ਸਿੱਧੂ ਨੇ ਪਲੇਠੀ ਮੀਟਿੰਗ ’ਚ ਹੀ ਘੇਰੀ ‘ਕੈਪਟਨ’ ਸਰਕਾਰ, ਅਮਰਿੰਦਰ ਹੋਏ ਨਰਾਜ਼, ਬੋਲੇ, ਇਨ੍ਹਾਂ ਮੁੱਦਿਆਂ ’ਤੇ ਪਹਿਲਾਂ ਹੀ ਕੰਮ ਕਰ ਰਹੀ ਐ ਸਰਕਾਰ

ਸਿੱਧੂ ਦੇ ਪੱਤਰ ਨੂੰ ਪੜ੍ਹ ਕੇ ਹੈਰਾਨ ਹੋਏ ਮੁੱਖ ਮੰਤਰੀ, ਹਰ ਪੁਆਇੰਟ ਵਾਈਜ਼ ਸਿੱਧੂ ਨੂੰ ਦਿੱਤੇ ਜੁਆਬ

  • ਮੁਲਾਜ਼ਮਾਂ ਦੇ ਮੁੱਦੇ ’ਤੇ ਬੋਲੇ ਬ੍ਰਹਮ ਮਹਿੰਦਰਾ, ਸਰਕਾਰ ਕਰ ਰਹੀ ਐ ਕੰਮ, ਚੱਲ ਰਹੀਆਂ ਹਨ ਮੀਟਿੰਗਾਂ
  • ਸਿੱਧੂ ਨੇ ਲਿਖਤੀ ਰੂਪ ਵਿੱਚ ਦਿੱਤਾ ਅਮਰਿੰਦਰ ਸਿੰਘ ਨੂੰ ਮੰਗ ਪੱਤਰ, 5 ਕੰਮ ਕੀਤੇ ਜਾਣ ਪਹਿਲ ਦੇ ਆਧਾਰ ’ਤੇ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਪਲੇਠੀ ਮੀਟਿੰਗ ਵੀ ਕੋਈ ਜ਼ਿਆਦਾ ਚੰਗੀ ਨਹੀਂ ਰਹੀ ਅਤੇ ਇਸ ਮੀਟਿੰਗ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਕੁਝ ਨਰਾਜ਼ ਦਿਖਾਈ ਦਿੱਤੇ ਪਰ ਨਰਾਜ਼ਗੀ ਜ਼ਾਹਰ ਕਰਨ ਦੀ ਥਾਂ ’ਤੇ ਅਮਰਿੰਦਰ ਸਿੰਘ ਨੇ ਉਨ੍ਹਾਂ 5 ਪੁਆਇੰਟਾਂ ਦਾ ਜੁਆਬ ਦਿੱਤਾ, ਜਿਹੜੇ ਕਿ ਨਵਜੋਤ ਸਿੱਧੂ ਖ਼ੁਦ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਨੂੰ ਦੇਣ ਲਈ ਲਿਆਏ ਸਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨਾਂ ਦੇੇ ਦਸਤਖ਼ਤ ਹੇਠ ਮਿਲੇ ਪੱਤਰ ਨੂੰ ਪੜ੍ਹਨ ਤੋਂ ਬਾਅਦ ਅਮਰਿੰਦਰ ਸਿੰਘ ਨੇ ਮੌਕੇ ਹੀ ਕਹਿ ਦਿੱਤਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ ’ਤੇ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਹੈ ਅਤੇ ਸਰਕਾਰ ਵੱਲੋਂ ਪਹਿਲੇ ਤਿੰਨ ਮੁੱਦਿਆਂ ’ਤੇ ਕੰਮ ਕੀਤਾ ਜਾ ਚੁੱਕਾ ਹੈ ਅਤੇ ਅਦਾਲਤ ਵੱਲੋਂ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ। ਇਥੇ ਹੀ ਅਗਲੇ 2 ਮੁੱਦਿਆਂ ’ਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਨਵਜੋਤ ਸਿੱਧੂ ਥੋੜ੍ਹਾ ਜਿਹਾ ਅਸਹਿਜ ਵੀ ਨਜ਼ਰ ਆਏ।

ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਕੁਝ ਮੁੱਦਿਆਂ ’ਤੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਵੀ ਜੁਆਬ ਦਿੱਤੇ ਗਏ ਅਤੇ ਮੁਲਾਜ਼ਮਾਂ ਦੇ ਮੁੱਦੇ ’ਤੇ ਬ੍ਰਹਮ ਮਹਿੰਦਰਾ ਵੱਲੋਂ ਲਗਾਤਾਰ ਮੀਟਿੰਗਾਂ ਚਲਣ ਬਾਰੇੇ ਦੱਸਿਆ ਗਿਆ, ਜਿਸ ਤੋਂ ਬਾਅਦ ਇਸ ਪੱਤਰ ਦੀ ਥਾਂ ’ਤੇ ਸੰਗਠਨ ਅਤੇ ਸਰਕਾਰ ਸਬੰਧੀ ਨਵਜੋਤ ਸਿੱਧੂ ਵੱਲੋਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਆਦਾ ਸਮਾਂ ਮੀਟਿੰਗ ਦੌਰਾਨ ਸਰਕਾਰ ਨੂੰ ਹੀ ਘੇਰਨ ਦੀ ਕੋਸ਼ਿਸ਼ ਨਵਜੋਤ ਸਿੱਧੂ ਵੱਲੋਂ ਜਾਰੀ ਸੀ। ਇਸ ਮੌਕੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲਣ ਲਈ ਸਮਾਂ ਮੰਗਿਆ ਸੀ ਅਤੇ ਉਨ੍ਹਾਂ ਨਾਲ 4 ਕਾਰਜਕਾਰੀ ਪ੍ਰਧਾਨ ਆਉਣ ਬਾਰੇ ਵੀ ਸੂਚਨਾ ਦਿੱਤੀ ਗਈ ਸੀ। ਨਵਜੋਤ ਸਿੱਧੂ ਵੱਲੋਂ ਸਮਾਂ ਮੰਗੇ ਜਾਣ ’ਤੇ ਅਮਰਿੰਦਰ ਸਿੰਘ ਨੇ ਆਪਣੀ ਸਿਸਵਾਂ ਰਿਹਾਇਸ਼ ਜਾਂ ਫਿਰ ਸਰਕਾਰੀ ਰਿਹਾਇਸ਼ ਦੀ ਥਾਂ ’ਤੇ ਮੁੱਖ ਮੰਤਰੀ ਦਫ਼ਤਰ ਵਿੱਚ ਹੀ ਮਿਲਣ ਲਈ ਸਮਾਂ ਦਿੱਤਾ। ਆਮ ਤੌਰ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਦਫ਼ਤਰ ਵਿੱਚ ਨਹੀਂ ਆਉਂਦੇ ਹਨ ਪਰ ਪਿਛਲੇ ਕਾਫ਼ੀ ਸਮੇਂ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਕਿਸੇ ਨੂੰ ਆਪਣੇ ਦਫ਼ਤਰ ਵਿੱਚ ਮੀਟਿੰਗ ਲਈ ਸਮਾਂ ਦਿੱਤਾ ਗਿਆ ਹੈ।

ਨਵਜੋਤ ਸਿੱਧੂ ਅਤੇ ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਲਗਭਗ 3:25 ਵਜੇ ਮੁੱਖ ਮੰਤਰੀ ਦੇ ਦਫ਼ਤਰ ਪੁੱਜ ਗਏ ਸਨ ਅਤੇ ਅਮਰਿੰਦਰ ਸਿੰਘ ਵੀ ਮੌਕੇ ’ਤੇ ਹੀ ਮੌਜੂਦ ਸਨ। ਨਵਜੋਤ ਸਿੱਧੂ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਨਾਲ ਹੀ ਨਸ਼ੇ ਦੇ ਮਾਮਲੇ ਵਿੱਚ ਵੱਡੀ ਮਛਲੀਆਂ ਨੂੰ ਤੁਰੰਤ ਫੜਨ, ਕੇਂਦਰ ਵੱਲੋਂ ਜਾਰੀ ਕੀਤੇ ਗਏ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ, ਸਰਕਾਰ ਵੱਲੋਂ 2017 ਵਿੱਚ ਕੀਤੇ ਗਏ ਵਾਅਦੇ ਅਨੁਸਾਰ ਬਿਜਲੀ ਸਮਝੌਤੇ ਰੱਦ ਕਰਨ ਅਤੇ ਸੜਕਾਂ ’ਤੇ 20 ਤੋਂ ਜ਼ਿਆਦਾ ਯੂਨੀਅਨਾਂ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਵਾਉਣ ਲਈ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਸਲਾਹ ਦਿੱਤੀ ਹੈ।

