ਵੈਨ ਡਰਾਈਵਰ ਮੌਕੇ ‘ਤੇ ਕਾਬੂ, ਪੁਲਿਸ ਵੱਲੋਂ ਜਾਂਚ ਸ਼ੁਰੂ
ਟੋਰਾਂਟੋ (ਏਜੰਸੀ)। ਕੈਨੇਡਾ ਦੇ ਟੋਰਾਂਟੋ ‘ਚ ਇੱਕ ਵੈਨ ਨੇ ਰਾਹਗੀਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖ਼ਮੀਆਂ ‘ਚ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਯੋਂਗ ਸਟਰੀਟ ਤੇ ਫਿੰਚ ਐਵਨਿਊ ‘ਚ ਦੁਪਹਿਰ ਡੇਢ ਵਜੇ ਵਾਪਰੀ।
ਫਿਲਹਾਲ ਪੁਲਿਸ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਜਾਂ ਇਹ ਇੱਕ ਹਾਦਸਾ ਸੀ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਅੱਤਵਾਦੀ ਘਟਨਾ ਤਾਂ ਨਹੀਂ ਘਟਨਾ ਦੌਰਾਨ ਬੇਕਾਬੂ ਵੈਨ ਨੇ ਪਹਿਲਾਂ ਸੜਕ ਕੰਢੇ ਬਣੀ ਇਮਾਰਤ ਦੀ ਕੰਧ ‘ਚ ਟੱਕਰ ਮਾਰੀ ਤੇ ਬਾਅਦ ‘ਚ ਫੁੱਟਪਾਥ ਤੇ ਸੜਕ ‘ਤੇ ਜਾ ਰਹੇ ਲੋਕਾਂ ਨੂੰ ਦਰੜਦੇ ਹੋਏ ਅੱਗੇ ਵਧ ਗਈ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਈ ਬਜ਼ੁਰਗਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ‘ਚ ਇਸੇ ਤਰ੍ਹਾਂ ਨਾਲ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿੱਥੇ ਬੇਕਾਬੂ ਵੈਨ ਨਾਲ ਜਾਣ-ਬੁੱਝ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਗਿਆ।