ਮੋਹਾਲੀ ‘ਚ ਤਾਇਨਾਤ ਇੰਸਪੈਕਟਰ ਤੇ ਡਰਾਈਵਰ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਵਿੱਚ ਭਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਜਿਲੈਂਸ ਵੱਲੋਂ ਰਿਸ਼ਵਤ ਲੈਣ ਵਾਲਿਆਂ ਨੂੰ ਲਗਾਤਾਰ ਫੜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਨੇ ਮੁਹਾਲੀ ਵਿੱਚ ਤਾਇਨਾਤ ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਇੰਸਪੈਕਟਰ (ਏਐਸਆਈ) ਗੁਰਜਿੰਦਰ ਸਿੰਘ ਅਤੇ ਡਰਾਈਵਰ ਪਿਊਸ਼ ਆਨੰਦ ਨੂੰ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 120 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅਤੇ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ।ਵਿਜੀਲੈਂਸ ਅਨੁਸਾਰ ਮੁਹਾਲੀ ਵਿੱਚ ਤਾਇਨਾਤ ਏਐਸਆਈ ਅਤੇ ਉਸ ਦੇ ਡਰਾਈਵਰ ਦੋਵਾਂ ਖ਼ਿਲਾਫ਼ ਥਾਣਾ ਜਨਕਪੁਰੀ, ਲੁਧਿਆਣਾ ਦੇ ਵਾਸੀ ਕੈਲਾਸ਼ ਕੁਮਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਕਤ ਮੁਲਜ਼ਮ ਇੰਸਪੈਕਟਰ ਅਤੇ ਡਰਾਈਵਰ ਨੇ ਬਿਨਾਂ ਐਂਟਰੀ ਟੈਕਸ ਅਦਾ ਕੀਤੇ ਲੋਹੇ ਦੇ ਸਕਰੈਪ ਨਾਲ ਲੱਦੇ ਆਪਣੇ ਵਾਹਨਾਂ ਨੂੰ ਅੰਤਰਰਾਜੀ ਚੈੱਕ ਪੋਸਟ ਸ਼ੰਭੂ ਜ਼ਿਲ੍ਹਾ ਪਟਿਆਲਾ ਤੋਂ ਲੰਘਣ ਦੇਣ ਦੀ ਬਜਾਏ 80,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਏਐਸਆਈ ਨੇ ਉਸ ਨੂੰ ਦੱਸਿਆ ਕਿ ਡਰਾਈਵਰ ਪਿਊਸ਼ ਆਨੰਦ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਹਰ ਮਹੀਨੇ ਵਾਹਨਾਂ ਨੂੰ ਚੈੱਕ ਪੋਸਟ ਤੋਂ ਲੰਘਾਉਣ ਲਈ ਰਿਸ਼ਵਤ ਲੈਂਦਾ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ। ਇਸ ਤੋਂ ਬਾਅਦ ਉਸ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