ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਗਊਸ਼ਾਲਾਵਾਂ ਵਿੱ...

    ਗਊਸ਼ਾਲਾਵਾਂ ਵਿੱਚ ਟੀਕਾਕਰਨ ਮੁਕੰਮਲ ਕਰਨ ਦੇ ਨਿਰਦੇਸ਼, ‘ਲੰਪੀ ਸਕਿਨ’ ਬਿਮਾਰੀ ਨੂੰ ਲੈ ਕੇ ਸਰਕਾਰ ਚਿੰਤਤ

     ਮਾੜੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦੀ ਹੋਵੇਗੀ ਜਵਾਬ-ਤਲਬੀ

    • ਟੀਕਾਕਰਨ ਸਬੰਧੀ ਰੋਜ਼ਾਨਾ 50 ਹਜ਼ਾਰ ਦਾ ਟੀਚਾ ਯਕੀਨੀ ਬਣਾਉਣ ਲਈ ਕਿਹਾ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ ‘ਤੇ ਕਰੜੀ ਨਜ਼ਰ ਰੱਖਣ ਅਤੇ ਬਿਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਏ ਮੰਤਰੀ ਸਮੂਹ ਨੇ ਅੱਜ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿੰਨ ਦਿਨਾਂ ‘ਚ ਸਮੂਹ ਗਊਸ਼ਾਲਾਵਾਂ ਵਿੱਚ ਟੀਕਾਕਰਨ ਮੁਕੰਮਲ ਕੀਤਾ ਜਾਵੇ।
    ਇੱਥੇ ਪੰਜਾਬ ਭਵਨ ਵਿਖੇ ਸੂਬੇ ਵਿੱਚ ਫੈਲੀ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੱਦਾ ਦਿੱਤਾ ਕੀਤੀ ਕਿ ਬਿਮਾਰੀ ਦੀ ਰੋਕਥਾਮ ਸਬੰਧੀ ਕਾਰਜ ਨੂੰ ਮਿਸ਼ਨ ਵੱਲੋਂ ਲਿਆ ਜਾਵੇ ਅਤੇ ਟੀਕਾਕਰਨ ਸਬੰਧੀ ਰੋਜ਼ਾਨਾ 50,000 ਦਾ ਟੀਚਾ ਯਕੀਨੀ ਬਣਾਇਆ ਜਾਵੇ।

    ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪਸ਼ੂ ਪਾਲਕਾਂ ‘ਤੇ ਪਈ ਇਸ ਬਿਪਤਾ ਨੂੰ ਸਾਨੂੰ ਸਖਤੀ ਨਾਲ ਨਜਿੱਠਣਾ ਪਵੇਗਾ ਅਤੇ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀਆਂ ਨੇ ਸਖਤ ਲਹਿਜੇ ‘ਚ ਹਦਾਇਤ ਕੀਤੀ ਕਿ ਮਾੜੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦੀ ਜਵਾਬ-ਤਲਬੀ ਕੀਤੀ ਜਾਵੇ। ਉਨਾਂ ਕਿਹਾ ਕਿ ਪਸ਼ੂਆਂ ਦੇ ਇਲਾਜ ਦੇ ਕੰਮ ਨੂੰ ਨੇਪਰੇ ਚਾੜਨ ਲਈ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਣ। ਉਨਾਂ ਕਿਹਾ ਕਿ ਲੋੜ ਅਨੁਸਾਰ ਜੈਨਰਿਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇ।

