ਇਮਰਾਨ ਨੂੰ ਸੱਦਾ ਨਾ ਦੇਣਾ ਭਾਰਤ ਦਾ ਅੰਦਰੂਨੀ ਮਾਮਲਾ: ਪਾਕਿਸਤਾਨ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਨਾ ਦੇਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਹੈ। ਸਥਾਨਕ ਸਮਾਚਾਰ ਪੱਤਰ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਸਮਾਚਾਰ ਚੈਨਲ ਨੂੰ ਕਿਹਾ ਕਿ ਉਹਨਾਂ ਦਾ (ਸ੍ਰੀ ਮੋਦੀ) ਪੂਰਾ ਧਿਆਨ ਆਪਣੇ ਚੋਣ ਪ੍ਰਚਾਰ ਅਭਿਆਨ ਦੌਰਾਨ ਪਾਕਿਸਤਾਨ ਨੂੰ ਕੋਸਣ ‘ਤੇ ਸੀ। ਅਸੀਂ ਅਜੇ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਇੰਨੀ ਛੇਤੀ ਇਸ ਤੋਂ ਬਾਹਰ ਨਿੱਕਲਣਗੇ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਲਈ ਸਾਰੇ ਬਿਮਸਟੇਕ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ।
ਬਿਮਸਟੇਕ ਦੇਸ਼ਾਂ ‘ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਨੇਪਾਲ, ਸ੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਸ਼ਾਮਲ ਹਨ। ਜਿਕਰਯੋਗ ਹੈ ਕਿ ਜਦੋਂ 2014 ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਉਹਨਾਂ ਦੇ ਸਹੁੰ ਚੁੱਕ ਸਮਾਰੋਹ ‘ਚ ਦੱਖਣ ਏਸ਼ਿਆਈ ਖੇਤਰੀ ਸਹਿਯੋਗ ਸੰਘ (ਸਾਰਕ) ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਹਨਾਂ ‘ਚ ਪਾਕਿਸਤਾਨ ਵੀ ਸ਼ਾਮਲ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।