ਭਾਰਤ ਨੇ ਬਰਮਿੰਘਮ ਟੈਸਟ 336 ਦੌੜਾਂ ਨਾਲ ਜਿੱਤਿਆ | India Vs England Test
ਆਕਾਸ਼ ਦੀਪ ਨੇ ਲਈਆਂ 6 ਵਿਕਟਾਂ
ਐਜਬੈਸਟਨ, (ਆਈਏਐਨਐਸ)। ਭਾਰਤ ਨੇ ਪਹਿਲੇ ਟੈਸਟ ਮੈਚ ਹਾਰਨ ਤੋ ਬਾਅਦ ਵਾਪਸੀ ਕਰਦਿਆਂ ਦੂਜੇ ਟੈਸਟ ਮੈਚ ’ਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਮੈਚ ਦੇ ਆਖਰੀ ਦਿਨ 271 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਹ ਇੰਗਲੈਂਡ ਦੀ ਧਰਤੀ ‘ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 279 ਦੌੜਾਂ ਨਾਲ ਜਿੱਤ ਦਾ ਸੀ। ਭਾਰਤ ਨੇ 1986 ਵਿੱਚ ਲੀਡਜ਼ ਵਿੱਚ ਬ੍ਰਿਟਿਸ਼ ਨੂੰ ਇਸ ਫਰਕ ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਭਾਰਤ ਨੇ 58 ਸਾਲਾਂ ਵਿੱਚ ਬਰਮਿੰਘਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ।
ਇਸ ਤੋਂ ਪਹਿਲਾਂ ਇੱਥੇ ਖੇਡੇ ਗਏ 8 ਟੈਸਟਾਂ ਵਿੱਚੋਂ, ਭਾਰਤ 7 ਹਾਰਿਆ ਸੀ ਅਤੇ 1 ਮੈਚ ਡਰਾਅ ਰਿਹਾ ਸੀ। ਮੈਚ ਦੇ ਆਖਰੀ ਦਿਨ, ਇੰਗਲੈਂਡ ਨੇ ਤਿੰਨ ਵਿਕਟਾਂ ‘ਤੇ 72 ਦੌੜਾਂ ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਮੈਚ ਮੀਂਹ ਕਾਰਨ ਲਗਭਗ 90 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ। ਦੁਪਹਿਰ ਦੇ ਖਾਣੇ ਤੱਕ, ਬ੍ਰਿਟਿਸ਼ ਟੀਮ ਨੇ ਤਿੰਨ ਹੋਰ ਵਿਕਟਾਂ ਗੁਆ ਦਿੱਤੀਆਂ। ਬਾਕੀ ਚਾਰ ਵਿਕਟਾਂ ਦੂਜੇ ਸੈਸ਼ਨ ਵਿੱਚ ਡਿੱਗ ਗਈਆਂ। ਭਾਰਤ ਲਈ, ਆਕਾਸ਼ ਦੀਪ ਨੇ 6 ਵਿਕਟਾਂ ਲਈਆਂ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨਾ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ।
ਮੀਂਹ ਕਾਰਨ ਖੇਡ ਦੇਰੀ ਨਾਲ ਸ਼ੁਰੂ ਹੋਈ
ਮੀਂਹ ਕਾਰਨ ਪੰਜਵੇਂ ਦਿਨ ਦਾ ਖੇਡ ਨਿਰਧਾਰਤ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਇੰਗਲੈਂਡ ਨੇ ਚੌਥੇ ਦਿਨ ਦੇ ਸਕੋਰ 77 ਦੌੜਾਂ ਤੋਂ ਤਿੰਨ ਵਿਕਟਾਂ ‘ਤੇ ਅੱਗੇ ਖੇਡਣਾ ਸ਼ੁਰੂ ਕੀਤਾ। ਇੰਗਲੈਂਡ ਨੂੰ ਦਿਨ ਦਾ ਪਹਿਲਾ ਝਟਕਾ ਓਲੀ ਪੋਪ ਦੇ ਰੂਪ ਵਿੱਚ ਲੱਗਾ। ਪੋਪ 24 ਦੌੜਾਂ ਬਣਾਉਣ ਤੋਂ ਬਾਅਦ ਆਕਾਸ਼ ਦੀਪ ਦੁਆਰਾ ਬੋਲਡ ਹੋ ਗਿਆ। ਉਸ ਸਮੇਂ ਇੰਗਲੈਂਡ ਦਾ ਸਕੋਰ 80 ਦੌੜਾਂ ਸੀ। ਸਕੋਰ ਅਜੇ ਤਿੰਨ ਦੌੜਾਂ ਹੀ ਵਧਿਆ ਸੀ ਕਿ ਆਕਾਸ਼ ਦੀਪ ਨੇ ਹੈਰੀ ਬਰੂਕ ਨੂੰ ਆਊਟ ਕਰਕੇ ਦਿਨ ਦਾ ਦੂਜਾ ਅਤੇ ਪੰਜਵਾਂ ਝਟਕਾ ਦਿੱਤਾ।
