ਚੰਨੀ ਅਤੇ ਮਜੀਠਿਆ ’ਚ ਤਿੱਖੀ ਬਹਿਸ, ਅਕਾਲੀ-ਕਾਂਗਰਸੀ ਵਿਧਾਇਕ ’ਚ ਹੱਥੋ-ਪਾਈ ਦੀ ਨੌਬਤ, ਸਦਨ 4 ਵਾਰ ਮੁਲਤਵੀ, ਅਕਾਲੀ ਵਿਧਾਇਕ ਮੁਅੱਤਲ

ਸਪੈਸ਼ਲ ਵਿਧਾਨ ਸਭਾ ਸੈਸ਼ਨ ਦੌਰਾਨ ਜੰਮ ਕੇ ਹੋਇਆ ਹੰਗਾਮਾ, ਕਾਂਗਰਸੀ ਅਤੇ ਅਕਾਲੀ ਵਿਧਾਇਕ 45 ਮਿੰਟ ਤੱਕ ਭਿੜਦੇ ਰਹੇ

  • ਆਮ ਆਦਮੀ ਪਾਰਟੀ ਦੇ ਵਿਧਾਇਕ ਨਾ ਆਉਂਦੇ ਵਿਚਕਾਰ ਤਾਂ ਹੋ ਜਾਣੀ ਸੀ ਹਥਾਪਾਈ, ਕੁਲਬੀਰ ਜੀਰਾ ਮੁਸ਼ਕਿਲ ਨਾਲ ਆਏ ਕਾਬੂ ’ਚ

(ਅਸ਼ਵਨੀ ਚਾਵਲਾ) ਚੰਡੀਗੜ, 11 ਨਵੰਬਰ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੀ ਕਾਫ਼ੀ ਜਿਆਦਾ ਹੰਗਾਮੇਦਾਰ ਰਿਹਾ। ਖੇਤੀ ਕਾਨੂੰਨਾਂ ਦੇ ਮਤੇ ’ਤੇ ਬਹਿਸ ਮੌਕੇ ਹਾਲਾਤ ਇਸ ਕਦਰ ਵਿਗੜ ਗਏ ਕਿ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਵਿੱਚ ਹੱਥੋ-ਪਾਈ ਤੱਕ ਦੀ ਨੌਬਤ ਆ ਗਈ ਸੀ। ਗੰਭੀਰ ਹੁੰਦੀ ਸਥਿਤੀ ਨੂੰ ਦੇਖਦੇ ਹੋਏ ਸਪੀਕਰ ਨੂੰ ਲਗਾਤਾਰ 4 ਵਾਰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ ਪਰ ਫਿਰ ਵੀ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਾ ਦੇਖ ਸਪੀਕਰ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਨ ਸਭਾ ਦੇ ਸਦਨ ਵਿੱਚੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਅੱਤਲ ਕਰਦੇ ਹੋਏ ਸਦਨ ਤੋਂ ਬਾਹਰ ਕੱਢ ਦਿੱਤਾ।

ਇਸ ਦੌਰਾਨ ਕੁਲਬੀਰ ਜੀਰਾ ਅਤੇ ਬਿਕਰਮ ਮਜੀਠਿਆ ਵਿਚਕਾਰ ਹੱਥੋ-ਪਾਈ ਕਈ ਵਾਰ ਹੰੁਦੇ ਹੁੰਦੇ ਬੱਚ ਗਈ। ਕੁਲਬੀਰ ਜੀਰਾ ਕਈ ਵਾਰ ਅੱਗੇ ਵਧਦੇ ਨਜ਼ਰ ਆਏ ਤਾਂ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਕੁਲਬੀਰ ਜੀਰਾ ਨੂੰ ਫੜਦੇ ਹੋਏ ਪਿੱਛੇ ਬਿਠਾਇਆ। ਜਿਸ ਤੋਂ ਬਾਅਦ ਕੁਝ ਸਥਿਤੀ ਕਾਬੂ ਵਿੱਚ ਆਈ।

