ਅਮਰੀਕੀ ਠਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ
Israel Attack News: ਤਹਿਰਾਨ (ਏਜੰਸੀ)। ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ 12ਵਾਂ ਦਿਨ ਹੈ। ਈਰਾਨ ਨੇ ਇਜ਼ਰਾਈਲ ਵਿਰੁੱਧ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਈਰਾਨ ਨੇ ਇਜ਼ਰਾਈਲ ਤੇ ਮੱਧ ਪੂਰਬ ’ਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇੱਕ ਈਰਾਨੀ ਮੀਡੀਆ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਅਮਰੀਕੀ ਤਕਨੀਕੀ ਕੰਪਨੀਆਂ ਦੇ ਦਫਤਰਾਂ ਤੇ ਡੇਟਾ ਸੈਂਟਰਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਸੰਭਾਵੀ ਨਿਸ਼ਾਨਿਆਂ ਦੀ ਸੂਚੀ ’ਚ ਗੂਗਲ, ਐਮਾਜ਼ਾਨ, ਮਾਈਕ੍ਰੋਸਾਫਟ, ਐਨਵੀਡੀਆ, ਆਈਬੀਐਮ ਤੇ ਓਰੇਕਲ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਜ਼ਰਾਈਲ, ਦੁਬਈ ਤੇ ਅਬੂ ਧਾਬੀ ’ਚ ਇਨ੍ਹਾਂ ਕੰਪਨੀਆਂ ਦੇ ਦਫਤਰ ਤੇ ਡੇਟਾ ਸੈਂਟਰ ਵੀ ਨਿਸ਼ਾਨਾ ਬਣ ਸਕਦੇ ਹਨ। ਇਸ ਦੌਰਾਨ, ਯੂਐਨਐਸਸੀ ਅੱਜ ਇੱਕ ਮਤੇ ’ਤੇ ਵੋਟ ਪਾਉਣ ਜਾ ਰਹੀ ਹੈ ਜਿਸ ’ਚ ਈਰਾਨ ਨੂੰ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਯੂਏਈ ਤੇ ਜਾਰਡਨ ’ਤੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।













