ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ
ਗੁਰਪ੍ਰੀਤ ਸਿੰਘ/ਸੰਗਰੂਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 65ਵੀਂ ਨੈਸ਼ਨਲ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਕੂਲ ਗੇਮਜ਼ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਡੀ.ਪੀ.ਆਈ. (ਐ.ਸਿੱ.) ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ, ਰੁਪਿੰਦਰ ਸਿੰਘ ਰਵੀ ਸਟੇਟ ਆਰਗਨਾਈਜ਼ਰ ਖੇਡਾਂ (ਸਪੋਰਟਸ) ਅਤੇ ਸੁਰਿੰਦਰ ਸਿੰਘ ਭਰੂਰ ਡਾਇਰੈਕਟਰ ਆਫ ਐਥਲੈਟਿਕਸ ਚੈਂਪੀਅਨਸ਼ਿਪ ਦੀ ਦੇਖ-ਰੇਖ ਵਿੱਚ ਚੱਲ ਰਹੇ ਖੇਡ ਮੁਕਾਬਲਿਆਂ ਤਹਿਤ ਅੱਜ ਤੀਜੇ ਦਿਨ ਹਲਕਾ ਧੂਰੀ ਦੇ ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ ਅਤੇ ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਸ੍ਰੀ ਵਰਿੰਦਰ ਪੰਨਵਾਂ ਨੇ ਸ਼ਿਰਕਤ ਕੀਤੀ। ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜੇਤੂ ਐਥਲੀਟਸ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।
ਤੀਜੇ ਦਿਨ ਵੀ ਹੋਏ ਗਹਿ-ਗੱਚ ਮੁਕਾਬਲੇ
ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਟਪੁੱਟ ਅੰਡਰ -17(ਲੜਕੀਆਂ) ਵਿੱਚ ਪੰਜਾਬ ਦੀ ਜੈਸਮੀਨ ਕੌਰ ਨੇ 15.30 ਮੀਟਰ ਦੀ ਦੂਰੀ ‘ਤੇ ਗੋਲਾ ਸੁੱਟ ਕੇ ਆਪਣੇ ਹੀ ਪੁਰਾਣੇ 2018 ਦੇ 13.96 ਮੀਟਰ ਦੇ ਰਿਕਾਰਡ ਨੂੰ ਸੁਧਾਰਿਆ ਅਤੇ ਗੋਲਡ ਮੈਡਲ ਆਪਣੇ ਹੱਕ ਵਿੱਚ ਕੀਤਾ। ਦੂਸਰੇ ਨੰਬਰ ‘ਤੇ ਹਰਿਆਣਾ ਦੀ ਭਾਰਤੀ ਅਤੇ ਕੇ.ਵੀ.ਐਸ. ਦੀ ਸਾਨਿਆ ਯਾਦਵ ਤੀਸਰੇ ਨੰਬਰ ‘ਤੇ ਰਹੀ।ਸ਼ਾਟਪੁੱਟ ਅੰਡਰ 17(ਮੁੰਡੇ) ਵਿੱਚ ਦਿੱਲੀ ਦੇ ਜੈਦੇਵ ਡੀਕਾ ਨੇ 17.92 ਮੀਟਰ ਦੀ ਦੂਰੀ ‘ਤੇ ਗੋਲਾ ਸੁੱਟ ਕੇ ਪਹਿਲਾ, ਦਿੱਲੀ ਦੇ ਹੀ ਵਿਕਾਸ਼ ਨੇ ਦੂਸਰਾ ਅਤੇ ਹਰਿਆਣਾ ਦੇ ਅਤੁਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਡਿਸਕਸ ਥ੍ਰੋ ਅੰਡਰ 14 (ਮੁੰਡੇ) ਵਿੱਚ ਦਿੱਲੀ ਦੇ ਰਾਮ ਨਾਰਾਇਣ ਮੌਰਿਆ ਨੇ 55.71 ਮੀਟਰ ਨਾਲ ਪਹਿਲਾ, ਉੱਤਰ ਪ੍ਰਦੇਸ਼ ਦੇ ਸ਼ਿਵਮ ਭਾਰਗਵ ਦੂਸਰਾ ਅਤੇ ਹਰਿਆਣਾ ਦੇ ਸੁਮਿਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 (ਕੁੜੀਆਂ) ਹਾਈ ਜੰਪ ਵਿੱਚ ਵੈਸਟ ਬੰਗਾਲ ਦੀ ਮੌਹੁਰ ਮੁਖਰਜੀ ਨੇ 1.54 ਮੀਟਰ ਜੰਪ ਲਗਾ ਕੇ ਪਹਿਲਾ, ਤਾਮਿਲਨਾਡੂ ਦੀ ਸ਼ੁਭਿਕਾ ਐਸ ਨੇ ਦੂਸਰਾ ਅਤੇ ਕੇਰਲਾ ਦੀ ਅਖਿਲਾਮੋਲ ਕ. ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ 14 (ਮੁੰਡੇ) ਹਾਈ ਜੰਪ ਵਿੱਚ ਮੱਧ ਪ੍ਰਦੇਸ਼ ਦੇ ਆਦਿਤਿਆ ਰਘੂਵੰਸ਼ੀ ਨੇ 1.98 ਮੀਟਰ ਜੰਪ ਲਗਾ ਕੇ ਦਿੱਲੀ ਦੇ ਸ਼ਾਹਨਵਾਜ਼ ਖਾਨ ਦਾ ਰਿਕਾਰਡ ਤੋੜ ਕੇ ਪਹਿਲਾ, ਹਰਿਆਣਾ ਦੇ ਰਾਮ ਸਿੰਘ ,ਹਿਮਾਂਸ਼ੂ ਨੇ ਕਰਮਵਾਰ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।