    ਪਸ਼ੂਆਂ ਨੂੰ ਟੀਕਾ ਬਿਲਕੁਲ ਮੁਫਤ ਲਾਇਆ ਜਾਵੇਗਾ

    ਇਸੇ ਤਰ੍ਹਾਂ ਅਫ਼ਰੀਕਨ ਸਵਾਈਨ ਫ਼ੀਵਰ ਸਬੰਧੀ ਚੱਲ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਮੰਤਰੀਆਂ ਨੇ ਕਿਹਾ ਕਿ “ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009“ ਦੀਆਂ ਹਦਾਇਤਾਂ ਇੰਨ-ਬਿੰਨ ਲਾਗੂ ਕੀਤੀਆਂ ਜਾਣ ਅਤੇ ਸੂਰਾਂ ਦੀ ਆਵਾਜਾਈ ‘ਤੇ ਮੁਕੰਮਲ ਰੋਕ ਲਾਈ ਜਾਵੇ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਹੁਣ ਤੱਕ ਪਸੂ ਪਾਲਣ ਵਿਭਾਗ ਨੂੰ ਗੋਟ ਪੌਕਸ ਵੈਕਸੀਨ ਦੀਆਂ 6.86 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ। ਵਿਭਾਗ ਵੱਲੋਂ 3.31 ਲੱਖ ਤੋਂ ਵੱਧ ਪਸੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ 3.54 ਲੱਖ ਤੋਂ ਵੱਧ ਡੋਜ ਵਿਭਾਗ ਕੋਲ ਉਪਲਬਧ ਹਨ। ਉਨਾਂ ਦੱਸਿਆ ਕਿ ਸੂਬੇ ਦੇ 1,08,958 ਪਸੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਣ ਦਾ ਸੱਕ ਹੈ, ਜਿਨਾਂ ਵਿੱਚੋਂ 64,475 ਪਸੂ ਠੀਕ ਹੋ ਚੁੱਕੇ ਹਨ। ਉਨਾਂ ਜੋਰ ਦੇ ਕੇ ਕਿਹਾ ਕਿ ਪਸ਼ੂਆਂ ਨੂੰ ਟੀਕਾ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ।

    ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸੂ ਪਾਲਣ ਵਿਭਾਗ ਨੂੰ ਪੇਂਡੂ ਵਿਕਾਸ ਫੰਡ ਵਿੱਚੋਂ ਦਵਾਈ ਅਤੇ ਹੋਰ ਸਾਮਾਨ ਖਰੀਦਣ ਲਈ 1 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨਾਂ ਦੱਸਿਆ ਕਿ ਮਰੇ ਹੋਏ ਪਸੂਆਂ ਦੀਆਂ ਲਾਸਾਂ ਨੂੰ ਖੁੱਲੇ ਵਿੱਚ ਸੁੱਟਣ ਦੇ ਰੁਝਾਨ ਨੂੰ ਰੋਕਣ ਅਤੇ ਲਾਸਾਂ ਦੇ ਢੁਕਵੇਂ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਵੱਖ-ਵੱਖ ਜ਼ਿਲਿਆਂ ਵਿੱਚ 179 ਵੈਟਰਨਰੀ ਇੰਟਰਨਜ ਅਤੇ ਪੈਰਾ-ਵੈਟਰਨਰੀ ਵਿਦਿਆਰਥੀਆਂ ਦੀ ਤੈਨਾਤੀ ਤੋਂ ਇਲਾਵਾ, ਪਸੂ ਪਾਲਕਾਂ ਨੂੰ ਬੀਮਾਰੀ ਦੇ ਕਾਰਨਾਂ ਤੇ ਫੈਲਾਅ ਅਤੇ ਪ੍ਰਭਾਵਿਤ ਪਸੂਆਂ ਦੇ ਦੁੱਧ ਦੇ ਸੁਰੱਖਿਅਤ ਸੇਵਨ ਸਬੰਧੀ ਜਾਗਰੂਕ ਕਰਨ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕਤਾ ਮੁਹਿੰਮ ਵਿੱਚ ਸਾਮਲ ਕੀਤਾ ਗਿਆ ਹੈ।

    ਮੀਟਿੰਗ ਦੌਰਾਨ ਇਹ ਮੁੱਦਾ ਵੀ ਵਿਚਾਰਿਆ ਗਿਆ ਕਿ ਲੋੜ ਪੈਣ ‘ਤੇ ਸਮਾਜਿਕ ਸੰਗਠਨਾਂ ਅਤੇ ਹੋਰਨਾਂ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ। ਇਸ ਦੌਰਾਨ ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਪਸ਼ੂ ਪਾਲਣ ਡਾ. ਸੰਜੀਵ ਗੋਇਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਅਤੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਐਸ.ਪੀ.ਐਸ. ਘੁੰਮਣ ਵੀ ਹਾਜਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here