ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸਵਾਗਤ
ਕਿਹਾ, ਜਥੇਬੰਦੀ ਖਿਲਾਫ਼ ਅੱਤਵਾਦੀ ਸੰਗਠਨ ਵਾਂਗ ਹੋਵੇ ਸਲੂਕ
ਅਸ਼ਵਨੀ ਚਾਵਲਾ, ਚੰਡੀਗੜ੍ਹ
ਭਾਰਤ ਸਰਕਾਰ ਨੇ ਅਮਰੀਕਾ ਦਾ ਇੱਕ ਖਾਲਿਸਤਾਨ ਪੱਖੀ ਵੱਖਵਾਦੀ ਜਥੇਬੰਦੀ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਪਾਬੰਦੀ ਲਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਸਿੱਖ ਫਾਰ ਜਸਟਿਸ (ਐਸ. ਐਫ. ਜੇ) ਜਥੇਬੰਦੀ ‘ਤੇ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ ਦੀ ਹਮਾਇਤ ਪ੍ਰਾਪਤ ਇਸ ਸੰਗਠਨ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਕਰਨ ਪ੍ਰਤੀ ਇਹ ਇੱਕ ਪਹਿਲਾ ਕਦਮ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਾਰੀ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਭਾਵੇਂ ਇਸ ਸੰਗਠਨ ਨਾਲ ਇੱਕ ਅੱਤਵਾਦੀ ਸੰਗਠਨ ਵਜੋਂ ਸਲੂਕ ਕੀਤੇ ਜਾਣ ਦੀ ਜ਼ਰੂਰਤ ਹੈ ਪਰ ਭਾਰਤ ਸਰਕਾਰ ਨੇ ਘੱਟੋ-ਘੱਟ ਐਸ. ਐਫ. ਜੇ ਵਿਰੁੱਧ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਸਟੈਂਡ ਆਖਿਰਕਾਰ ਲਿਆ ਹੈ। ਇਸ ਜੱਥੇਬੰਦੀ ਨੇ ਹਾਲ ਹੀ ਦੇ ਸਾਲਾਂ ਦੌਰਾਨ ਪੰਜਾਬ ਵਿੱਚ ਖੁੱਲ੍ਹਕੇ ਦਹਿਸ਼ਤ ਦੀ ਲਹਿਰ ਚਲਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਖਿਰਕਾਰ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ, ਜਿਸ ਨੇ ‘ਸਿੱਖ ਰਾਏਸ਼ੁਮਾਰੀ 2020 ‘ ਬਾਰੇ ਸਾਜਸ਼ੀ ਮੁਹਿੰਮ ਪਾਕਿਸਤਾਨ ਦੀ ਆਈ. ਐਸ. ਆਈ ਦੇ ਸਮਰਥਨ ਨਾਲ ਚਲਾਈ ਹੈ। ਇਸ ਨੂੰ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਉਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਐਸ.ਐਫ.ਜੇ. ਅਤੇ ਇਸ ਨਾਲ ਸਬੰਧਤਾਂ ਵਿਰੁੱਧ ਜ਼ੋਰਦਾਰ ਹਮਲਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਰਗਰਮੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਦੌਰਾਨ ਐਸ.ਐਫ.