ਫਰੀਦਕੋਟੀਏ ਪੁੱਤਰ ਨੂੰ ਮਿਲਿਆ ਸੀ ਸੱਤਵਾਂ ਰਾਸ਼ਟਰਪਤੀ ਹੋਣ ਦਾ ਮਾਣ

India, President, Giani Zail Singh

ਗਿਆਨੀ ਜ਼ੈਲ ਸਿੰਘ 1982 ਤੋਂ 1987 ਤੱਕ ਰਹੇ ਹਨ ਦੇਸ਼ ਦੇ ਰਾਸ਼ਟਰਪਤੀ

ਜਗਦੀਪ ਸਿੱਧੂ, ਸਰਸਾ: ਭਾਰਤ ਦੇ ਸੱਤਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਾਸੀ ਫਰੀਦਕੋਟ ਨੂੰ ਭਾਰਤ ਦੇ ਪਹਿਲੇ ਪੰਜਾਬੀ ਰਾਸ਼ਟਰਪਤੀ ਹੋਣ ਦਾ ਮਾਣ ਪ੍ਰਾਪਤ ਹੈ 1982 ਤੋਂ 1987 ਤੱਕ ਕਾਂਗਰਸ ਰਾਜ ‘ਚ ਰਾਸ਼ਟਰਪਤੀ ਰਹੇ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਤੇ ਕੇਂਦਰੀ ਕੈਬਨਿਟ ‘ਚ ਕਈ ਮੰਤਰਾਲਿਆਂ ਦੀ ਜਿੰਮੇਵਾਰੀ ਸੰਭਾਲੀ

ਗਿਆਨੀ ਜ਼ੈਲ ਸਿੰਘ ਦਾ ਜਨਮ 5 ਮਈ, 1916 ਨੂੰ ਬ੍ਰਿਟਿਸ਼ ਰਾਜ ‘ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੰਧਵਾਂ ‘ਚ ਮੱਧਵਰਗੀ ਪਰਿਵਾਰ ‘ਚ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਹੋਇਆ ਉਨ੍ਹਾਂ ਦਾ ਬਚਪਨ ਦਾ ਨਾਂਅ ਜਰਨੈਲ ਸਿੰਘ ਸੀ ਜਰਨੈਲ ਸਿੰਘ ਆਪਣੇ ਪੰਜ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਸਨ ਜਦੋਂ ਉਹ ਮਹਿਜ 9 ਮਹੀਨਿਆਂ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਇੰਦ ਕੌਰ ਦਾ ਦਿਹਾਂਤ ਹੋ ਗਿਆ ਜਿਸ ਉਪਰੰਤ ਜਰਨੈਲ ਸਿੰਘ ਦਾ ਇੰਦ ਕੌਰ ਦੀ ਵੱਡੀ ਭੈਣ ਦਯਾ ਕੌਰ ਨੇ ਪਾਲਣ-ਪੋਸ਼ਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਅਧਿਐਨ ਕਰਨ ਉਪਰੰਤ ਉਨ੍ਹਾਂ ਦੇ ਨਾਮ ਅੱਗੇ ਗਿਆਨੀ ਸ਼ਬਦ ਆ ਗਿਆ ਗਿਆਨੀ ਜੀ ਪੰਜਾਬੀ ਤੇ ਉਰਦੂ ਭਾਸ਼ਾ ‘ਚ ਮਾਹਿਰ ਸਨ

