ਏਜਾਜ ਪਟੇਲ ਨੇ ਲਈਆਂ ਮੈਚ ’ਚ 11 ਵਿਕਟਾਂ | New Zealand vs India
- ਨਿਊਜੀਲੈਂਡ ਨੇ ਮੁੰਬਈ ਟੈਸਟ ’ਚ ਭਾਰਤ ਨੂੰ 25 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। New Zealand vs India: ਨਿਊਜ਼ੀਲੈਂਡ ਨੇ ਤੀਜੇ ਟੈਸਟ ’ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਕੀਵੀ ਟੀਮ ਨੇ ਪਹਿਲੀ ਵਾਰ ਭਾਰਤ ’ਚ ਟੈਸਟ ਸੀਰੀਜ਼ ਜਿੱਤੀ ਹੈ। ਭਾਰਤੀ ਟੀਮ ’ਤੇ ਕਿਸੇ ਟੀਮ ਨੇ 24 ਸਾਲਾਂ ਬਾਅਦ ਘਰੇਲੂ ਮੈਦਾਨ ’ਤੇ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸਾਲ 2000 ’ਚ 2 ਮੈਚਾਂ ਦੀ ਟੈਸਟ ਸੀਰੀਜ਼ ’ਚ ਦੱਖਣੀ ਅਫਰੀਕਾ ਦੇ ਹੱਥੋਂ ਕਲੀਨ ਸਵੀਪ ਹੋਣਾ ਪਿਆ ਸੀ। ਪਹਿਲੀ ਵਾਰ ਟੀਮ ਇੰਡੀਆ ਨੂੰ ਤਿੰਨ ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ’ਚ ਕਲੀਨ ਸਵੀਪ ਮਿਲੀ ਹੈ। New Zealand vs India
Read This : Railway News Punjab: ਚੱਲਦੀ ਰੇਲ ’ਚ ਹੋਇਆ ਧਮਾਕਾ, ਮਹਿਲਾ ਸਮੇਤ 4 ਜਣੇ ਜਖ਼ਮੀ
ਭਾਰਤ ਨੂੰ ਬੈਂਗਲੁਰੂ ਟੈਸਟ ਮੈਚ ’ਚ ਨਿਊਜੀਲੈਂਡ ਤੋਂ 8 ਵਿਕਟਾਂ ਨਾਲ ਤੇ ਪੁਣੇ ਟੈਸਟ ਮੈਚ ’ਚ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ 12 ਸਾਲ ਬਾਅਦ ਧਰਤੀ ’ਤੇ ਟੈਸਟ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਤੀਜੇ ਟੈਸਟ ਮੈਚ ’ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ’ਚ 235 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 263 ਦੌੜਾਂ ’ਤੇ ਆਲ ਆਊਟ ਹੋ ਗਈ।
ਭਾਰਤ ਕੋਲ 28 ਦੌੜਾਂ ਦੀ ਬੜ੍ਹਤ ਸੀ। ਜਵਾਬ ’ਚ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ’ਤੇ ਸਮਾਪਤ ਹੋ ਗਈ। ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ’ਚ ਟੀਮ 121 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਰਿਸ਼ਭ ਪੰਤ ਨੇ ਦੂਜੀ ਪਾਰੀ ’ਚ ਸਭ ਤੋਂ ਜ਼ਿਆਦਾ 64 ਦੌੜਾਂ ਬਣਾਈਆਂ, ਜਦੋਂ ਕਿ ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ 6 ਵਿਕਟਾਂ ਲਈਆਂ। ਏਜ਼ਾਜ਼ ਨੇ ਇਸ ਟੈਸਟ ਮੈਚ ’ਚ 11 ਵਿਕਟਾਂ ਲਈਆਂ। ਏਜ਼ਾਜ ਪਟੇਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਜਦਕਿ ਸੀਰੀਜ਼ ’ਚ ਨਿਊਜੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਵਿਲ ਯੰਗ ਨੂੰ ‘ਪਲੇਅਰ ਆਫ ਦੀ ਸੀਰੀਜ਼’ ਦਾ ਅਵਾਰਡ ਦਿੱਤਾ ਗਿਆ।
WTC ਅੰਕ ਸੂਚੀ ’ਚ ਦੂਜੇ ਨੰਬਰ ’ਤੇ ਖਿਸਕਿਆ ਭਾਰਤ
ਇਸ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਅੰਕ ਸੂਚੀ ’ਚ ਦੂਜੇ ਨੰਬਰ ’ਤੇ ਖਿਸਕਣਾ ਪਿਆ ਹੈ। ਹੁਣ ਭਾਰਤੀ ਟੀਮ ਦੂਜੇ ਸਥਾਨ ’ਤੇ ਖਿਸਕ ਗਈ ਹੈ। ਇਸ ਮੈਚ ਤੋਂ ਪਹਿਲਾਂ ਭਾਰਤ ਦੇ ਅੰਕਾਂ ਦੀ ਪ੍ਰਤੀਸ਼ਤਤਾ 62.82 ਸੀ ਜੋ ਹੁਣ 58.33 ਹੋ ਗਈ ਹੈ।
