IPL 2022 ਟੀ-ਟਵੰਟੀ ’ਚ ਇਨਾਂ ਧਾਕੜ ਬੱਲੇਬਾਜ਼ਾਂ ਦਾ ਸਟਰਾਈਕ ਰੇਟ 120 ਪਲਸ ਰਿਹਾ ਹੈ
ਮੁੰਬਈ। ਆਈਪੀਐਲ 2022 ਲਈ ਦੋ ਦਿਨਾਂ ਤੱਕ ਚੱਲੀ ਆਈਪੀਐਲ ਦੀ ਸਭ ਤੋਂ ਵੱਡੀ ਨਿਲਾਮੀ ਐਤਵਾਰ ਨੂੰ ਖਤਮ ਹੋ ਗਈ। 10 ਟੀਮਾਂ ਨੇ ਆਪਣੀ ਟੀਮ ਵਿੱਚ 204 ਖਿਡਾਰੀ ਸ਼ਾਮਲ ਕੀਤੇ। ਨਿਲਾਮੀ ਦੌਰਾਨ ਕਈ ਅਜਿਹੇ ਦਿੱਗਜ ਖਿਡਾਰੀ ਸਨ ਜਿਨ੍ਹਾਂ ‘ਤੇ ਕਿਸੇ ਟੀਮ ਨੇ ਬੋਲੀ ਨਹੀਂ ਲਗਾਈ। (IPL 2022)
ਈਸ਼ਾਨ ਕਿਸ਼ਨ ਨੂੰ ਜਿੱਥੇ 15.25 ਕਰੋੜ ਰੁਪਏ ਮਿਲੇ ਹਨ, ਉਥੇ ਹੀ ਮਿਸਟਰ ਆਈਪੀਐੱਲ ਦੇ ਨਾਂਅ ਨਾਲ ਮਸ਼ਹੂਰ ਸੁਰੇਸ਼ ਰੈਨਾ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਖਿਡਾਰੀਆਂ ਨੂੰ ਖਰੀਦਣ ਵਿੱਚ ਤਿੰਨ ਵੱਡੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ। ਉਨਾਂ ਨੇ ਜਿਆਦਾ ਉਮਰ ਦੇ ਖਿਡਾਰੀ, ਵਿਦੇਸ਼ੀ ਸਪਿੱਨਰਸ ਤੇ ਜਿਨਾਂ ਖਿਡਾਰੀਆਂ ਨੇ ਭਾਰਤ ’ਚ ਖੇਡਣ ਦਾ ਜ਼ਿਆਦਾ ਤਜ਼ਰਬਾ ਨਹੀਂ ਹੈ ਉਨਾਂ ਖਿਡਾਰੀਆਂ ਨੂੰ ਤਵੱਜੋਂ ਨਹੀਂ ਦਿੱਤੀ ਗਈ।
IPL 2022 : ਸੁਰੇਸ਼ ਰੈਨਾ
ਅਕਾਸ਼ਨ ਦੌਰਾਨ ਨਾ ਵਿਕਣ ਵਾਲੇ ਖਿਡਾਰੀਆਂ ਦੇ ਨਾਂਵਾਂ ‘ਚ ਜਦੋਂ ਸੁਰੇਸ਼ ਰੈਨਾ ਦਾ ਨਾਂਅ ਆਇਆ ਤਾਂ ਦੇਸ਼ ਦੇ ਹਰ ਕ੍ਰਿਕਟ ਪ੍ਰਸ਼ੰਸਕ ਲਈ ਹੈਰਾਨ ਕਰ ਦੇਣ ਵਾਲਾ ਸੀ। ਰੈਨਾ ਦਾ ਆਈਪੀਐਲ ਵਿੱਚ ਸਟ੍ਰਾਈਕ ਰੇਟ 136.76 ਹੈ। ਪਹਿਲੇ ਸੀਜ਼ਨ ਤੋਂ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਿਆ। ਹਾਲਾਂਕਿ ਜਦੋਂ ਚੇਨਈ ਦੀ ਟੀਮ ‘ਤੇ ਅੱਧ ਵਿਚਾਲੇ ਪਾਬੰਦੀ ਲੱਗੀ ਤਾਂ ਉਹ ਗੁਜਰਾਤ ਲਾਇਨਜ਼ ਦਾ ਕਪਤਾਨ ਬਣ ਗਿਆ ਪਰ ਜਦੋਂ ਟੀਮ ਦੀ ਵਾਪਸੀ ਹੋਈ ਤਾਂ ਉਹ ਫਿਰ ਤੋਂ ਟੀਮ ‘ਚ ਸ਼ਾਮਲ ਹੋ ਗਿਆ ਪਰ ਇਸ ਵਾਰ ਚੇਨਈ ਨੂੰ ਵੀ ਉਸ ‘ਤੇ ਭਰੋਸਾ ਨਹੀਂ ਰਿਹਾ। ਉਸ ਨੇ ਆਪਣੀ ਬੇਸ ਪ੍ਰਾਈਸ ਦੋ ਕਰੋੜ ਰੱਖਿਆ ਸੀ। ਜੇਕਰ ਇਸ ਖਿਡਾਰੀ ਦੇ ਆਈਪੀਐਲ ਕੈਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ 205 ਮੈਚ ਖੇਡੇ ਹਨ ਅਤੇ 32.51 ਦੀ ਔਸਤ ਨਾਲ 5528 ਦੌੜਾਂ ਬਣਾਈਆਂ ਹਨ। ਇਸ ਵਿੱਚ ਇੱਕ ਸੈਂਕੜਾ ਅਤੇ 39 ਅਰਧ ਸੈਂਕੜੇ ਸ਼ਾਮਲ ਹਨ।
ਸਟੀਵ ਸਮਿਥ
ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਪਿਛਲੇ ਸਾਲ ਦਿੱਲੀ ਕੈਪੀਟਲਸ ਦਾ ਹਿੱਸਾ ਸਨ। ਉਸ ਨੂੰ 2 ਕਰੋੜ 20 ਲੱਖ ਰੁਪਏ ਮਿਲਦੇ ਸਨ। ਦਿੱਲੀ ਤੋਂ ਪਹਿਲਾਂ ਸਮਿਥ ਰਾਜਸਥਾਨ ਰਾਇਲਜ਼ ਦੇ ਕਪਤਾਨ ਵੀ ਸਨ ਪਰ ਉਨ੍ਹਾਂ ਦੀ ਕਪਤਾਨੀ ਅਤੇ ਬੱਲੇ ਦੋਵਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਰਾਜਸਥਾਨ ਨੇ ਉਨ੍ਹਾਂ ਨੂੰ ਅਗਲੀ ਨਿਲਾਮੀ ‘ਚ ਟੀਮ ‘ਚ ਸ਼ਾਮਲ ਨਹੀਂ ਕੀਤਾ। ਆਈਪੀਐਲ ਵਿੱਚ ਸਮਿਥ ਦਾ ਸਟ੍ਰਾਈਕ ਰੇਟ 128.09 ਹੈ। ਸਮਿਥ ਨੇ ਆਈਪੀਐਲ ਵਿੱਚ 103 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 34.51 ਦੀ ਔਸਤ ਨਾਲ 2485 ਦੌੜਾਂ ਬਣਾਈਆਂ ਹਨ।
ਆਲਰਾਊਂਡਰ ਸ਼ਾਕਿਬ ਅਲ ਹਸਨ
ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਆਈਸੀਸੀ ਵਨਡੇ ਰੈਂਕਿੰਗ ‘ਚ ਨੰਬਰ ਇਕ ਆਲਰਾਊਂਡਰ ਹਨ। ਇਸ ਦੇ ਨਾਲ ਹੀ ਟੀ-20 ਕ੍ਰਿਕਟ ‘ਚ ਆਲਰਾਊਂਡਰਾਂ ਦੀ ਗੱਲ ਕਰੀਏ ਤਾਂ ਉਹ ਦੂਜੇ ਸਥਾਨ ‘ਤੇ ਹਨ। ਪਿਛਲੇ ਸੀਜ਼ਨ ਵਿੱਚ ਕੋਲਕਾਤਾ ਦੀ ਟੀਮ ਦਾ ਹਿੱਸਾ ਰਹੇ ਸ਼ਾਕਿਬ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ। ਉਸ ਨੇ 8 ਮੈਚਾਂ ‘ਚ ਸਿਰਫ 47 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਉਸ ਦੇ ਨਾਂ ਸਿਰਫ 4 ਵਿਕਟਾਂ ਸਨ।
ਡੇਵਿਡ ਮਲਾਨ, ਆਰੋਨ ਫਿੰਚ, ਇਓਨ ਮੋਰਗਨ ਤੇ ਮਿਸ਼ਰਾ, ਪੀਯੂਸ਼ ਚਾਵਲਾ ਨੂੰ ਵੀ ਨਹੀਂ ਖਰੀਦਿਆ
ਕਈ ਟੀ-20 ਮਾਹਿਰ ਬੱਲੇਬਾਜ਼ਾਂ ਨੂੰ ਕਿਸੇ ਨੇ ਆਪਣੀ ਟੀਮ ਵਿੱਚ ਨਹੀਂ ਲਿਆ। ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ, ਆਸਟਰੇਲੀਆ ਦੇ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਆਰੋਨ ਫਿੰਚ, ਇੰਗਲੈਂਡ ਦੀ ਟੀ-20 ਟੀਮ ਦੇ ਕਪਤਾਨ ਇਓਨ ਮੋਰਗਨ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਇਨ੍ਹਾਂ ਸਾਰੇ ਖਿਡਾਰੀਆਂ ਦਾ ਸਟ੍ਰਾਈਕ ਰੇਟ ਆਈਪੀਐਲ ਵਿੱਚ 120 ਤੋਂ ਵੱਧ ਹੈ। ਇਨ੍ਹਾਂ ਤੋਂ ਇਲਾਵਾ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਅਮਿਤ ਮਿਸ਼ਰਾ, ਪੀਯੂਸ਼ ਚਾਵਲਾ ਨੂੰ ਵੀ ਕੋਈ ਖਰੀਦਦਾਰ ਨਹੀਂ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















