ਲੱਦਾਖ ‘ਚ ਚੀਨ ਦੀ ਦਾਦਾਗਿਰੀ, ਡਰੈਗਨ ਦੀ ਭਾਰਤੀ ਖੇਤਰ ‘ਚ ਵੜਨ ਦੀ ਕੋਸਿ਼ਸ਼ ਨਾਕਾਮ

India,China Army, Meeting, ITBP

ਚਸ਼ੂਲ ਘਾਟੀ ਵਿੱਚ ਦੋਵੇਂ ਫੌਜਾਂ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ

ਲੱਦਾਖ: ਪਿਛਲੇ ਲਗਭਗ ਦੋ ਮਹੀਨਿਆਂ ਤੋਂ ਡੋਕਲਾਮ ਦੇ ਮੁੱਦੇ ‘ਤੇ ਭਾਰਤ ਅਤੇ  ਚੀਨ ਆਹਮੋ-ਸਾਹਮਣੇ ਹੈ, ਪਰ ਭਾਰਤ ਅਤੇ ਚੀਨ ਦੀਆਂ ਫੌਜਾਂ ਮੰਗਲਵਾਰ ਨੂੰ ਪੇਂਗੋਂਗ ਝੀਲ ਨੇੜੇ ਟਕਰਾਅ ਦੀ ਸਥਿਤੀ ਵਿੱਚ ਆ ਗਈਆਂ। ਇਸੇ ਮੁੱਦੇ ‘ਤੇ ਬੁੱਧਵਾਰ ਨੂੰ ਚੁਸ਼ੂਲ ਘਾਟੀ ਵਿੱਚ ਭਾਰਤੀ ਫੌਜ ਅਤੇ ਚੀਨੀ ਫੌਜ ਦਰਮਿਆਨ ਗੱਲਬਾਤ ਹੋਈ। ਇਸ ਬਾਰਡਰ ਪਰਸਨਲ ਮੀਟਿੰਗ ਵਿੱਚ ਆਈਟੀਬੀਪੀ ਦੇ ਜਵਾਨ ਵੀ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪੀਪੁਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਫੌਜੀਆਂ ਨੇ ਸਵੇਰੇ ਛੇ ਵਜੇ ਤੋਂ ਨੌ ਵਜੇ ਦਰਮਿਆਨ ਦੋ ਇਲਾਕਿਆਂ ਫਿੰਗਰ-4 ਅਤੇ ਫਿੰਗਰ-5 ਵਿੱਚ ਭਾਰਤੀ ਸਰਹੱਦ ਵਿੱਚ ਵੜਨ ਦਾ ਦੋ ਵਾਰ ਯਤਨ ਕੀਤਾ। ਪਰ ਇਨ੍ਹਾਂ ਦੋਵਾਂ ਮੌਕਿਆਂ ‘ਤੇ ਭਾਰਤੀ ਜਵਾਨਾਂ ਨੇ ਉਨ੍ਹਾਂ ਦੇ ਯਤਨਾਂ ਨੂੰ ਨਾਕਾਮ ਕਰ ਦਿੱਤਾ। ਇਸ ਮਾਮਲੇ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਇਹ ਸਭ ਕੁਝ ਜਾਣ ਬੁੱਝ ਕੇ ਕਰ ਰਿਹਾ ਹੈ।

ਘਟਨਾ ਤੋਂ ਕੁਝ ਦੇਰ ਬਾਅਦ ਸਥਿਤੀ ਕਾਬੂ ਵਿੱਚ ਆ ਗਈ। ਚੀਨੀ ਫੌਜੀ ਇਸ ਘਟਨਾ ਵਿੱਚ ਫਿੰਗਰ ਫੋਰ ਇਲਾਕੇ ਵਿੱਚ ਵੜਨ ਵਿੱਚ ਸਫ਼ਲ ਹੋ ਗਏ ਸਨ, ਪਰ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਵਾਪਸ ਧੱਕ ਦਿੱਤਾ। ਇਸ ਇਲਾਕੇ ‘ਤੇ ਦੋਵੇਂ ਆਪਣਾ-ਆਪਣਾ ਦਾਅਵਾ ਕਰਦੇ ਰਹੇ ਹਨ। 1990 ਵਿੱਚ ਭਾਰਤ ਨੇ ਇਸ ਇਲਾਕੇ ‘ਤੇ ਦਾਅਵਾ ਕੀਤਾ ਸੀ ਤਾਂ ਚੀਨੀ ਫੌਜ ਨੇ ਇੱਥੇ ਇੱਕ ਸੜਕ ਬਣਾ ਕੇ ਇਸ ਨੂੰ ਅਕਸਾਈ ਚੀਨ ਦਾ ਹਿੱਸਾ ਦੱਸਿਆ ਸੀ। ਹਾਲਾਂਕਿ ਬਾਅਦ ਵਿੱਚ ਭਾਰਤ ਨੇ ਇਸ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਸੀ।

ਚੀਨ ਵਿੱਚ ਹੈ ਝੀਲ ਦਾ 60 ਫੀਸਦੀ ਹਿੱਸਾ

ਜ਼ਿਕਰਯੋਗ ਹੈ ਕਿ ਪੇਂਗੋਂਗ ਹਿਮਾਲਿਆ ਵਿੱਚ ਇੱਕ ਝੀਲ ਹੈ। ਜਿਸ ਦੀ ਉਚਾਈ ਲਗਭਗ 4500 ਮੀਟਰ ਹੈ। ਇਹ 134 ਕਿਲੋਮੀਟਰ ਲੰਮੀ ਹੈ ਅਤੇ ਭਾਰਤ ਦੇ ਲੱਦਾਖ ਤੋਂ ਤਿੱਬਤ ਪਹੁੰਚਦੀ ਹੈ। ਇਸ ਝੀਲ ਦਾ ਕਰੀਬ 60 ਫੀਸਦੀ ਹਿੱਸਾ ਚੀਨ ਵਿੱਚ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।