ਪਿੰਡ ਸਹਿਜੜਾ ‘ਚ ਅੰਗਹੀਣ ਮਜ਼ਦੂਰ ਵੱਲੋਂ ਜ਼ਹਿਰਲੀ ਚੀਜ ਨਿਗਲ ਕੇ ਖੁਦਕੁਸ਼ੀ

ਲਾਕਡਾਊਨ ਦੌਰਾਨ ਬੰਦ ਹੋਇਆ ਕੰਮ ਬਣਿਆ ਮੌਤ ਦੀ ਵਜ਼੍ਹਾ : ਭਰਾ

ਬਰਨਾਲਾ,(ਜਸਵੀਰ ਸਿੰਘ) ਜ਼ਿਲ੍ਹੇ ਦੇ ਪਿੰਡ ਸਹਿਜੜਾ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇੱਕ ਅੰਗਹੀਣ ਵਿਅਕਤੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲ ਚੀਜ ਨਿਗਲ ਕੇ ਖੁਦਕੁਸ਼ੀ ਕਰਨ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅਨੁਸਾਰ ਲਾਕਡਾਊਨ ਦੌਰਾਨ ਬੰਦ ਹੋਇਆ ਕੰਮ ਉਸਦੇ ਭਰਾ ਦੀ ਮੌਤ ਦਾ ਕਾਰਨ ਬਣਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭਰਾ ਜਸਵਿੰਦਰ ਸਿੰਘ ਸਹਿਜੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਹਿਜੜਾ ਲੰਘੀ 13 ਜਨਵਰੀ 2018 ਨੂੰ ਇੱਕ ਸੜਕ ਹਾਦਸੇ ‘ਚ ਆਪਣੀ ਇੱਕ ਬਾਂਹ ਤੋਂ ਅਪਾਹਜ ਹੋ ਗਿਆ ਸੀ। ਜਿਸ ਪਿੱਛੋਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਚਲਾਉਂਦਾ ਆ ਰਿਹਾ ਸੀ ਪਰ ਥੋੜਾ ਬਹੁਤਾ ਚਲਦਾ ਕੰਮ ਵੀ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਲਗਾਏ ਗਏ

ਲਾਕਡਾਊਨ ਕਾਰਨ ਬੰਦ ਹੋ ਗਿਆ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸਨੇ ਵੀਰਵਾਰ ਨੂੰ ਆਪਣੇ ਘਰ ਅੰਦਰ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੰਚਾਇਤ ਦੀ ਸਹਾਇਤਾ ਨਾਲ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਅੱਗੇ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

ਪਰ ਰਸਤੇ ਵਿੱਚ ਹੀ ਕੁਲਵਿੰਦਰ ਸਿੰਘ (39) ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਅਨੁਸਾਰ ਕੁਲਵਿੰਦਰ ਸਿੰਘ ਆਪਣੇ ਪਿੱਛੇ ਆਪਣੇ ਦੋ ਬੇਟੇ ਅਤੇ ਇੱਕ ਬੇਟੀ ਸਮੇਤ ਆਪਣੀ ਪਤਨੀ ਨੂੰ ਛੱਡ ਗਿਆ ਹੈ। ਥਾਣਾ ਮਹਿਲ ਕਲਾਂ ਦੇ ਏਐਸਆਈ ਬਲਵੰਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।