ਸਦਨ ਤੋਂ ਬਾਹਰ ਕੱਢੇ ਗਏ ਅਕਾਲੀ ਦਲ ਦੇ ਵਿਧਾਇਕਾਂ ਵਲੋਂ 15 ਮਿੰਟ ਬਾਅਦ ਸਦਨ ਦੀ ਕਾਰਵਾਈ ਵਿੱਚ ਭਾਗ ਲੈਂਦੇ ਦੀ ਕੋਸ਼ਸ਼ ਕੀਤੀ ਤਾਂ ਮਾਰਸ਼ਲ ਨੇ ਉਨਾਂ ਨੂੰ ਰੋਕਦੇ ਹੋਏ ਸਦਨ ਦੀ ਚਾਰ ਦਿਵਾਰੀ ਤੋਂ ਕਾਫ਼ੀ ਜਿਆਦਾ ਦੂਰ ਕਰ ਦਿੱਤਾ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਵਲੋਂ ਮਤਾ ਪੇਸ਼ ਕੀਤਾ ਗਿਆ ਸੀ ਤਾਂ ਇਸ ਨਾਲ ਹੀ ਉਨਾਂ ਵਲੋਂ 2013 ਵਿੱਚ ਅਕਾਲੀ ਸਰਕਾਰ ਦੌਰਾਨ ਪਾਸ ਕੀਤੇ ਗਏ ਕੰਟੈ੍ਰਕਟ ਫਾਰਮਿੰਗ ਐਕਟ 2013 ਨੂੰ ਵੀ ਪਾਸ ਲੈਣ ਸਬੰਧੀ ਬਿਲ ਪੇਸ਼ ਕੀਤਾ ਗਿਆ।

ਇਸ ਬਿੱਲ ’ਤੇ ਜਦੋਂ ਨਵਜੋਤ ਸਿੱਧੂ ਬੋਲ ਰਹੇ ਸਨ ਤਾਂ ਬਿਕਰਮ ਮਜੀਠਿਆ ਵਿੱਚ ਟੋਕਦੇ ਹੋਏ ਆਪਣੀ ਗੱਲ ਰਖਣਾ ਚਾਹੁੰਦੇ ਸਨ। ਜਿਸ ਕਾਰਨ ਨਵਜੋਤ ਸਿੱਧੂ ਅਤੇ ਬਿਕਰਮ ਮਜੀਠਿਆ ਵਿੱਚ ਕਾਫ਼ੀ ਜਿਆਦਾ ਬਹਿਸ ਹੁੰਦੀ ਰਹੀ ਅਤੇ ਦੋਹੇ ਪਾਸੇ ਕਾਫ਼ੀ ਦੇਰ ਬਹਿਸ ਹੋਣ ਤੋਂ ਬਾਅਦ ਨਵਜੋਤ ਸਿੱਧੂ ਕੁਝ ਜਿਆਦਾ ਬੋਲੇ ਹੀ ਬੈਠ ਗਏ।

ਇਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲ ਰਹੇ ਸਨ ਤਾਂ ਉਨਾਂ ਨੇ ਅਕਾਲੀਆਂ ’ਤੇ ਟਿੱਪਣੀਆਂ ਕਰਦੇ ਹੋਏ ਕਾਫ਼ੀ ਕੁਝ ਕਿਹਾ। ਇਸ ਦੌਰਾਨ ਨਸ਼ੇ ਨੂੰ ਲੈ ਕੇ ਬਿਕਰਮ ਮਜੀਠਿਆ ਲਈ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੱਤੀ ਕਿ ਜਿਹਨੂੰ ਸੁਣ ਕੇ ਬਿਕਰਮ ਮਜੀਠਿਆ ਅਤੇ ਅਕਾਲੀ ਦਲ ਦੇ ਵਿਧਾਇਕ ਭੜਕ ਗਏ । ਜਿਸ ਤੋਂ ਬਾਅਦ ਤੁਰੰਤ ਬਾਅਦ ਅਕਾਲੀ ਵਿਧਾਇਕ ਆਪਣੀ ਸੀਟਾਂ ਤੋਂ ਉੱਠ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਨੂੰ ਵੱਧ ਗਏ। ਇਹ ਦੇਖ ਕੇ ਨਵਜੋਤ ਸਿੱਧੂ ਭੱਜ ਕੇ ਅੱਗੇ ਆਏ ਅਤੇ ਕਿਹਾ ਕਿ ਪਿੱਛੇ ਹੱਟ, ਪਿੱਛੇ ਹੱਟ ਪਰ ਅਕਾਲੀ ਵਿਧਾਇਕ ਅਤੇ ਬਿਕਰਮ ਮਜੀਠਿਆ ਕਾਫ਼ੀ ਜਿਆਦਾ ਅੱਗੇ ਆ ਚੁੱਕੇ ਸਨ, ਜਿਸ ਨੂੰ ਦੇਖ ਕੇ ਚਰਨਜੀਤ ਸਿੰਘ ਚੰਨੀ ਪਿੱਛੇ ਹੋ ਕੇ ਬੈਠ ਗਏ ਤਾਂ ਕਾਂਗਰਸੀ ਵਿਧਾਇਕ ਸਾਹਮਣੇ ਆ ਗਏ। ਇਸ ਦੌਰਾਨ ਦੋਹੇ ਪਾਰਟੀਆਂ ਦੇ ਵਿਧਾਇਕਾਂ ਵਿਚਕਾਰ ਹੱਥੋ-ਪਾਈ ਤੱਕ ਦੀ ਨੌਬਤ ਆ ਗਈ।

ਇਸ ਝਗੜੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਗੇ ਆ ਕੇ ਹੱਥੋ-ਪਾਈ ਨਾ ਹੋਵੇ, ਇਸ ਦੀ ਕੋਸ਼ਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਹੇ ਪਾਰਟੀਆਂ ਦੇ ਵਿਧਾਇਕਾਂ ਨੂੰ ਪਿੱਛੇ ਕਰ ਦਿੱਤਾ। ਇਸ ਦੌਰਾਨ ਕੁਲਬੀਰ ਜ਼ੀਰਾ ਅੱਗੇ ਵਧਦੇ ਹੋਏ ਸਿੱਧੀ ਧਮਕੀਆਂ ਦੇ ਰਹੇ ਸਨ ਤਾਂ ਉਨਾਂ ਨੂੰ ਵੀ ਅਕਾਲੀ ਵਿਧਾਇਕ ਧਮਕੀਆਂ ਦੇਣ ਲਗ ਪਾਏ। ਇਸੇ ਦੌਰਾਨ ਮੰਤਰੀ ਰਾਜਾ ਵੜਿੰਗ ਵੀ ਕਾਫ਼ੀ ਜਿਆਦਾ ਗਰਮ ਨਜ਼ਰ ਆਏ ਅਤੇ ਉਨਾਂ ਨਾਲ ਵੀ ਹੱਥੋ-ਪਾਈ ਹੋ ਸਕਦੀ ਸੀ। ਇਸ ਝਗੜੇ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਪਹਿਲਾਂ 15 ਮਿੰਟ ਅਤੇ ਫਿਰ 10 ਮਿੰਟ, ਫਿਰ 15-15 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ।

ਮੁਆਫ਼ੀ ਲਈ ਅੜੇ ਅਕਾਲੀ ਵਿਧਾਇਕ, ਮੁਅੱਤਲ

ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁਆਫ਼ੀ ਜਾਂ ਫਿਰ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਲਗ ਪਏ ਤਾਂ ਸਪੀਕਰ ਨੇ ਕਿਹਾ ਕਿ ਜਿਹੜੇ ਇਤਰਾਜਯੋਗ ਸ਼ਬਦ ਬੋਲੇ ਗਏ ਹਨ, ਉਨਾਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਇਹ ਮਾਮਲਾ ਖ਼ਤਮ ਹੋਣਾ ਚਾਹੀਦਾ ਹੈ ਪਰ ਅਕਾਲੀ ਆਪਣੀ ਮੰਗ ’ਤੇ ਅੜੇ ਰਹੇ ਅਤੇ ਚਰਨਜੀਤ ਸਿੰਘ ਚੰਨੀ ਵਲੋਂ ਵੀ ਮੁਆਫ਼ੀ ਮੰਗਣ ਜਾਂ ਫਿਰ ਸ਼ਬਦ ਵਾਪਸ ਲੈਣ ਸਬੰਧੀ ਕੁਝ ਵੀ ਨਹੀਂ ਕਿਹਾ ਗਿਆ। ਅਕਾਲੀਆਂ ਵਲੋਂ ਮੁੜ ਤੋਂ ਕੀਤੇ ਜਾ ਰਹੇ ਹੰਗਾਮੇ ਨੂੰ ਦੇਖਦੇ ਹੋਏ ਅਕਾਲੀਆਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰਦੇ ਹੋਏ ਬਾਹਰ ਕੱਢ ਦਿੱਤਾ ਗਿਆ।