ਬਰੂਕ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਕਪਤਾਨ ਬੇਨ ਸਟੋਕਸ ਅਤੇ ਜੈਮੀ ਸਮਿਥ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਛੇਵੀਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦਾ ਸਕੋਰ 153 ਤੱਕ ਪਹੁੰਚਾਇਆ। ਪਰ ਇਸ ਸਕੋਰ ‘ਤੇ ਵਾਸ਼ਿੰਗਟਨ ਸੁੰਦਰ ਨੇ 33 ਦੌੜਾਂ ਦੇ ਸਕੋਰ ‘ਤੇ ਸਟੋਕਸ ਨੂੰ ਆਊਟ ਕਰ ਦਿੱਤਾ। ਸਟੋਕਸ ਦੀ ਵਿਕਟ ਡਿੱਗਦੇ ਹੀ ਦੁਪਹਿਰ ਲੰਚ ਬ੍ਰੇਕ ਕੀਤਾ ਗਿਆ।
ਆਕਾਸ਼ ਦੀਪ ਨੇ ਲਈਆਂ 6 ਵਿਕਟਾਂ | India Vs England Test
ਆਕਾਸ਼ ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਹਾਸਲ ਕੀਤੀਆਂ। ਆਕਾਸ਼ ਨੂੰ 5ਵੀਂ ਵਿਕਟ 88 ਦੌੜਾਂ ’ਤੇ ਜੈਮੀ ਸਮਿਥ ਨੂੰ ਆਊਟ ਕਰਕੇ ਲਈ। ਇੰਗਲੈਂਡ ਨੇ 56ਵੇਂ ਓਵਰ ਵਿੱਚ 8ਵੀਂ ਵਿਕਟ ਗੁਆ ਦਿੱਤੀ। ਇੱਥੇ ਜੈਮੀ ਸਮਿਥ (88 ਦੌੜਾਂ) ਨੂੰ ਵਾਸ਼ਿੰਗਟਨ ਸੁੰਦਰ ਦੀ ਗੇਂਦ ‘ਤੇ ਆਕਾਸ਼ ਦੀਪ ਨੇ ਕੈਚ ਕਰਵਾ ਲਿਆ। ਉਸਨੇ 5 ਵਿਕਟਾਂ ਲਈਆਂ ਹਨ। ਆਕਾਸ਼ ਨੇ ਓਲੀ ਪੋਪ (24 ਦੌੜਾਂ), ਹੈਰੀ ਬਰੂਕ (23 ਦੌੜਾਂ), ਬੇਨ ਡਕੇਟ ਅਤੇ ਜੋ ਰੂਟ ਦੀਆਂ ਵਿਕਟਾਂ ਵੀ ਲਈਆਂ।
ਭਾਰਤ ਨੇ ਦਿੱਤਾ ਸੀ 608 ਦੌੜਾਂ ਦਾ ਵੱਡਾ ਟੀਚਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਟੀਮ ਨੇ ਕਪਤਾਨ ਸ਼ੁਭਮਨ ਗਿੱਲ ਦੀਆਂ 269, ਰਵਿੰਦਰ ਜਡੇਜਾ ਦੀਆਂ 89 ਅਤੇ ਯਸ਼ਸਵੀ ਜੈਸਵਾਲ ਦੀਆਂ 87 ਦੌੜਾਂ ਦੀ ਮਦਦ ਨਾਲ 587 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਵਿੱਚ ਇੰਗਲੈਂਡ ਨੂੰ 407 ਦੌੜਾਂ ‘ਤੇ ਆਊਟ ਕਰਕੇ 180 ਦੌੜਾਂ ਦੀ ਲੀਡ ਹਾਸਲ ਕੀਤੀ। ਦੂਜੀ ਪਾਰੀ ਵਿੱਚ ਗਿੱਲ ਦੀਆਂ 161, ਜਡੇਜਾ ਦੀਆਂ 69 ਅਤੇ ਪੰਤ ਦੀਆਂ 65 ਦੌੜਾਂ ਦੀ ਮਦਦ ਨਾਲ ਛੇ ਵਿਕਟਾਂ ‘ਤੇ 427 ਦੌੜਾਂ ‘ਤੇ ਪਾਰੀ ਘੋਸ਼ਿਤ ਕੀਤੀ ਗਈ ਅਤੇ ਇੰਗਲੈਂਡ ਨੂੰ 608 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ।