ਰਮਨਦੀਪ ਕਰ ਸਕਦੇ ਹਨ ਡੈਬਿਊ | IND vs SA
- ਸੀਰੀਜ਼ ਹੁਣ ਤੱਕ ਰਹੀ ਹੈ 1-1 ਨਾਲ ਬਰਾਬਰ
IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ’ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਸ਼ੁਰੂ ਹੋਵੇਗਾ, ਟਾਸ ਰਾਤ 8 ਵਜੇ ਹੋਵੇਗਾ। ਭਾਰਤ 6 ਸਾਲ ਬਾਅਦ ਇੱਥੇ ਟੀ-20 ਮੈਚ ਖੇਡੇਗਾ, 2018 ’ਚ ਟੀਮ ਘਰੇਲੂ ਟੀਮ ਤੋਂ ਹਾਰ ਗਈ ਸੀ। 4 ਟੀ-20 ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 61 ਦੌੜਾਂ ਨਾਲ ਤੇ ਦੂਜਾ ਮੈਚ ਦੱਖਣੀ ਅਫਰੀਕਾ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਆਖਰੀ ਮੈਚ 15 ਨਵੰਬਰ ਨੂੰ ਜੋਹਾਨਸਬਰਗ ’ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : Champions Trophy 2025: ਪਾਕਿਸਤਾਨ ਤੋਂ ਖੋਹੀ ਜਾ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਾਰਨ
ਅੱਜ ਤੱਕ ਦੇ ਰਿਕਾਰਡ ’ਚ ਭਾਰਤੀ ਟੀਮ ਹੈ ਅੱਗੇ | IND vs SA
ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੁਣ ਤੱਕ 29 ਟੀ-20 ਖੇਡੇ ਜਾ ਚੁੱਕੇ ਹਨ। ਭਾਰਤ ਨੇ 16 ਤੇ ਦੱਖਣੀ ਅਫਰੀਕਾ ਨੇ 12 ਜਿੱਤੇ। ਦੋਵਾਂ ਵਿਚਕਾਰ ਇੱਕ ਮੈਚ ਬੇ-ਨਤੀਜਾ ਵੀ ਰਿਹਾ ਹੈ। ਦੋਵਾਂ ਵਿਚਕਾਰ ਇਸ ਸਾਲ ਟੀ-20 ਵਿਸ਼ਵ ਕੱਪ ਦਾ ਫਾਈਨਲ ਵੀ ਹੋਇਆ ਸੀ, ਜਿਸ ’ਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਦੋਵਾਂ ਵਿਚਕਾਰ ਸੈਂਚੁਰੀਅਨ ’ਚ ਆਖਰੀ ਮੈਚ 2018 ’ਚ ਹੋਇਆ ਸੀ, ਜਦੋਂ ਘਰੇਲੂ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੋਵਾਂ ਨੇ ਦੱਖਣੀ ਅਫਰੀਕਾ ’ਚ 22 ਟੀ-20 ਖੇਡੇ, ਜਿਸ ’ਚ ਭਾਰਤ ਨੇ 12 ਤੇ ਘਰੇਲੂ ਟੀਮ ਨੇ 9 ਜਿੱਤੇ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ।
ਰਮਨਦੀਪ ਕਰ ਸਕਦੇ ਹਨ ਡੈਬਿਊ | IND vs SA
ਦੂਜੇ ਟੀ-20 ’ਚ ਟੀਮ ਇੰਡੀਆ ਦੀ ਬੱਲੇਬਾਜ਼ੀ ਕਮਜ਼ੋਰ ਨਜ਼ਰ ਆਈ। 6 ਵਿਕਟਾਂ ਡਿੱਗਣ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਬੱਲੇਬਾਜ਼ੀ ਲਈ ਆਉਣਾ ਪਿਆ, ਜੋ ਆਮ ਤੌਰ ’ਤੇ 8 ਜਾਂ 9 ਵਿਕਟਾਂ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਕਰਦਾ ਹੈ। ਅਜਿਹੇ ’ਚ ਅੱਜ ਬੱਲੇਬਾਜ਼ੀ ਨੂੰ ਵਧਾਉਣ ਲਈ ਟੀਮ ਆਊਟ ਆਫ ਫਾਰਮ ਅਭਿਸ਼ੇਕ ਸ਼ਰਮਾ ਦੀ ਜਗ੍ਹਾ ਰਮਨਦੀਪ ਸਿੰਘ ਨੂੰ ਪਲੇਇੰਗ-11 ’ਚ ਸ਼ਾਮਲ ਕਰ ਸਕਦੀ ਹੈ। ਰਮਨਦੀਪ ਨੇ ਅਜੇ ਆਪਣਾ ਡੈਬਿਊ ਨਹੀਂ ਕੀਤਾ ਹੈ।
ਮੌਸਮ ਦੀ ਸਥਿਤੀ | IND vs SA
ਬੁੱਧਵਾਰ ਨੂੰ ਸੈਂਚੁਰੀਅਨ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 16 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਪਿਛਲੇ 2 ਟੀ-20 ਮੈਚਾਂ ’ਚ ਵੀ ਮੀਂਹ ਕਾਰਨ ਕੋਈ ਦਿੱਕਤ ਨਹੀਂ ਆਈ।
ਪਿੱਚ ਰਿਪੋਰਟ | IND vs SA
ਸੈਂਚੁਰੀਅਨ ’ਚ ਹੁਣ ਤੱਕ 14 ਟੀ-20 ਖੇਡੇ ਜਾ ਚੁੱਕੇ ਹਨ, ਜਿਸ ’ਚ 7 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਤੇ 7 ਵਾਰ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਹੈ। 258 ਦੌੜਾਂ ਇੱਥੇ ਸਭ ਤੋਂ ਵਧੀਆ ਸਕੋਰ ਹੈ ਤੇ ਪਿਛਲੇ ਕੁਝ ਸਾਲਾਂ ’ਚ ਇੱਥੇ ਪਿੱਛਾ ਕਰਨਾ ਆਸਾਨ ਹੋ ਗਿਆ ਹੈ। ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ/ਰਮਨਦੀਪ ਸਿੰਘ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਆਵੇਸ਼ ਖਾਨ।
ਦੱਖਣੀ ਅਫ਼ਰੀਕਾ : ਏਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡਰਿਕਸ, ਰਿਆਨ ਰਿਕੈਲਟਨ, ਟ੍ਰਿਸਟਨ ਸਟੱਬਸ, ਹੇਨਰਿਚ ਕਲਾਸਨ (ਵਿਕਟਕੀਪਰ), ਡੇਵਿਡ ਮਿਲਰ, ਐਂਡੀਲੇ ਸਿਮਲੇਨ, ਮਾਰਕੋ ਯੈਨਸਨ, ਗੇਰਾਲਡ ਕੋਏਟਜ਼ੀ, ਐਨ ਪੀਟਰ ਤੇ ਕੇਸ਼ਵ ਮਹਾਰਾਜ।