ਦੂਜੇ ਇੱਕ ਰੋਜ਼ਾ ‘ਚ ਭਾਰਤ ਨੂੰ ਮਿਲੀ ਹਾਰ
ਨਿਊਜ਼ੀਲੈਂਡ ਨੇ 22 ਦੌੜਾਂ ਨਾਲ ਹਰਾਇਆ
ਆਕਲੈਂਡ, ਏਜੰਸੀ। ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੇ ਇੱਕ ਰੋਜ਼ਾ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ । ਆਕਲੈਂਡ ‘ਚ 22 ਦੌੜਾਂ ਦੀ ਹਾਰ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਹੱਥੋਂ ਤਿੰਨ ਮੈਚਾਂ ਦੀ ਲੜੀ ਵੀ ਗਵਾ ਦਿੱਤੀ । ਪਹਿਲਾ ਇੱਕ ਰੋਜ਼ਾ ਨਿਊਜ਼ੀਲੈਂਡ ਨੇ 4 ਵਿਕਟਾਂ ਨਾਲ ਜਿੱਤਿਆ ਸੀ ਇਸ ਤੋਂ ਬਾਅਦ ਦੂਜੇ ਇੱਕ ਰੋਜ਼ਾ ‘ਚ ਵੀ ਕੀਵੀ ਟੀਮ ਨੇ ਭਾਰਤ ਨੂੰ ਹਰਾ ਕੇ ਲੜੀ ‘ਚ 2-0 ਦਾ ਜੇਤੂ ਵਾਧਾ ਬਣਾ ਲਿਆ ਹੈ। ਲੜੀ ਦਾ ਆਖਰੀ ਮੁਕਾਬਲਾ 11 ਫਰਵਰੀ ਨੂੰ ਮਾਊਂਟ ਮਾਉਂਗਾਨੁਈ ‘ਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਵੱਲੋਂ ਮਿਲੇ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਸਿਰਫ 3 ਦੌੜਾਂ ਬਣਾ ਕੇ ਤੇਜ਼ ਗੇਂਦਬਾਜ਼ ਹਾਮਿਸ਼ ਬੈਨੇਟ ਦੀ ਗੇਂਦ ‘ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ। ਦੂਜੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਕੁਝ ਵਧੀਆ ਸ਼ਾਟ ਖੇਡੇ ਪਰ ਉਹ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕੇ ਅਤੇ ਆਪਣਾ ਪਹਿਲਾ ਮੈਚ ਖੇਡ ਰਹੇ ਕਾਇਲੇ ਜੈਮੀਸਨ ਦੀ ਗੇਂਦ ‘ਤੇ ਬੋਲਡ ਹੋ ਗਏ। ਪ੍ਰਿਥਵੀ ਨੇ 19 ਗੇਂਦਾਂ ‘ਚ 6 ਚੌਕਿਆਂ ਦੀ ਮੱਦਦ ਨਾਲ 24 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਵੀ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕੇ ਅਤੇ ਟਿਮ ਸਾਊਥੀ ਦੀ ਗੇਂਦ ‘ਤੇ 25 ਗੇਂਦਾਂ ‘ਚ 15 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਲੋਕੇਸ਼ ਰਾਹੁਲ ਅਤੇ ਕੇਦਾਰ ਜਾਧਵ ਵੀ ਜ਼ਿਆਦਾ ਸਮੇਂ ਤੱਕ ਟਿਕ ਕੇ ਨਹੀਂ ਖੇਡ ਸਕੇ ਅਤੇ ਪਵੇਲੀਅਨ ਪਰਤ ਗਏ ਲੋਕੇਸ਼ ਰਾਹੁਲ ਨੂੰ ਕੋਲਿਨ ਡੀ ਗ੍ਰੈਂਡਹੋਮੇ ਅਤੇ ਕੇਦਾਰ ਜਾਧਵ ਨੂੰ ਟਿਮ ਸਾਊਥੀ ਨੇ ਆਊਟ ਕੀਤਾ।
ਅਈਅਰ ਤੇ ਸੈਣੀ ਨੇ ਲੜੀ ਲੜਾਈ
ਇੱਕ ਪਾਸੇ ਵਧੀਆ ਬੱਲੇਬਾਜ਼ੀ ਕਰ ਰਹੇ ਸ੍ਰੇਅਸ ਅਈਅਰ 57 ਗੇਂਦਾਂ ‘ਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਲਈ ਸ੍ਰੇਅਸ ਅਈਅਰ ਨੇ ਕੁਝ ਹੱਦ ਤੱਕ ਲੜਾਈ ਲੜੀ ਉਨ੍ਹਾਂ ਤੋਂ ਇਲਾਵਾ ਰਵਿੰਦਰ ਜਡੇਜਾ ਨੇ 55 ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ 45 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਭਾਰਤ ਨੂੰ ਮੈਚ ਦੇ ਨਾਲ ਤਿੰਨ ਮੈਚਾਂ ਦੀ ਲੜੀ ਵੀ ਗਵਾਉਣੀ ਪਈ।
ਰਾਸ ਟੇਲਰ ਨੇ ਖਰਾਬ ਕੀਤੀ ਇੰਡੀਆ ਦੀ ਖੇਡ
ਇਸ ਤੋਂ ਪਹਿਲਾਂ ਦੂਜੇ ਵਨਡੇ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 273 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਦਿੱਤਾ। ਰੋਸ ਟੇਲਰ ਅਤੇ ਕਾਇਲੇ ਜੈਮੀਸਨ ਨੇ ਟੀਮ ਇੰਡੀਆ ਦੀ ਖੇਡ ਖਰਾਬ ਕੀਤੀ ਰੋਸ ਟੇਲਰ ਨੇ ਨੌਵੀਂ ਵਿਕਟ ਲਈ ਜੈਮੀਸਨ ਨਾਲ 51 ਗੇਂਦਾਂ ‘ਚ 76 ਦੌੜਾਂ ਦੀ ਸਾਂਝੇਦਾਰੀ ਕੀਤੀ ਜੈਮੀਸਨ ਨੇ 24 ਗੇਂਦਾਂ ‘ਚ ਨਾਬਾਦ 25 ਦੌੜਾਂ ਬਣਾਈਆਂ। ਇੱਕ ਸਮੇਂ ਨਿਊਜ਼ੀਲੈਂਡ ਦਾ ਸਕੋਰ 8 ਵਿਕਟਾਂ ‘ਤੇ 197 ਦੌੜਾਂ ਸੀ, ਪਰ ਇਨ੍ਹਾਂ ਦੋਵਾਂ ਨੇ ਨਿਊਜ਼ੀਲੈਂਡ ਨੂੰ 273 ਦੌੜਾਂ ਦੇ ਸਕੋਰ ਤੱਕ ਪਹੁੰਚਾ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।