ਅਮਰਿੰਦਰ ਸਿੰਘ ਨਾਲ ਮਿਲਾਇਆ ਹੱਥ, ਅਧਿਕਾਰੀ ਦੇ ਛੂਹੇ ਪੈਰ, ਪਾਈ ਜੱਫੀ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਗਏ ਨਵਜੋਤ ਸਿੱਧੂ ਨੇ ਦਫ਼ਤਰ ਵਿੱਚ ਦਾਖ਼ਲ ਹੋਣ ਮੌਕੇ ਇੱਕ ਸੀਨੀਅਰ ਅਧਿਕਾਰੀ ਦੇ ਤਾਂ ਪੈਰ ਛੂਹੇ ਅਤੇ ਜੱਫੀ ਤੱਕ ਪਾਈ ਪਰ ਇਹ ਪਿਆਰ ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਤੀ ਨਹੀਂ ਦਿਖਾਇਆ । ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਮਿਲਣ ਲਈ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਖ਼ੁਦ ਅਮਰਿੰਦਰ ਸਿੰਘ ਹੱਥ ਮਿਲਾਉਣ ਅੱਗੇ ਆਏ, ਜਦੋਂ ਕਿ ਮੌਕੇ ’ਤੇ ਹਾਜ਼ਰ ਇੱਕ ਅਧਿਕਾਰੀ ਦੇ ਨਵਜੋਤ ਸਿੱਧੂ ਨੇ ਹੇਠਾਂ ਝੁਕਦੇ ਹੋਏ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਜੱਫੀ ਵੀ ਪਾਈ।

ਪੱਤਰ ਜਾਰੀ ਕਰਨ ਤੋਂ ਨਰਾਜ਼ ਹੋਇਆ ਮੁੱਖ ਮੰਤਰੀ ਦਾ ਖੇਮਾ

ਨਵਜੋਤ ਸਿੱਧੂ ਵੱਲੋਂ ਜਿਹੜਾ ਪੱਤਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਸੀ, ਉਸ ਪੱਤਰ ਨੂੰ ਮੀਟਿੰਗ ਖ਼ਤਮ ਹੋਣ ਤੋਂ ਕੁਝ ਦੇਰ ਬਾਅਦ ਹੀ ਨਵਜੋਤ ਸਿੱਧੂ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕਰ ਦਿੱਤਾ ਗਿਆ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਖੇਮਾ ਕਾਫ਼ੀ ਜਿਆਦਾ ਨਰਾਜ਼ ਨਜ਼ਰ ਆਇਆ ਅਤੇ ਉਨ੍ਹਾਂ ਨੇ ਅਮਰਿੰਦਰ ਸਿੰਘ ਨਾਲ ਹੀ ਦਫ਼ਤਰ ਵਿੱਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਖੇਮੇ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਦਿੱਤੇ ਗਏ ਪੱਤਰ ਨੂੰ ਇਸ ਤਰੀਕੇ ਨਾਲ ਜਾਰੀ ਨਹੀਂ ਕਰਨਾ ਚਾਹੀਦਾ ਹੈ ਅਤੇ ਇਹ ਸਮਝ ਨਹੀਂ ਆ ਰਿਹਾ ਹੈ ਕਿ ਨਵਜੋਤ ਸਿੱਧੂ ਮੀਡੀਆ ਲਈ ਖ਼ਬਰ ਬਣਾਉਣਾ ਚਾਹੁੰਦੇ ਹਨ ਜਾਂ ਫਿਰ ਮੁੱਖ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਦੇਣਾ ਚਾਹੁੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