ਰਾਜਸੀ ਸਹਿ ਕਾਰਨ ਮਾਲ ਵਿਭਾਗ ਦੀ ਨਿਸ਼ਾਨਦੇਹੀ ਦੇ ਬਾਵਜੂਦ ਨਹੀਂ ਛੱਡੀ ਜਾ ਰਹੀ 17 ਏਕੜ ਸ਼ਾਮਲਾਟ
ਅਮਲੋਹ, (ਅਨਿਲ ਲੁਟਾਵਾ) ਨਜ਼ਦੀਕੀ ਪਿੰਡ ਭਾਂਬਰੀ ਵਿਚ ਸ਼ਾਮਲਾਟ ਜ਼ਮੀਨ ਸੰਬੰਧੀ ਚੱਲ ਰਹੇ ਝਗੜੇ ਉੱਪਰ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਵੱਲੋਂ ਕੁੱਲ ਪੰਚਾਇਤੀ ਜ਼ਮੀਨ ਦੇ ਠੇਕੇ ਉੱਪਰ ਚੜ੍ਹਨ ਸੰਬੰਧੀ ਕੀਤੇ ਗਏ ਦਾਅਵੇ ਨੂੰ ਅੱਜ ਪੰਚਾਇਤ ਵੱਲੋਂ ਗਲਤ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ 17 ਏਕੜ ਜ਼ਮੀਨ ਉੱਪਰ ਕੁੱਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਣ ਕਾਰਨ ਇਹ ਜ਼ਮੀਨ ਠੇਕੇ ਉੱਪਰ ਨਹੀਂ ਚੜ ਰਹੀ।
ਅੱਜ ਇਸ ਅੱਠ ਮੈਂਬਰੀ ਗ੍ਰਾਮ ਪੰਚਾਇਤ ਵਿੱਚੋਂ ਸੱਤ ਮੈਂਬਰਾਂ ਨੇ ਇਕੱਠੇ ਹੋ ਕੇ ਦਾਅਵਾ ਕੀਤਾ ਕਿ ਮਾਲ ਰਿਕਾਰਡ ਅਨੁਸਾਰ ਪਿੰਡ ਦੀ ਸ਼ਾਮਲਾਟ ਜ਼ਮੀਨ ਦਾ ਕੁੱਲ ਰਕਬਾ 80 ਏਕੜ ਹੈ ਅਤੇ ਇਸ ਵਿੱਚੋਂ ਲਗਭਗ 30 ਏਕੜ ਜ਼ਮੀਨ ਵਿੱਚ ਤਿੰਨ ਟੋਭੇ, ਤਿੰਨ ਸ਼ਮਸ਼ਾਨਘਾਟ, ਗੁੱਗਾ ਮਾੜੀ, ਇੱਕ ਸਰਕਾਰੀ ਸਕੂਲ ਅਤੇ ਕੁੱਝ ਰਕਬੇ ਵਿੱਚ ਚਾਰ ਗਾਹ ਤੇ ਬਾਕੀ ਰਸਤਿਆਂ ਲਈ ਛੱਡੀ ਹੋਈ ਹੈ ਇਸ ਤਰ੍ਹਾਂ ਬਾਕੀ 50 ਏਕੜ ਜ਼ਮੀਨ ਬਚਦੀ ਹੈ ਜਿਸ ਵਿੱਚੋਂ ਸਿਰਫ਼ 33 ਏਕੜ ਜ਼ਮੀਨ ਦੀ ਹੀ ਬੋਲੀ ਹੁੰਦੀ ਹੈ ਜਦੋਂ ਕਿ 17 ਏਕੜ ਜ਼ਮੀਨ ਉੱਪਰ ਨਜਾਇਜ਼ ਕਾਬਜਕਾਰਾਂ ਦਾ ਕਬਜਾ ਹੈ
ਪਿੰਡ ਦੇ ਸਰਪੰਚ ਕਰਮ ਸਿੰਘ ਗਿੱਲ ਨੇ ਦੱਸਿਆ ਕਿ ਜੂਨ 2019 ਵਿੱਚ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਕੇ ਹੁਕਮਾਂ ਉੱਪਰ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਮੌਕੇ ਉੱਪਰ ਜਾ ਕੇ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਨਜਾਇਜ਼ ਕਬਜ਼ੇ ਵਾਲੀ 17 ਏਕੜ ਜ਼ਮੀਨ ਦੇ ਰਕਬੇ ਨੂੰ ਬੁਰਜੀਆਂ ਲਗਾ ਕੇ ਪੰਚਾਇਤ ਹਵਾਲੇ ਕਰ ਦਿੱਤਾ ਸੀ