ਦੇਸ਼ ਦੇ ਰਾਸ਼ਟਰਪਤੀ ਬਣਨ ਵਾਲੇ ਗਿਆਨੀ ਜ਼ੈਲ ਸਿੰਘ ਇਕਲੌਤੇ ਪੰਜਾਬੀ

ਮਹਾਤਮਾ ਗਾਂਧੀ ਮੁਲਾਕਾਤ ਤੋਂ ਬਾਅਦ ਜਰਨੈਲ ਸਿੰਘ ਮਹਿਜ 15 ਸਾਲ ਦੀ ਉਮਰ ‘ਚ ਸੁਤੰਤਰਤਾ ਸੈਨਾਨੀ ਬਣ ਗਏ 1933 ‘ਚ ਅੰਗਰੇਜ਼ਾਂ ਦੇ ਖਿਲਾਫ ਮਾਰਚ ‘ਚ ਭਾਗ ਲੈਣ ‘ਤੇ ਉਨ੍ਹਾਂ ਨੂੰ ਪਹਿਲੀ ਵਾਰ ਜੇਲ੍ਹ ਜਾਣਾ ਪਿਆ ਉਸ ਸਮੇਂ ਉਨ੍ਹਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ‘ਚ ਬੰਦ ਕੀਤਾ ਗਿਆ 1938 ‘ਚ ਰਾਸ਼ਟਰੀ ਪੱਧਰ ‘ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ‘ਚ ਚੱਲ ਰਹੇ ਸਵਤੰਤਰਤਾ ਸੰਗਰਾਮ ਤੋਂ ਪ੍ਰਭਾਵਿਤ ਹੋ ਕੇ ਗਿਆਨੀ ਜ਼ੈਲ ਸਿੰਘ ਨੇ ਫਰੀਦਕੋਟ ਰਿਆਸਤ ‘ਚ ਕਾਂਗਰਸ ਸਮਿਤੀ ਦਾ ਗਠਨ ਕੀਤਾ ਤੇ ਖੁਦ ਰਿਆਸਤੀ ਪ੍ਰਜਾ ਮੰਡਲ ਅੰਦੋਲਨ ‘ਚ ਸ਼ਾਮਲ ਹੋਏ ਇਸ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ੁਲਮਾਂ ਅੱਗੇ ਗਿਆਨੀ ਜੀ ਨਹੀਂ ਝੁਕੇ ਜਿਸ ਕਾਰਨ ਉਨ੍ਹਾਂ ਨੂੰ ਪੰਜ ਸਾਲ ਜੇਲ੍ਹ ‘ਚ ਰਹਿਣਾ ਪਿਆ

ਜੇਲ੍ਹ ‘ਚ ਰਹਿਣ ਦੌਰਾਨ ਹੀ ਉਨ੍ਹਾਂ ਨੇ ਆਪਣਾ ਨਾਮ ਬਦਲਕੇ ਜ਼ੈਲ ਸਿੰਘ ਰੱਖ ਲਿਆ ਜੇਲ੍ਹ ‘ਚੋਂ ਆਉਣ ਤੋਂ ਬਾਅਦ ਉਹ ਮੁੜ ਅਜ਼ਾਦੀ ਦੀ ਲੜਾਈ ‘ਚ ਲੱਗ ਗਏ 1946 ‘ਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ

ਇਸ ਦੌਰਾਨ 27 ਮਈ,1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਗਿਆਨੀ ਜੀ ਦੀ ਅਗਵਾਈ ‘ਚ ਫਰੀਦਕੋਟ ਦੀ ਪੁਰਾਣੀ ਦਾਣਾ ਮੰਡੀ ‘ਚ ਤਿਰੰਗਾ ਫਹਿਰਾਕੇ ਅਜ਼ਾਦੀ ਸੰਗਰਾਮ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਸੀ 1979 ‘ਚ ਸਾਂਸਦ ਬਣਨ ਤੋਂ ਬਾਅਦ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ‘ਚ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਗਿਆ ਜਿਸ ਉਪਰੰਤ 25 ਜੁਲਾਈ 1982 ਨੂੰ ਉਹ ਭਾਰਤ ਦੇ 7ਵੇਂ ਰਾਸ਼ਟਰਪਤੀ ਬਣੇ

29 ਨਵੰਬਰ 1994 ਨੂੰ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਗਿਆਨੀ ਜੈਲ ਸਿੰਘ ਦੀ 25 ਦਸੰਬਰ 1994 ਨੂੰ ਪੀਜੀਆਈ ਚੰਡੀਗੜ੍ਹ ‘ਚ ਮੌਤ ਹੋ ਗਈ

