ਵਿਰਾਸਤੀ ਵਿਰਸੇ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ : ਗਗਨਦੀਪ ਵਿਰਕ
(ਰਾਜਨ ਮਾਨ) ਅੰਮ੍ਰਿਤਸਰ। ਆਰਟ, ਕਲਚਰ ਅਤੇ ਹੈਰੀਟੇਜ ਦੇ ਵਿਰਾਸਤੀ ਵਿਰਸੇ ਨੂੰ ਸਹੇਝਣ ਵਿੱਚ ਲੱਗੀ ਸੰਸਥਾ ਇੰਟੈਕ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਪੇਂਟਿੰਗ ਮੁਕਾਬਲਿਆਂ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟੈਕ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬੀ ਸਾਹਿਤ ਜਗਤ ਵਿੱਚ ਵਿਲੱਖਣ ਸਥਾਨ ਹਾਸਲ ਕਰਨ ਵਾਲੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੇ ਨਿਵਾਸ ਵਿਖੇ ਕੁਦਰਤੀ ਮਾਹੌਲ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਘੱਟ ਵਿਖਿਆਤ ਪ੍ਰਾਪਤ ਹੈਰੀਟੇਜ ਸਥਾਨਾਂ ਪ੍ਰਤੀ ਜਾਗ੍ਰਤੀ ਪੈਦਾ ਕਰਨ ਦੇ ਉਦੇਸ਼ ਨਾਲ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬੜੀ ਉਤਸੁਕਤਾ ਨਾਲ ਭਾਗ ਲਿਆ ਗਿਆ। Amritsar News
ਭਾਈ ਵੀਰ ਸਿੰਘ ਨਿਵਾਸ ਸਥਾਨ ਦੇ ਡਿਪਟੀ ਡਾਇਰੈਕਟਰ ਰਿਟਾਇਰਡ ਪ੍ਰੋਫੈਸਰ ਪਰਮਿੰਦਰ ਕੌਰ ਹੁੰਦਲ ਨੇ ਵਿਦਿਆਰਥੀਆਂ ਨਾਲ ਇਸ ਇਤਿਹਾਸਿਕ ਸਥਾਨ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਦਿਖਾਇਆ ਕਿ ਕਿਸ ਪ੍ਰਕਾਰ ਦੇ ਨਾਲ ਉਹ ਇਸ ਵਿਰਾਸਤੀ ਵਿਰਸੇ ਨੂੰ ਸਹੇਜ ਕੇ ਰੱਖ ਰਹੇ ਹਨ। ਵਿਦਿਆਰਥੀ ਇਸ ਕੁਦਰਤੀ ਮਾਹੌਲ ਵਿੱਚ ਮੁਕਾਬਲੇ ਦੌਰਾਨ ਆਪਣੇ ਆਪ ਵਿੱਚ ਇੱਕ ਨਿਵੇਕਲੀ ਕੁਦਰਤੀ ਚੇਤੰਨਤਾ, ਕੁਦਰਤ ਨਾਲ ਇੱਕ ਸੁਰਤਾ ਅਤੇ ਕੁਦਰਤ ਪ੍ਰੇਮ ਨਾਲ ਭਰਪੂਰ ਮਹਿਸੂਸ ਕਰਦੇ ਇਸ ਗੱਲ ਨਾਲ ਅਨੰਦਿਤ ਹੋ ਰਹੇ ਸਨ ਕਿ ਅੱਜ ਤੋਂ ਕਈ ਦਹਾਕੇ ਪਹਿਲਾਂ ਕਿਸ ਤਰੀਕੇ ਨਾਲ ਭਾਈ ਵੀਰ ਸਿੰਘ ਜੀ ਨੇ ਇਸ ਥਾਂ ਉੱਪਰ ਇੰਨੇ ਵੱਡੇ ਇਤਿਹਾਸਕ ਕਾਰਜ ਕੀਤੇ ਹੋਣਗੇ। Amritsar News
ਇਹ ਵੀ ਪੜ੍ਹੋ: ਢੱਡਰੀਆਂ ‘ਚ ਅਚਾਨਕ ਉਤਰਿਆ ਜਹਾਜ਼, ਵੇਖਣ ਲਈ ਜੁਟੀ ਲੋਕਾਂ ਦੀ ਭੀੜ
ਇਸ ਮੌਕੇ ਤਕਰੀਬਨ ਵੱਖ-ਵੱਖ ਸਕੂਲਾਂ ਦੇ 45 ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਕਵਿਤਾ ਗੁਪਤਾ, ਆਮਿਆ ਅਰੋੜਾ, ਨਵਪ੍ਰੀਤ ਕੌਰ, ਆਰਮੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਹਰਸ਼ਪ੍ਰੀਤ ਕੌਰ, ਭੁਪਿੰਦਰ ਸਿੰਘ, ਸੰਜਨਾ ਕੁਮਾਰੀ , ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀ ਅਨਾਹਦ ਸਿੰਘ, ਹਰਲੀਨ ਕੌਰ, ਸ਼ਗਨਪ੍ਰੀਤ ਕੌਰ ਅਤੇ ਸ੍ਰੀ ਖੜਗਧਾਰੀ ਸਕੂਲ ਦੇ ਅਬੈਜੀਤ ਸਿੰਘ, ਇੰਦਰਜੀਤ ਕੌਰ ਅਤੇ ਹਰਮਨ ਜੋਤ ਕੌਰ ਨੂੰ ਉਹਨਾਂ ਦੀ ਸ਼ਾਨਦਾਰ ਕਲਪਨਾ ਸ਼ਕਤੀ ਕਰਕੇ ਸਰਟੀਫਿਕੇਟ ਆਫ ਮੈਰਿਟ ਅਤੇ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਵੀਰ ਸਿੰਘ ਜੀ ਨਿਵਾਸ ਅਸਥਾਨ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਹੁੰਦਲ ਅਤੇ ਸੰਸਥਾ ਦੇ ਮੈਨੇਜਰ ਸ੍ਰ. ਤਜਿੰਦਰ ਸਿੰਘ ਵੱਲੋਂ ਆਏ ਹੋਏ ਅਧਿਆਪਕਾਂ ਨੂੰ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਕਲਾ ਨਾਲ ਪ੍ਰੇਮ ਕਰਨ ਵਾਲੇ ਪਤਵੰਤੇ ਵੀ ਹਾਜ਼ਰ ਸਨ। Amritsar News