ਪ੍ਰੰਤੂ ਕੁੱਝ ਹੀ ਦਿਨ ਬਾਅਦ ਨਜਾਇਜ਼ ਕਾਬਜਕਾਰਾਂ ਵੱਲੋਂ ਰਾਜਸੀ ਸਹਿ ਉੱਪਰ ਬੁਰਜੀਆਂ ਪੁੱਟ ਕੇ ਛਡਾਈ ਗਈ ਇਸ ਸ਼ਾਮਲਾਟ ਜ਼ਮੀਨ ਉੱਪਰ ਮੁੜ ਕਬਜ਼ੇ ਕਰ ਲਏ ਗਏ। ਪੰਚਾਇਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਬੀ ਡੀ ਪੀ ਓ, ਤਹਿਸੀਲਦਾਰ, ਐੱਸ ਡੀ ਐਮ, ਡੀ ਡੀ ਪੀ ਓ ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਲਗਾਤਾਰ ਲਿਖਤੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਕਾਰਨ ਰਾਜਸੀ ਦਬਾਅ ਹੈ
ਉਨ੍ਹਾਂ ਇਹ ਵੀ ਦੱਸਿਆ ਕਿ ਪਛੜੀਆਂ ਸ਼੍ਰੇਣੀਆਂ ਲਾਈ ਰਾਖਵਾਂ ਪਲਾਂਟ ਜੋ ਗੁਰਜੰਟ ਸਿੰਘ ਪੁੱਤਰ ਰਣ ਸਿੰਘ ਨੇ ਦੋ ਲੱਖ ਰੁਪਏ ਵਿੱਚ ਠੇਕੇ ‘ਤੇ ਲਿਆ ਸੀ ਉਸ ਵਿੱਚੋਂ ਸਿਰਫ਼ 85000 ਰੁਪਏ ਹੀ ਪੰਚਾਇਤ ਖਾਤੇ ਵਿੱਚ ਜਮਾ ਕਰਵਾਏ ਹਨ ਬਾਕੀ ਰਹਿੰਦੇ 115000 ਰੁਪਏ ਜਮਾ ਨਹੀਂ ਕਰਵਾਏ ਗਏ ਪੰਚਾਇਤ ਵੱਲੋਂ ਇਸ ਸੰਬੰਧੀ ਗੁਰਜੰਟ ਸਿੰਘ ਨੂੰ ਨੋਟਿਸ ਭੇਜ ਕੇ ਬਾਕੀ ਰਹਿੰਦੇ ਪੈਸੇ ਜਮਾ ਕਰਵਾਉਣ ਲਈ ਕਿਹਾ ਗਿਆ ਹੈ ਅੱਜ ਇਸ ਮੌਕੇ ਸਰਪੰਚ ਕਰਮ ਸਿੰਘ ਗਿੱਲ ਮੈਂਬਰ ਪੰਚਾਇਤ ਗੁਰਮੇਲ ਸਿੰਘ, ਗੁਰਬਚਨ ਸਿੰਘ, ਸ਼ਿੰਗਾਰਾ ਸਿੰਘ, ਛੋਟਾ ਸਿੰਘ, ਕਮਲਪ੍ਰੀਤ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ ਸਿਰਫ਼ ਇਕ ਪੰਚਾਇਤ ਮੈਂਬਰ ਇਸ ਮੌਕੇ ਗ਼ੈਰਹਾਜ਼ਰ ਸੀ ਜਦੋਂ ਕਿ ਪਿੰਡ ਦੇ ਹੋਰ ਬਹੁਤ ਮੋਹਤਬਰ ਹਾਜ਼ਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