ਚੌਥਾ ਦਿਨ, ਅਫਰੀਕਾ ਨੇ 94 ਦੌੜਾਂ ‘ਤੇ ਗੁਆਈਆਂ 4 ਵਿਕਟ
(ਸੱਚ ਕਹੂੰ ਨਿਊਜ਼ ) ਸੈਂਚੁਰੀਅਨ। ਸੈਂਚੁਰੀਅਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੇ ਸਾਹਮਣੇ 305 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ ‘ਚ ਅਫਰੀਕਾ ਦਾ ਸਕੋਰ 4 ਵਿਕਟਾਂ ਦੇ ਨੁਕਸਾਨ ‘ਤੇ 94 ਦੌੜਾਂ ਬਣਾ ਲਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੈਂਚੁਰੀਅਨ ਮੈਦਾਨ ‘ਤੇ ਅੱਜ ਤੱਕ ਕਿਸੇ ਵੀ ਟੀਮ ਨੇ 250 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕੀਤਾ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਪਾਰੀ ਦੇ ਦੂਜੇ ਓਵਰ ਵਿੱਚ ਮੁਹੰਮਦ ਸ਼ਮੀ ਨੇ ਏਡਨ ਮਾਰਕਰਮ ਨੂੰ ਬੋਲਡ ਕਰ ਦਿੱਤਾ। ਮਾਰਕਰਮ 7 ਗੇਂਦਾਂ ‘ਤੇ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਟੀਮ ਇੰਡੀਆ ਨੂੰ ਦੂਜੀ ਸਫਲਤਾ ਮੁਹੰਮਦ ਸਿਰਾਜ ਨੇ ਕੀਗਨ ਪੀਟਰਸਨ (17 ਦੌੜਾਂ) ਨੂੰ ਦਿਵਾਈ। ਪੀਟਰਸਨ ਦਾ ਕੈਚ ਰਿਸ਼ਭ ਪੰਤ ਨੇ ਵਿਕਟ ਦੇ ਪਿੱਛੇ ਕੈਚ ਕੀਤਾ। ਅਫਰੀਕੀ ਟੀਮ ਨੇ 34 ਦੇ ਸਕੋਰ ‘ਤੇ ਆਪਣੀਆਂ ਪਹਿਲੀਆਂ ਦੋ ਵਿਕਟਾਂ ਗੁਆ ਦਿੱਤੀਆਂ।
ਇਸ ਤੋਂ ਬਾਅਦ ਡੀਨ ਐਲਗਰ ਅਤੇ ਰਾਇਸੀ ਵਾਨ ਡੇਰ ਡੁਸਨ ਨੇ ਚੌਥੇ ਵਿਕਟ ਲਈ 135 ਗੇਂਦਾਂ ਵਿੱਚ 40 ਦੌੜਾਂ ਜੋੜੀਆਂ। ਇਹ ਸਾਂਝੇਦਾਰੀ ਟੀਮ ਇੰਡੀਆ ਲਈ ਮੁਸੀਬਤ ਖੜ੍ਹੀ ਕਰ ਰਹੀ ਸੀ, ਜਦੋਂ ਜਸਪ੍ਰੀਤ ਬੁਮਰਾਹ ਨੇ ਵੈਨ ਡੇਰ ਡੁਸਨ (11 ਦੌੜਾਂ) ਨੂੰ ਬੋਲਡ ਕਰ ਕੇ ਨਾ ਸਿਰਫ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ ਸਗੋਂ ਟੀਮ ਇੰਡੀਆ ਨੂੰ ਮੈਚ ‘ਚ ਵਾਪਸੀ ਵੀ ਦਿਵਾਈ। ਇਸ ਵਿਕਟ ਦੇ ਨਾਲ ਹੀ ਬੁਮਰਾਹ ਨੇ ਵਿਦੇਸ਼ੀ ਧਰਤੀ ‘ਤੇ ਆਪਣੇ 100 ਟੈਸਟ ਵਿਕਟ ਵੀ ਪੂਰੇ ਕਰ ਲਏ।
ਭਾਰਤ ਨੇ ਦੂਜੀ ਪਾਰੀ ’ਚ 174 ਦੌੜਾਂ ਬਣਾਈਆਂ
ਦੂਜੀ ਪਾਰੀ ‘ਚ ਭਾਰਤੀ ਟੀਮ 174 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਵਿਕਟਕੀਪਰ ਰਿਸ਼ਭ ਪੰਤ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਫਰੀਕਾ ਲਈ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅਤੇ ਮਾਰਕੋ ਜੇਨਸਨ ਨੇ ਚਾਰ-ਚਾਰ ਵਿਕਟਾਂ ਲਈਆਂ।
ਕੋਹਲੀ-ਪੁਜਾਰਾ ਫਿਰ ਹੋਏ ਫੇਲ੍ਹ
ਪਹਿਲੀ ਪਾਰੀ ਵਿੱਚ 35 ਦੌੜਾਂ ਬਣਾਉਣ ਵਾਲੇ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਦੂਜੀ ਪਾਰੀ ਵਿੱਚ ਵੀ ਨਿਰਾਸ਼ ਕੀਤਾ। ਚੌਥੇ ਦਿਨ ਲੰਚ ਤੋਂ ਬਾਅਦ ਕੋਹਲੀ ਨੇ ਮਾਰਕੋ ਜੇਨਸਨ ਦੀ ਪਹਿਲੀ ਹੀ ਗੇਂਦ ‘ਤੇ ਵਿਕਟਕੀਪਰ ਕਵਿੰਟਨ ਡੀ ਕਾਕ ਨੂੰ ਆਪਣਾ ਕੈਚ ਦੇ ਦਿੱਤਾ। ਕੋਹਲੀ 32 ਗੇਂਦਾਂ ‘ਤੇ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪਹਿਲੀ ਪਾਰੀ ਵਿੱਚ ਵੀ ਵਿਰਾਟ ਨੇ ਆਊਟਗੋਇੰਗ ਗੇਂਦ ਨੂੰ ਛੂਹਣ ਦੀ ਕੋਸ਼ਿਸ਼ ਵਿੱਚ ਆਪਣਾ ਵਿਕਟ ਗੁਆ ਦਿੱਤਾ ਅਤੇ ਦੂਜੀ ਪਾਰੀ ਵਿੱਚ ਵੀ ਉਹੀ ਗਲਤੀ ਦੁਹਰਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