ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ‘ਤੇ ਪਹਿਲਾਂ ਆਪਣਾ ਟੈਕਸ ਘਟਾਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਕਾਂਗਰਸੀ ਟਰੈਕਟਰ ਰੈਲੀਆਂ ਕੱਢਣ ਦੀ ਬਜਾਇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਪ੍ਰੋ. ਚੰਦੂਮਾਜਰਾ ਅੱਜ ਇੱਥੇ ਹੋ ਰਹੇ ਇਕ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਆਖਿਆ ਕਿ ਡੇਢ ਸਾਲ ‘ਚ ਪੰਜਾਬ ਦੇ ਲੋਕਾਂ ਨਾਲ ਇੱਕ ਵੀ ਵਾਅਦਾ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ ਹੈ ਤੇ ਅੱਜ ਜਾਖੜ ਪਟਿਆਲਾ ‘ਚ ਟਰੈਕਟਰ ਰੈਲੀਆਂ ਕਰਦੇ ਫਿਰ ਰਹੇ ਹਨ, ਜਿਸ ਦਾ ਮਤਲਬ ਸਿੱਧੇ ਤੌਰ ‘ਤੇ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾਉਣਾ ਹੈ। ਉਨ੍ਹਾਂ ਆਖਿਆ ਕਿ ਅੱਜ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ, ਨੌਜਵਾਨਾਂ ਨੂੰ ਨੌਕਰੀ ਦੇਣ ਦਾ ਮੁੱਦਾ, ਘਰ ਘਰ ਮੋਬਾਇਲ ਦੇਣ ਦੇ ਮੁੱਦੇ, ਕਾਂਗਰਸ ਸਰਕਾਰ ਦਾ ਮੂੰਹ ਚਿੜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੇ ਵਧੇ ਰੇਟ ਦੀ ਦੁਹਾਈ ਪਾਉਣ ਦੀ ਬਜਾਇ ਕਾਂਗਰਸ ਪਹਿਲਾਂ ਆਪਣੀ ਸਟੇਟ ‘ਚ ਤੇਲ ‘ਤੇ ਆਪਣਾ ਲਗਾਇਆ ਟੈਕਸ ਘਟਾਏ, ਜਿਸ ਨਾਲ ਸਿੱਧਾ ਹੀ ਪੈਟਰੋਲ ਤੇ ਡੀਜ਼ਲ 10 ਰੁਪਏ ਤੋਂ ਲੈ ਕੇ 15 ਰੁਪਏ ਸਸਤਾ ਹੋ ਜਾਵੇਗਾ। ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ‘ਚ ਲੋਕਾਂ ਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ। ਅੱਜ ਕਾਂਗਰਸ ਇੱਕ ਖੇਤੀਬਾੜੀ ਕਮਿਸ਼ਨ ਬਣਾ ਕੇ ਸੂਬੇ ਦੇ ਕਿਸਾਨਾਂ ਦਾ ਕਚੂਮਰ ਕੱਢਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਸੂਬੇ ‘ਚ ਸਿਰਫ 5 ਫੀਸਦੀ ਹੀ ਵੱਡੇ ਕਿਸਾਨ ਹਨ ਜਦੋਂ ਕਿ 95 ਫੀਸਦੀ ਛੋਟੇ ਕਿਸਾਨ ਹਨ।
ਇਸ ਲਈ ਇੱਥੇ ਖੇਤੀਬਾੜੀ ਕਮਿਸ਼ਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਅਜੇ ਕਮਿਸ਼ਨ ਬਣਾਉਣ ਦੀ ਥਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਪਹਿਲ ਕਰੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਜਸਵੀਰ ਸਿੰਘ ਬਘੌਰਾ ਜਨਰਲ ਸਕੱਤਰ ਅਤੇ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।