Hamilton Shooting: ਓਟਾਵਾ (ਆਈਏਐਨਐਸ)। ਕੈਨੇਡਾ ਦੇ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਦੀ ਮੌਤ ’ਤੇ ਸ਼ਨਿੱਚਰਵਾਰ ਨੂੰ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ’ਚ ਆਖਿਆ ਕਿ ਸਾਡੀ ਬੇਟੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਦੋ ਧਿਰਾਂ ਦਰਮਿਆਨ ਝਗੜੇ ਦੌਰਾਨ ਗੋਲੀਬਾਰੀ ਹੋਈ ਅਤੇ ਅਚਾਨਕ ਸਾਡੀ ਲੜਕੀ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਟੋਰੰਟੋ ’ਚ ਭਾਰਤੀ ਕੌਂਸਲੇਟ ਜਨਰਲ ਨੇ ਵੀ ਵਿਦਿਆਰਥਣ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੌਂਸਲੇਟ ਜਨਰਲ ਨੇ ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ‘ਐਕਸ’ ਹੈਂਡਲ ’ਤੇ ਪੋਸਟ ਕੀਤੀ ਹੈ।
ਇਸ ਪੋਸਟ ’ਚ ਕਿਹਾ ਗਿਆ ਹੈ ਕਿ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਤੋਂ ਅਸੀਂ ਦੁਖੀ ਹਾਂ। ਸਥਾਨਕ ਪੁਲਿਸ ਅਨੁਸਾਰ, ਉਹ ਇੱਕ ਨਿਰਦੋਸ਼ ਲੜਕੀ ਸੀ, ਜੋ ਗੋਲੀਬਾਰੀ ਦੀ ਘਟਨਾ ਦੌਰਾਨ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਰਤਮਾਨ ’ਚ ਕਤਲ ਦੀ ਜਾਂਚ ਚੱਲ ਰਹੀ ਹੈ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ’ਚ ਹਾਂ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਮੁਸ਼ਕਲ ਘੜੀ ’ਚ ਸਾਡੀ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਹੈ ਅਤੇ ਅਸੀਂ ਪਰਿਵਾਰ ਦੇ ਨਾਲ ਹਾਂ।
ਇਹ ਵੀ ਪੜ੍ਹੋ: Fire In Faridkot: ਫਰੀਦਕੋਟ ‘ਚ ਅੱਗ ਲੱਗਣ ਕਾਰਨ 50 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਦੱਸ ਦੇਈਏ ਕਿ ਕੈਨੇਡਾ ਦੇ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਹਰਸਿਮਰਤ ਰੰਧਾਵਾ ਵਜੋਂ ਹੋਈ ਹੈ। ਵਿਦਿਆਰਥਣ ਮੋਹਾਕ ਕਾਲਜ ’ਚ ਪੜ੍ਹਦੀ ਸੀ। ਪੁਲਿਸ ਅਨੁਸਾਰ ਘਟਨਾ ਦੇ ਸਮੇਂ ਵਿਦਿਆਰਥਣ ਬੱਸ ਦੀ ਉਡੀਕ ਕਰ ਰਹੀ ਸੀ। ਜਦੋਂ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਵਿਦਿਆਰਥਣ ਜਖਮੀ ਹਾਲਤ ’ਚ ਪਈ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਰਟਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਦੱਸਿਆ ਸੀ ਕਿ ਘਟਨਾ ਸਥਾਨ ਦੀ ਵੀਡੀਓ ਦਾ ਰਿਵਿਊ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਇੱਕ ਅਣਪਛਾਤਾ ਵਿਅਕਤੀ ਕਾਲੇ ਰੰਗ ਦੀ ਮਰਸੀਡੀਜ਼ ਰਾਹੀਂ ਆਇਆ ਤੇ ਲੋਕਾਂ ’ਤੇ ਫਾਈਰਿੰਗ ਕਰਦਾ ਨਜ਼ਰ ਆ ਰਿਹਾ ਹੈ। ਮੋਹਾਕ ਕਾਲਜ ਨੇ ਇਸ ਸੰਬੰਧੀ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਦੁਖ ਦੀ ਇਸ ਘੜੀ ’ਚ ਸਾਡੀ ਡੂੰਘੀ ਹਮਦਰਦੀ ਵਿਦਿਆਰਥਣ ਦੇ ਪਰਿਵਾਰ ਨਾਲ ਹੈ। ਅਸੀਂ ਆਪਣੇ ਵੱਲੋਂ ਵਿਦਿਆਰਥਣ ਦੇ ਪਰਿਵਾਰ ਨੂੰ ਹਰ ਸੰਭਵ ਮੱਦਦ ਦੇਣ ਲਈ ਤਿਆਰ ਹਾਂ। Hamilton Shooting