ਜੇ ਨੇ ਪੰਜਾਬ ਵਿੱਚ ਸਾੜ ਫੂਕ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਵਾਉਣ ਲਈ ਕੁਝ ਗਰੀਬ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਗਰਮਖਿਆਲੀ ਬਨਣ ਵਾਸਤੇ ਪ੍ਰੇਰਿਆ ਅਤੇ ਫੰਡ ਮੁਹੱਈਆ ਕਰਵਾਏ। ਉਨਾਂ ਕਿਹਾ ਕਿ ਇਸ ਸੰਗਠਨ ਨੇ ਪੰਜਾਬ ਵਿੱਚ ਗੈਂਗਸਟਰਾਂ ‘ਤੇ ਅਤੇ ਗਰਮਖਿਆਲੀਆਂ ਦਾ ਸਮੱਰਥਨ ਪ੍ਰਾਪਤ ਕਰਨ ਦੀਆਂ ਵੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਉਨਾਂ ਨੂੰ ਭਾਰਤ ਸਰਕਾਰ ਤੋਂ ਅਖੌਤੀ ‘ਪੰਜਾਬ ਦੀ ਆਜ਼ਾਦੀ’ ਦੀ ਲੜਾਈ ਲਈ ਨਸੀਹਤ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਐਸ.ਐਫ.ਜੇ ਵੱਲੋਂ ਪੈਦਾ ਕੀਤੀ ਚਣੌਤੀ ਨੂੰ ਘਟਾਕੇ ਦੇਖਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਤਿੱਖੀ ਆਲੋਚਨਾ ਕੀਤੀ ਜੋ ਕਿ ਨਾ ਕੇਵਲ ਭਾਰਤ ਵਿੱਚ ਸਗੋਂ ਭਾਰਤ ਤੋਂ ਬਾਹਰ ਵੀ ਲਗਾਤਾਰ ਦਮ-ਖਮ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਪ੍ਰਗਟਾਵਾ 30 ਜੂਨ, 2019 ਦੀ ਘਟਨਾ ਤੋਂ ਵੀ ਹੋਇਆ ਹੈ। ਇਸ ਦਿਨ ਇੰਗਲੈਂਡ ਆਧਾਰਿਤ ਐਸ.ਐਫ.ਜੇ ਦੇ ਕਾਰਕੁੰਨਾਂ ਨੇ ਐਜਬੈਸਟਨ (ਬਰਮਿੰਘਮ) ਵਿਖੇ ਭਾਰਤ ਤੇ ਇੰਗਲੈਂਡ ਵਿਚਕਾਰ ਵਿਸ਼ਵ ਕਪ ਕ੍ਰਿਕਟ ਮੈਚ ਮੌਕੇ ਵੀ ਇਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਮਾ ਅਤੇ ਉਸਦੇ ਜੋਟੀਦਾਰ ਦੇ ਰਾਏਸ਼ੁਮਾਰੀ 2020 ਦੀ ਟੀ ਸ਼ਰਟ ਪਹਿਣੀ ਦੇਖੀ ਗਈ ਅਤੇ ਇਹ ਕ੍ਰਿਕਟ ਮੈਚ ਦੌਰਾਨ ਖਾਲਿਸਤਾਨ ਦਾ ਝੰਡਾ ਲਹਿਰਾ ਰਹੇ ਸਨ।
ਪਿਛਲੇ ਹਫਤੇ ਐਸ.ਐਫ.ਜੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਵੀ ਪਾਇਆ ਜੋ ਕਿ ਉੱਚ ਦਰਜੇ ਦਾ ਵੱਖਵਾਦੀ ਸੀ ਜਿਸ ਵਿੱਚ ਖਾਲਿਸਤਾਨੀ ਹਮਾਇਤੀਆਂ ਨੂੰ 9 ਜੁਲਾਈ, 2019 ਦੇ ਨਿਉਜੀਲੈਂਡ ਵਿਰੁੱਧ ਸੈਮੀਫਾਈਨਲ ਦੌਰਾਨ ਭਾਰਤੀ ਟੀਮ ਦੀ ਤੋਏ-ਤੋਏ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਅਤੇ ਕਸ਼ਮੀਰੀ ਵੱਖਵਾਦੀਆਂ ਵਿਚਕਾਰ ਮਜ਼ਬੂਤ ਗਠਜੋੜ ਵੇਖਣ ਨੂੰ ਮਿਲਿਆ ਹੈ ਜੋ ਕਿ ਪੰਜਾਬ ਨੂੰ ਪਾਰ ਪਾ ਕੇ ਦੇਸ਼ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਖੜੀ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।