ਸੈਮੀਫਾਈਨਲ ਬਾਰਸ਼ ਕਾਰਨ ਹੋਇਆ ਰੱਦ
ਇੰਗਲੈਂਡ ਨਾਲ ਹੋਣਾ ਸੀ ਸੈਮੀਫਾਈਨਲ ਮੈਚ
ਸਿਡਨੀ, ਏਜੰਸੀ। ਭਾਰਤ ਨੇ ਬਾਰਸ਼ ਕਾਰਨ ਇੰਗਲੈਂਡ ਖਿਲਾਫ਼ ਅੱਜ ਹੋਣ ਵਾਲੇ ਸੈਮੀਫਾਈਨਲ ਮੈਚ ਰੱਦ ਹੋ ਜਾਣ ਤੋਂ ਪਹਿਲੀ ਵਾਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਭਾਰਤ ਅਤੇ ਇੰਗਲੈਂਡ ਦਰਮਿਆਨ ਇੱਥੇ ਸੈਮੀਫਾਈਨਲ ਮੁਕਾਬਲੇ ‘ਚ ਪਹਿਲਾਂ ਤੋਂ ਬਾਰਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਅਤੇ ਇਹ ਤੈਅ ਸੀ ਕਿ ਜੇਕਰ ਮੈਚ ਰੱਦ ਹੋ ਜਾਂਦਾ ਹੈ ਤਾਂ ਭਾਰਤੀ ਟੀਮ ਆਪਣੇ ਬਿਹਤਰ ਗਰੁੱਪ ਰਿਕਾਰਡ ਕਾਰਨ ਫਾਈਨਲ ‘ਚ ਪਹੁੰਚ ਜਾਵੇਗੀ। ਅੰਤ ‘ਚ ਇਹੀ ਹੋਇਆ। ਸੈਮੀਫਾਈਨਲ ਬਾਰਸ਼ ਕਾਰਨ ਰੱਦ ਕਰਨਾ ਪਿਆ ਅਤੇ ਭਾਰਤੀ ਟੀਮ ਖਿਤਾਬੀ ਮੁਕਾਬਲੇ ‘ਚ ਪਹੁੰਚ ਗਈ। ਬੱਦਲਾਂ ਅਤੇ ਬਾਰਸ਼ ਨੇ ਸਵੇਰ ਤੋਂ ਹੀ ਇੰਗਲੈਂਡ ਦੇ ਖੇਮੇ ਨੂੰ ਨਿਰਾਸ਼ਾ ‘ਚ ਪਾ ਰੱਖਿਆ ਸੀ ਜਦੋਂ ਕਿ ਭਾਰਤੀ ਖੇਮੇ ‘ਚ ਖੁਸ਼ੀ ਦੇ ਬੱਦਲ ਮੰਡਰਾਅ ਰਹੇ ਸਨ। ਹਾਲਾਂਕਿ ਫਾਰਮ ‘ਚ ਚੱਲ ਰਹੀ ਭਾਰਤੀ ਟੀਮ ਮੁਕਾਬਲੇ ਨੂੰ ਜਿੱਤ ਕੇ ਫਾਈਨਲ ‘ਚ ਪਹੁੰਚਣਾ ਪਸੰਦ ਕਰਦੀ ਪਰ ਟੀਮ ਇਸ ਗੱਲ ਨੂੰ ਲੈ ਕੇ ਰਾਹਤ ‘ਚ ਸੀ ਕਿ ਬਿਹਤਰ ਗਰੁੱਪ ਰਿਕਾਰਡ ਉਸ ਦੇ ਪੱਖ ‘ਚ ਸੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸੈਮੀਫਾਈਨਲ ਲਈ ਕੋਈ ਰਿਜਰਵ ਡੇ ਨਹੀਂ ਰੱਖਿਆ ਸੀ ਅਤੇ ਮੈਚ ਰੱਦ ਹੋਣ ਨਾਲ ਭਾਰਤੀ ਟੀਮ ਖਿਤਾਬੀ ਮੁਕਾਬਲੇ ‘ਚ ਪਹੁੰਚ ਗਈ ਜਦੋਂ ਕਿ ਇੰਗਲੈਂਡ ਨੂੰ ਬਾਹਰ ਹੋਣਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।