਤਾ ਲਈ ਪਿਆਰ ਤਿਆਗ, ਭਾਈਚਾਰੇ ਤੇ ਸਮਰਪਣ ਦੀ ਗੱਲ ਕਰਦਾ ਹੈ ਭਾਰਤ ‘ਚ ਸੂਫ਼ੀ ਸਿਲਸਿਲੇ ਇਸ ਦੀ ਗਵਾਹੀ ਭਰਦੇ ਹਨ ਬਾਬਾ ਸ਼ੇਖ਼ ਫ਼ਰੀਦ ਤੋਂ ਲੈ ਕੇ ਬਾਬਾ ਬੁੱਲ੍ਹੇੇ ਸ਼ਾਹ ਤੱਕ ਸੂਫ਼ੀਆ ਹਰਮਨ ਪਿਆਰਤਾ ਕਿਸੇ ਧਾਰਮਿਕ ਜਾਂ ਜਾਤੀਗਤ ਹੱਦਬੰਦੀ ਦੀ ਮੁਥਾਜ ਨਹੀਂ ਸੀ

ਮੁਸਲਮਾਨਾਂ ਦੇ ਨਾਲ ਕਰੋੜਾਂ ਹਿੰਦੁ ਸਿੱਖਾਂ ‘ਚ ਅੱਜ ਵੀ ਉਹਨਾਂ ਪ੍ਰਤੀ ਸ਼ਰਧਾ ਤੇ ਸਨਮਾਨ ਹੈ ਸੂਫ਼ੀਆ ਨੇ ਲੋਕਾਂ ਨੂੰ ਰੱਬ ਨਾਲ ਤੇ ਬੰਦੇ ਨੂੰ ਆਪਸ ‘ਚ ਜੋੜਿਆ ਸੂਫ਼ੀਆ ਕਾਰਨ ਹੀ ਭਾਰਤ ‘ਚ ਇਸਲਾਮ ਨੂੰ ਹਰਮਨ ਪਿਆਰਤਾ ਮਿਲੀ ਹਿੰਸਾ ਤਾਂ ਇੱਕ ਪਾਸੇ ਇਸਲਾਮ ਤਾਂ ਕਿਸੇ ਦਾ ਦਿਲ ਦੁਖਾਉਣ ਨੂੰ ਵੀ ਗੁਨਾਹ ਮੰਨਦਾ ਹੈ ਇਸਲਾਮ ਅਨੁਸਾਰ ਜੇਕਰ ਕਿਸੇ ਮੁਸਲਮਾਨ ਦਾ ਗੁਆਂਢੀ ਭੁੱਖਾ ਮਰ ਜਾਂਦਾ ਹੈ ਤਾਂ ਮੁਸਲਮਾਨ ਦੀ ਇਬਾਦਤ ‘ਤੇ ਪਾਣੀ ਫ਼ਿਰ ਜਾਂਦਾ ਹੈ

ਇਰਫਾਨ ਪਸ਼ੂਆਂ ਦੀ ਬਲੀ ਨੂੰ ਵੀ ਇਸਲਾਮ ਦੇ ਵਿਰੁੱਧ ਮੰਨਦੇ ਸਨ ਬਿਨਾਂ ਸ਼ੱਕ ਇਰਫਾਨ ਵਰਗੇ ਲੋਕਾਂ ਨੇ ਜਿਸ ਇਸਲਾਮ ਦੀ ਗੱਲ ਕੀਤੀ ਸੀ ਉਸ ਦੀ ਪ੍ਰਸੰਸਾ ਗੈਰ ਮੁਸਲਿਮ ਵੀ ਕਰਦੇ ਹਨ ਉਂਜ ਇਰਫ਼ਾਨ ਆਪਣੀ ਸਦਭਾਵਨਾ ਤੇ ਭਾਈਚਾਰੇ ਕਾਰਨ ਹੀ ਹਿੰਦੁਸਤਾਨ ਦੇ ਕਰੋੜਾਂ ਦਿਲਾਂ ‘ਚ ਆਪਣੀ ਥਾਂ ਬਣਾ ਗਏ ਹਨ ਆਪਣੀ ਵਿਰੋਧਤਾ ਦੇ ਬਾਵਜੂਦ ਉਹ ਆਪਣੇ ਵਿਚਾਰਾਂ ‘ਤੇ ਡਟੇ ਰਹੇ ਵੱਡੀਆਂ ਸਖਸ਼ੀਅਤਾਂ ਦੀ ਜ਼ਿੰਦਗੀ, ਵਿਚਾਰਧਾਰਾ ਪੂਰੀ ਕੌਮ ਲਈ ਸਰਮਾਇਆ ਹੁੰਦੀ ਹੈ ਅਨੇਕਤਾ ‘ਚ ਏਕਤਾ ਵਾਲੇ ਭਾਰਤ ‘ਚ  ਇਰਫ਼ਾਨ ਦੇ ਵਿਚਾਰ ਅਮਨ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਗੇ ਅਜਿਹੇ ਵਿਚਾਰ ਸਦਾ ਸਮਾਜ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।