ਇੰਦੌਰ ਟੈਸਟ ’ਚ ਭਾਰਤ ਹਾਰਿਆ : ਆਸਟਰੇਲੀਆ ਨੇ 76 ਦੌੜਾਂ ਦਾ ਟਾਰਗੇਟ 76 ਮਿੰਟਾਂ ’ਚ ਹਾਸਲ ਕੀਤਾ, 9 ਵਿਕਟਾਂ ਨਾਲ ਜਿੱਤੇ

IND vs AUS

ਇੰਦੌਰ। ਇੰਦੌਰ ’ਚ ਆਸਟਰੇਲੀਆ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 76 ਦੌੜਾਂ ਦਾ ਟਾਰਗੇਟ ਦਿੱਤਾ ਸੀ, ਜਿਸ ਨੂੰ ਆਸਟਰੇਲੀਆ ਨੇ ਖੇਡ ਸ਼ੁਰੂ ਹੋਣ ਤੋਂ 76 ਮਿੰਟਾਂ ’ਚ ਹੀ ਹਾਸਲ ਕਰ ਲਿਆ ਹੈ। ਟ੍ਰੈਵਿਸ ਹੈੱਡ ਨੇ 49 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ ਚਾਰ ਮੁਕਾਬਲਿਆਂ ’ਚ ਸੀਰੀਜ ’ਚ 2-1 ਦੀ ਵਾਪਸੀ ਕੀਤੀ। (IND vs AUS)

ਸੀਰੀਜ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ 9 ਤੋਂ 13 ਮਾਰਚ ਤੱਕ ਖੇਡਿਆ ਜਾਵੇਗਾ। ਤੀਜੇ ਦਿਨ ਸੁੱਕਰਵਾਰ ਨੂੰ ਮਹਿਮਾਨ ਟੀਮ ਦੇ ਸਾਹਮਣੇ 76 ਦੌੜਾਂ ਦਾ ਛੋਟਾ ਜਿਹਾ ਟੀਚਾ ਸੀ, ਹਾਲਾਂਕਿ ਅਸ਼ਵਿਨ ਨੇ ਦਿਨ ਦੀ ਦੂਜੀ ਗੇਂਦ ’ਤੇ ਉਸਮਾਨ ਖਵਾਜਾ ਨੂੰ ਜੀਰੋ ’ਤੇ ਆਊਟ ਕਰਕੇ ਭਾਰਤੀ ਪ੍ਰਸੰਸਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ। ਪਹਿਲੇ 11 ਓਵਰਾਂ ’ਚ ਭਾਰਤੀ ਸਪਿਨਰ ਵੀ ਪ੍ਰਭਾਵਸਾਲੀ ਰਹੇ ਪਰ 12ਵੇਂ ਓਵਰ ’ਚ ਗੇਂਦ ਬਦਲਦੇ ਹੀ ਹਾਲਾਤ ਬਦਲ ਗਏ। ਇਸ ਤੋਂ ਪਹਿਲਾਂ ਕੰਗਾਰੂਆਂ ਨੇ 13 ਦੌੜਾਂ ਬਣਾਈਆਂ ਸਨ। ਨਵੀਂ ਗੇਂਦ ’ਤੇ ਆਸਟ੍ਰੇਲੀਆਈ ਬੱਲੇਬਾਜਾਂ ਨੇ 7 ਓਵਰਾਂ ’ਚ ਬਾਕੀ 63 ਦੌੜਾਂ ਬਣਾਈਆਂ। ਮਾਰਨਸ ਲਾਬੂਸੇਨ ਨੇ ਅਸਵਿਨ ਦੀ ਗੇਂਦ ’ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਟ੍ਰੈਵਿਸ ਹੈੱਡ 49 ਅਤੇ ਮਾਰਨਸ ਲਾਬੂਸੇਨ 28 ਦੌੜਾਂ ਬਣਾ ਕੇ ਅਜੇਤੂ ਰਹੇ। (IND vs AUS)

ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿੱਚ 163 ਦੌੜਾਂ ਬਣਾ ਕੇ 75 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ, ਜਦਕਿ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 197 ਦੌੜਾਂ ਬਣਾਈਆਂ ਸਨ ਅਤੇ ਉਹ 88 ਦੌੜਾਂ ਨਾਲ ਅੱਗੇ ਸੀ। ਭਾਰਤ ਪਹਿਲੀ ਪਾਰੀ ‘ਚ 109 ਦੌੜਾਂ ’ਤੇ ਸਿਮਟ ਗਿਆ ਸੀ।

ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ- ਸਪਿਨ ਫ੍ਰੈਂਡਲੀ ਪਿੱਚ ’ਤੇ ਖੇਡਣਾ ਟੀਮ ਦਾ ਫੈਸਲਾ ਸੀ। ਸਾਨੂੰ ਪਤਾ ਸੀ ਕਿ ਇਹ ਸਾਡੇ ਬੱਲੇਬਾਜਾਂ ਲਈ ਵੀ ਚੁਣੌਤੀਪੂਰਨ ਹੋਵੇਗਾ, ਪਰ ਅਸੀਂ ਇਸ ਲਈ ਤਿਆਰ ਸੀ, ਹਾਲਾਂਕਿ ਭਾਰਤੀ ਬੱਲੇਬਾਜ ਪਹਿਲੀ ਪਾਰੀ ’ਚ ਚੰਗੀ ਬੱਲੇਬਾਜੀ ਨਹੀਂ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