https://twitter.com/ICC/status/1852999226700992685
ਦੋਵਾਂ ਟੀਮਾਂ ਦੀ ਪਲੇਇੰਗ-11 | New Zealand vs India
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ।
ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਈਸ਼ ਸੋਢੀ, ਮੈਟ ਹੈਨਰੀ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।
ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ, ਪੜ੍ਹੋ…
ਮੈਂ ਟੈਸਟ ਮੈਚ ਤੇ ਸੀਰੀਜ਼ ਦੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਿਹਾ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਅਸੀਂ ਚੰਗਾ ਨਹੀਂ ਖੇਡਿਆ ਤੇ ਨਿਊਜ਼ੀਲੈਂਡ ਨੇ ਸਾਡੇ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਅਸੀਂ ਬਹੁਤ ਗਲਤੀਆਂ ਕੀਤੀਆਂ। ਪਹਿਲੇ ਦੋ ਮੈਚਾਂ ’ਚ ਅਸੀਂ ਸਕੋਰ ਬੋਰਡ ’ਤੇ ਦੌੜਾਂ ਨਹੀਂ ਲਾਈਆਂ ਤੇ ਇਸ ਮੈਚ ’ਚ ਟੀਚੇ ਦਾ ਪਿੱਛਾ ਕੀਤਾ ਜਾ ਸਕਦਾ ਸੀ ਪਰ ਅਸੀਂ ਇੱਕ ਇਕਾਈ ਦੇ ਰੂਪ ’ਚ ਅਸਫਲ ਰਹੇ। ਜਦੋਂ ਮੈਂ ਬੱਲੇਬਾਜ਼ੀ ਕਰਨ ਜਾਂਦਾ ਹਾਂ ਤਾਂ ਮੈਂ ਇੱਕ ਖਾਸ ਵਿਚਾਰ ਨਾਲ ਜਾਂਦਾ ਹਾਂ ਪਰ ਮੈਨੂੰ ਇਸ ਸੀਰੀਜ਼ ’ਚ ਨਤੀਜੇ ਨਹੀਂ ਮਿਲੇ, ਜਿਸ ਕਾਰਨ ਮੈਂ ਕਾਫੀ ਨਿਰਾਸ਼ ਹਾਂ। ਪੰਤ, ਵਾਸ਼ਿੰਗਟਨ ਤੇ ਗਿੱਲ ਨੇ ਸਾਨੂੰ ਦਿਖਾਇਆ ਕਿ ਅਜਿਹੀਆਂ ਪਿੱਚਾਂ ’ਤੇ ਕਿਵੇਂ ਖੇਡਣਾ ਹੈ। ਇਹ ਉਹ ਲੜੀ ਸੀ ਜਿੱਥੇ ਸਾਡੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਇੱਕ ਕਪਤਾਨ ਦੇ ਰੂਪ ’ਚ ਵੀ ਮੈਂ ਅਸਫਲ ਰਿਹਾ ਤੇ ਮੈਂ ਖੁਦ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਅਸੀਂ ਟੀਮ ਵਜੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜੋ ਹਾਰ ਦਾ ਕਾਰਨ ਬਣਿਆ।
ਜਿੱਤ ਤੋਂ ਬਾਅਦ ਨਿਊਜੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਕੀ ਕਿਹਾ, ਪੜ੍ਹੋ…
ਸੀਰੀਜ਼ ਦੀ ਸ਼ੁਰੂਆਤ ਤੇ ਇਸ ਸਥਿਤੀ ਨੂੰ ਵੇਖਦੇ ਹੋਏ ਮੈਂ ਬਹੁਤ ਖੁਸ਼ ਹਾਂ। ਇਹ ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼ ਹੈ। ਡੇਰਿਲ ਮਿਸ਼ੇਲ ਨੇ ਪਿਛਲੀ ਪਾਰੀ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਤੇ ਏਜਾਜ਼ ਪਟੇਲ ਨੇ ਇਸ ਪਾਰੀ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਸਾਡੇ ਖਿਡਾਰੀ ਬਹੁਤ ਵਧੀਆ ਖੇਡੇ। ਅਸੀਂ ਹਰ ਖੇਤਰ ’ਚ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਤੇਜ਼ ਗੇਂਦਬਾਜ਼ਾਂ ਨੇ ਬੇਂਗਲੁਰੂ ’ਚ ਕੰਮ ਕੀਤਾ, ਵੱਖ-ਵੱਖ ਖਿਡਾਰੀਆਂ ਨੇ ਵੱਖ-ਵੱਖ ਸਮੇਂ ’ਤੇ ਪ੍ਰਦਰਸ਼ਨ ਕੀਤਾ।