ਕਾਲੇ ਕਾਨੂੰਨ ਅਕਾਲੀ ਦਲ ਦੀ ਦੇਣ

ਨਵਜੋਤ ਸਿੱਧੂ ਨੇ ਕਿਹਾ ਕਿ ਕਾਲੇ ਕਾਨੂੰਨ ਅਕਾਲੀ ਦਲ ਦੀ ਦੇਣ ਹੈ 2013 ’ਚ ਅਕਾਲੀ ਦਲ ਭਾਜਪਾ ਸਰਕਾਰ ਨੇ ਜੋ ਪੰਜਾਬ ਫਾਰਮਿੰਗ ਐਕਟ ਬਣਾਇਆ ਸੀ, ਇਹ ਉਸ ਦੀ ਨਕਲ ਹੈ ਇਸ ਵਜ੍ਹਾ ਨਾਲ ਪੰਜਾਬ ਸਭ ਤੋਂ ਜਿਆਦਾ ਕਰਜਈ ਹੋ ਗਿਆ।

ਅਕਾਲੀ ਸਿੱਧੂ ’ਤੇ ਭੜਕੇ

ਸਿੱਧੂ ਦੇ ਕਾਲੇ ਕਾਨੂੰਨ ਵਾਲੇ ਬਿਆਨ ਤੋਂ ਬਾਅਦ ਅਕਾਲੀ ਆਗੂ ਭੜਕ ਗਏ ਉਨ੍ਹਾਂ ਵਿਧਾਨ ਸਭਾ ’ਚ ਠੋਕੋ ਤਾਲੀ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਕਾਲੀ ਦਲ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਬਣੇ ਤਾਂ ਉਨਾਂ ਦੀ ਪਤਨੀ ਵੀ ਅਕਾਲੀ-ਭਾਜਪਾ ਸਰਕਾਰ ’ਚ ਹੀ ਸੀ ਉਨ੍ਹਾਂ ਇਸ ਦਾ ਸਮਰੱਥਨ ਕੀਤਾ ਸੀ।

ਮਜੀਠਿਆ ਨੇ ਸਿੱਧੂ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਮਾਂ ਪਾਰਟੀ ਭਾਜਪਾ ਨੂੰ ਛੱਡ ਕੇ ਆ ਗਏ ਇਸ ’ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਸੌਤੇਲੀ ਮਾਂ ਨੂੰ ਇਸ ਲਈ ਛੱਡਿਆ ਕਿਉਕਿ ਉਹ ਪੰਜਾਬ ਦੇ ਨਾਲ ਖੜੇ ਹਨ ਸਿੱਧੂ ਨੇ ਨਸ਼ੇ ਨੂੰ ਲੈ ਕੇ ਮੀਜੀਠਿਆ ’ਤੇ ਗੰਭੀਰ ਦੋਸ਼ ਲਾਏ।

ਬੀਐਸਐਫ਼ ਦਾ ਘੇਰਾ ਵਧਾਉਣ ਖਿਲਾਫ਼ ਪੰਜਾਬ ਵਿਧਾਨ ਸਭਾ ‘ਚ ਸਰਭ ਸੰਮਤੀ ਨਾਲ ਮਤਾ ਪਾਸ

ਚੰਡੀਗੜ੍ਹ। | ਬੀਐਸਐਫ ਦਾ ਦਾਇਰਾ ਵਧਾਉਣ ਖਿਲਾਫ਼ ਮਤਾ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ। ਚੰਨੀ ਨੇ ਕਿਹਾ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਕਰਕੇ ਉਹ ਸਮੁੱਚੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਜੋ ਸਰਬ ਪਾਰਟੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਪੂਰੀ ਮਤਾ ਸਦਨ ਵਿੱਚ ਪੇਸ਼ ਕੀਤਾ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਐਸਐਫ਼ ਅਧਿਕਾਰ ਖੇਤਰ ਵਧਾਉਣ ਦੇ ਵਿਰੋਧ ਵਿਚ ਕੇੰਦਰ ਸਰਕਾਰ ਦੀ ਨੋਟੀਫਿਕੇਸ਼ਨ ਰੱਦ ਕਰਨ ਲਈ ਮਤਾ ਪੇਸ਼ ਕੀਤਾ।  ਰੰਧਾਵਾ ਨੇ ਕਿਹਾ ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮੱਰਥ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