ਮਾਲ ਮੰਤਰੀ ਤੋਂ ਸ਼ੁਰੂ ਹੋਇਆ ਸਿਆਸੀ ਸਫਰ

ਗਿਆਨੀ ਜ਼ੈਲ ਸਿੰਘ ਦਾ ਸਿਆਸੀ ਸਫਰ 1949 ‘ਚ ਸ਼ੁਰੂ ਹੋਇਆ ਇਸ ਦੌਰਾਨ ਉਹ ਪਹਿਲੀ ਵਾਰ ਮੁੱਖ ਮੰਤਰੀ ਗਿਆਨ ਸਿੰਘ ਰੇਰੇਵਾਲਾ ਦੀ ਸਰਕਾਰ ‘ਚ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ ਦੇ ਮਾਲ ਮੰਤਰੀ ਬਣੇ 1951 ‘ਚ ਉਨ੍ਹਾਂ ਨੂੰ ਖੇਤੀਬਾੜੀ ਮੰਤਰਾਲਾ ਸੌਂਪਿਆ ਗਿਆ ਇਸ ਉਪਰੰਤ ਉਹ 1956 ਤੋਂ 1962 ਤੱਕ ਰਾਜ ਸਭਾ ਦੇ ਮੈਂਬਰ ਰਹੇ ਉਨ੍ਹਾਂ ਦੇ ਕਰੀਅਰ ‘ਚ 1972 ‘ਚ ਮੋੜ ਆਇਆ ਤੇ ਉਹ ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਬਣ ਗਏ 1980 ‘ਚ ਲੋਕ ਸਭਾ ‘ਚ ਚੁਣੇ ਜਾਣ ‘ਤੇ ਉਹ ਇੰਦਰਾ ਗਾਂਧੀ ਸਰਕਾਰ ‘ਚ ਗ੍ਰਹਿ ਮੰਤਰੀ ਬਣੇ ਜਿਸ ਉਪਰੰਤ 25 ਜੁਲਾਈ, 1982 ਨੂੰ ਉਹ ਰਾਸ਼ਟਰਪਤੀ ਵਜੋਂ ਚੁਣੇ ਗਏ

ਰਾਜੀਵ ਗਾਂਧੀ ਨਾਲ ਤਣਾਅ

1984 ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਅਤੇ ਦਿੱਲੀ ਦੰਗਿਆਂ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਦਾ ਰਾਜੀਵ ਗਾਂਧੀ ਨਾਲ ਤਣਾਅ ਸ਼ੁਰੂ ਹੋ ਗਿਆ ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਸਰਕਾਰ ਵੱਲੋਂ ਭੇਜੇ ਗਏ ਕਈ ਬਿੱਲਾਂ ਨੂੰ ਰੋਕ ਦਿੱਤਾ

ਇਸ ਦੌਰਾਨ ਉਨ੍ਹਾਂ ‘ਪਾਕੇਟ ਵੀਟੋ’ ਦਾ ਉਪਯੋਗ ਕੀਤਾ ਇਸ ਵਿਸ਼ੇਸ਼ ਅਧਿਕਾਰ ਦਾ ਉਪਯੋਗ ਇਸ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਬਾਅਦ ਕਿਸੇ ਵੀ ਰਾਸ਼ਟਰਪਤੀ ਨੇ ਨਹੀਂ ਕੀਤਾ ਇਸ ਅਧਿਕਾਰ ਦੇ ਤਹਿਤ ਰਾਸ਼ਟਰਪਤੀ ਕਿਸੇ ਵੀ ਮਤੇ/ਬਿੱਲ ਨੂੰ ਅਣਨਿਸ਼ਚਿਤ ਸਮੇਂ ਤੱਕ ਪੈਡਿੰਗ ਰੱਖ ਸਕਦਾ ਹੈ ਇਸ ਦੌਰਾਨ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਦੀ ਸਰਕਾਰ ਨੂੰ ਡੇਗਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰੰਤੂ ਅਜਿਹਾ ਹੋ ਨਹੀਂ ਸਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।