ਦੇਸ਼ ਵਿੱਚ ਮਹਿੰਗਾਈ ਨੇ ਦਿੱਤਾ ਇਕ ਹੋਰ ਝਟਕਾ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਫਿਰ ਵਾਧਾ
ਨਵੀਂ ਦਿੱਲੀ। ਦੇਸ਼ ਵਿੱਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਵੀਰਵਾਰ ਨੂੰ ਘਰੇਲੂ (LPG Price) ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਸਿਲੰਡਰ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ ਤੋਂ ਬਾਅਦ ਹੁਣ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 1000 ਰੁਪਏ ਤੋਂ ਪਾਰ ਹੋ ਜਾਣਗੀਆਂ। ਕੀਮਤਾਂ ਵਿੱਚ ਇਹ ਸੋਧ ਅੱਜ ਤੋਂ ਹੀ ਲਾਗੂ ਹੋ ਜਾਵੇਗੀ।
14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ ਨਵੀਂ ਦਿੱਲੀ ਵਿੱਚ 1003.00 ਰੁਪਏ, ਕੋਲਕਾਤਾ ਵਿੱਚ 1029.00 ਰੁਪਏ, ਮੁੰਬਈ ਵਿੱਚ 1002.50 ਰੁਪਏ ਅਤੇ ਚੇਨਈ ਵਿੱਚ 1018.50 ਰੁਪਏ ਹੋਵੇਗੀ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 7 ਮਈ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਘਰੇਲੂ ਸਿਲੰਡਰਾਂ ਦੇ ਨਾਲ-ਨਾਲ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ 8 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਹੁਣ 19 ਕਿਲੋ ਦੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2,354 ਰੁਪਏ, ਕੋਲਕਾਤਾ ਵਿੱਚ 2,454 ਰੁਪਏ, ਮੁੰਬਈ ਵਿੱਚ 2,306 ਰੁਪਏ ਅਤੇ ਚੇਨਈ ਵਿੱਚ 2,507 ਰੁਪਏ ਹੋਵੇਗੀ। ਕਮਰਸ਼ੀਅਲ ਸਿਲੰਡਰਾਂ ‘ਚ ਇਹ ਤੀਜਾ ਬਦਲਾਅ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਸਿਲੰਡਰ ਦੀਆਂ ਕੀਮਤਾਂ ‘ਚ 10 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।