ਨਵੀਂ ਦਿੱਲੀ (ਏਜੰਸੀ)। ਭਾਰਤੀ ਖੋਜ ਪੁਲਾੜ ਸੰਗਠਨ (ISRO) 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਉਡਾਣ ਭੇਜੇਗਾ। ਇਸ ਤੋਂ ਬਾਅਦ ਤਿੰਨ ਹੋਰ ਟੈਸਟ ਉਡਾਣਾਂ ਭੇਜੀਆਂ ਜਾਣਗੀਆਂ। ਇਸ ਦੀ ਜਾਣਕਾਰੀ ਸ਼ਨਿੱਚਰਵਾਰ ਨੂੰ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦਿੱਤੀ। ਰਾਮੇਸ਼ਵਰਮ ’ਚ ਇੱਕ ਸਮਾਗਮ ’ਚ ਸ਼ਾਮਲ ਹੋਣ ਆਏ ਸੋਮਨਾਥ ਨੇ ਮਦੁਰਾਈ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ- 21 ਅਕਤੂਬਰ ਨੂੰ ਪਹਿਲੀ ਟੈਸਟ ਵਾਹਨ ਵਿਕਾਸ ਉਡਾਣ (ਟੀਵੀ-ਡੀ1) ਤੋਂ ਬਾਅਦ ਅਸੀਂ ਡੀ2, ਡੀ3 ਅਤੇ ਡੀ4 ਦੀ ਯੋਜਨਾ ਬਣਾਈ ਹੈ। ਇਸ ਪਰੀਖਣ ’ਚ ਚਾਲਕ ਦਲ ਦੇ ਮੋਡੀਊਲ ਨੂੰ ਬਾਹਰੀ ਪੁਲਾੜ ’ਚ ਲਾਂਚ ਕਰਨਾ, ਇਸ ਨੂੰ ਧਰਤੀ ਉੱਤੇ ਵਾਪਸ ਕਰਨਾ ਅਤੇ ਬੰਗਾਲ ਦੀ ਖਾੜੀ ’ਚ ਛੂਹਣ ਤੋਂ ਬਾਅਦ ਇਸ ਨੂੰ ਮੁੜ ਹਾਸਲ ਕਰਨਾ ਸ਼ਾਮਲ ਹੈ। ਕਰੂ ਮੋਡਿਊਲ ਗਗਨਯਾਨ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੂੰ ਬਾਹਰੀ ਪੁਲਾੜ ’ਚ ਲੈ ਜਾਵੇਗਾ। (Mission Gaganyan)
ਇਹ ਵੀ ਪੜ੍ਹੋ : ਹੁਣੇ-ਹੁਣੇ ਮੌਸਮ ਵਿਭਾਗ ਤੋਂ ਆਈ ਤਾਜ਼ਾ ਅਪਡੇਟ, ਜਾਣੋ ਇਨ੍ਹਾਂ ਸੂਬਿਆਂ ਦਾ ਹਾਲ
ਗਗਨਯਾਨ ਲਈ ਇਸਰੋ ਨੇ ਕੀਤਾ ਸੀ ਪੈਰਾਸ਼ੂਟ ਦਾ ਪ੍ਰੀਖਣ | Mission Gaganyan
ਇਸ ਤੋਂ ਪਹਿਲਾਂ, ਇਸਰੋ ਨੇ ਚੰਡੀਗੜ੍ਹ ’ਚ 8 ਤੋਂ 10 ਅਗਸਤ ਦਰਮਿਆਨ ਗਗਨਯਾਨ ਮਿਸ਼ਨ ਲਈ ਡਰੈਗ ਪੈਰਾਸ਼ੂਟ ਦਾ ਸਫਲ ਪ੍ਰੀਖਣ ਕੀਤਾ ਸੀ। ਇਹ ਪੈਰਾਸ਼ੂਟ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਲੈਂਡਿੰਗ ’ਚ ਮਦਦ ਕਰੇਗਾ। ਇਹ ਕਰੂ ਮੋਡੀਊਲ ਦੀ ਗਤੀ ਨੂੰ ਘਟਾਏਗਾ, ਨਾਲ ਹੀ ਇਸ ਨੂੰ ਸਥਿਰ ਰੱਖੇਗਾ। ਇਸ ਦੇ ਲਈ ਟੈਸਟਿੰਗ ਦੌਰਾਨ ਪੁਲਾੜ ਯਾਤਰੀਆਂ ਦੇ ਲੈਂਡਿੰਗ ਵਰਗੇ ਹਾਲਾਤ ਬਣਾਏ ਗਏ ਸਨ।
ਤਿੰਨ ਪੁਲਾੜ ਯਾਤਰੀ 400 ਕਿਲੋਮੀਟਰ ਦੀ ਦੂਰੀ ’ਤੇ ਜਾਣਗੇ, 3 ਦਿਨਾਂ ਬਾਅਦ ਵਾਪਸ ਆਉਣਗੇ
‘ਗਗਨਯਾਨ’ ’ਚ 3 ਮੈਂਬਰਾਂ ਦੀ ਟੀਮ ਨੂੰ 3 ਦਿਨਾਂ ਦੇ ਮਿਸ਼ਨ ਲਈ ਧਰਤੀ ਦੇ 400 ਕਿਲੋਮੀਟਰ ਉਪਰਲੇ ਪੰਧ ’ਤੇ ਭੇਜਿਆ ਜਾਵੇਗਾ। ਇਸ ਤੋਂ ਬਾਅਦ ਕਰੂ ਮਾਡਿਊਲ ਨੂੰ ਸਮੁੰਦਰ ’ਚ ਸੁਰੱਖਿਅਤ ਉਤਾਰਿਆ ਜਾਵੇਗਾ। ਜੇਕਰ ਭਾਰਤ ਆਪਣੇ ਮਿਸ਼ਨ ’ਚ ਕਾਮਯਾਬ ਹੁੰਦਾ ਹੈ ਤਾਂ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਅਜਿਹਾ ਕਰ ਚੁੱਕੇ ਹਨ। (Mission Gaganyan)
- 12 ਅਪਰੈਲ 1961 ਨੂੰ ਸੋਵੀਅਤ ਰੂਸ ਦੇ ਯੂਰੀ ਗਾਗਰਿਨ 108 ਮਿੰਟ ਤੱਕ ਪੁਲਾੜ ’ਚ ਰਹੇ।
- 5 ਮਈ 1961 ਨੂੰ ਅਮਰੀਕਾ ਦਾ ਐਲਨ ਸ਼ੈਫਰਡ 15 ਮਿੰਟ ਤੱਕ ਪੁਲਾੜ ’ਚ ਰਿਹਾ।
- 15 ਅਕਤੂਬਰ 2003 ਨੂੰ ਚੀਨ ਦਾ ਯਾਂਗ ਪੁਲਾੜ ’ਚ 21 ਘੰਟੇ ਰਿਹਾ।