ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੀਆਂ ਸਰਕਾਰਾਂ (Governments) ਦੌਰਾਨ ਨਵੀਂ ਭਰਤੀ ਦੌਰਾਨ ਇੰਨੀਆਂ ਜ਼ਿਆਦਾ ਘਾਟਾਂ ਛੱਡ ਦਿੱਤੀਆਂ ਜਾਂਦੀਆਂ ਸਨ ਕਿ ਨਿਯੁਕਤੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਅਗਲੇ ਦਿਨ ਦਫ਼ਤਰ ਜਾਣ ਦੀ ਥਾਂ ’ਤੇ ਹਾਈ ਕੋਰਟ ਜਾਣਾ ਪੈਂਦਾ ਸੀ, ਕਿਉਂਕਿ ਸਰਕਾਰ ਵੱਲੋਂ ਛੱਡੀ ਗਈ ਘਾਟ ਜਾਂ ਫਿਰ ਨਿਯਮਾਂ ਦੀ ਉਲੰਘਣਾ ਕਾਰਨ ਬਾਕੀ ਰਹਿੰਦੇ ਉਮੀਦਵਾਰ ਹਾਈ ਕੋਰਟ ਵਿੱਚ ਜਾ ਕੇ ਸਟੇ ਲੈ ਲੈਂਦੇ ਸਨ।
ਕਈ ਵਾਰ ਤਾਂ ਖੁਦ ਜਾਣ-ਬੁੱਝ ਕੇ ਵੀ ਇੰਝ ਕੀਤਾ ਜਾਂਦਾ ਸੀ ਤਾਂ ਕਿ ਭਰਤੀ ਨੂੰ ਲਟਕਾਇਆ ਜਾ ਸਕੇ ਪਰ ਇਸ ਸਰਕਾਰ ’ਚ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਹੈ, ਸਗੋਂ ਕਾਨੂੰਨੀ ਸਲਾਹਾਂ ਲੈਂਦੇ ਹੋਏ ਅਦਾਲਤੀ ਕੰਮ ਪਹਿਲਾਂ ਹੀ ਕਰ ਲਏ ਜਾਂਦੇ ਹਨ, ਜਿਸ ਕਾਰਨ ਹੀ ਸਾਡੀ ਸਰਕਾਰ ਵਿੱਚ ਨੌਜਵਾਨ ਹਾਈ ਕੋਰਟ ਵਿੱਚ ਨਹੀਂ, ਸਗੋਂ ਅਗਲੇ ਦਿਨ ਆਪਣੇ ਦਫ਼ਤਰਾਂ ਵਿੱਚ ਨੌਕਰੀ ਕਰਨ ਲਈ ਜਾਂਦੇ ਹਨ। ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ਨਵ-ਨਿਯੁਕਤ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਦਿੱਤਾ ਹੈ।
ਪਿਛਲੀਆਂ ਸਰਕਾਰਾਂ ਛੱਡ ਦਿੰਦੀਆਂ ਸਨ ਭਰਤੀ ਦਰਮਿਆਨ ਵੱਡੀਆਂ ਘਾਟਾਂ : ਭਗਵੰਤ ਮਾਨ
ਸਥਾਨਕ ਸਰਕਾਰਾਂ, ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ), ਤਕਨੀਕੀ ਸਿੱਖਿਆ ਤੇ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਨਵੇਂ ਭਰਤੀ 409 ਸਬ ਡਿਵੀਜ਼ਨਲ ਅਫ਼ਸਰਾਂ (ਐੱਸਡੀਓਜ਼), ਕਲਰਕਾਂ, ਜੂਨੀਅਰ ਡਰਾਫਟਸਮੈਨਾਂ ਅਤੇ ਹੋਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਇੱਥੇ ਮਿਊਂਸਿਪਲ ਭਵਨ ਵਿੱਚ ਕਰਵਾਏ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀਆਂ ਦੂਰ ਦਾ ਸੁਫਨਾ ਸਨ, ਜਦੋਂ ਕਿ ਸਾਡੀ ਸਰਕਾਰ ਨੇ ਇਹ ਗੱਲ ਯਕੀਨੀ ਬਣਾਈ ਕਿ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮਿਲਣ, ਜਿਸ ਲਈ ਇਕ ਪਾਰਦਰਸ਼ੀ ਢਾਂਚਾ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਉਤਸ਼ਾਹ ਤੇ ਸਮਰਪਣ ਨਾਲ ਜਨਤਾ ਦੀ ਸੇਵਾ ਦੀ ਭਾਵਨਾ ਦੀ ਘਾਟ ਸੀ, ਜਿਸ ਕਾਰਨ ਇਹ ਨੌਕਰੀਆਂ ਨੌਜਵਾਨਾਂ ਤੋਂ ਦੂਰ ਸਨ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਮੈਰਿਟ ਦੇ ਅਧਾਰ ’ਤੇ ਯੋਗ ਨੌਜਵਾਨਾਂ ਨੂੰ 28,873 ਨੌਕਰੀਆਂ ਦਿੱਤੀਆਂ ਹਨ। ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਹ ‘ਡਿਊਟੀ ਨੂੰ ਫ਼ਰਜ਼’ ਸਮਝਣ ਅਤੇ ਇਸ ਨੂੰ ਪੂਰੀ ਲਗਨ, ਸਮਰਪਣ ਤੇ ਮਿਹਨਤ ਨਾਲ ਨਿਭਾਉਣ। ਮੁੱਖ ਮੰਤਰੀ ਨੇ ਕਿਹਾ ਕਿ ਹਵਾਈ ਪੱਟੀ ਜਹਾਜ਼ ਦੀ ਸੁਰੱਖਿਅਤ ਉਡਾਉਣ ਲਈ ਸਹਾਈ ਹੁੰਦੀ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਨੌਜਵਾਨਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਿਚਾਰਾਂ ਨੂੰ ਉਡਾਣ ਦੇਣ ਲਈ ਹਰੇਕ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Governments
ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਸੱਤਾ ਦੌਰਾਨ ਮਹਿਲਾਂ ਵਿੱਚ ਰਹਿ ਰਹੇ ਸਨ, ਉਨ੍ਹਾਂ ਨੂੰ ਸੂਬੇ ਦੇ ਸਿਆਸੀ ਨਕਸ਼ੇ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਕਿਉਂਕਿ ਆਪਣੇ ਆਪ ਨੂੰ ਅਜੇਤੂ ਮੰਨਦੇ ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ।
ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, ਵੱਡੇ-ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੇ ਕਦੇ ਵੀ ਆਮ ਆਦਮੀ ਦਾ ਭਲਾ ਕਰਨ ਦੀ ਨਹੀਂ ਸੋਚੀਂ ਅਤੇ ਉਨ੍ਹਾਂ ਨੇ ਖੁਦ ਨੂੰ ਆਪਣੇ ਘਰਾਂ ਦੀਆਂ ਉੱਚੀਆਂ ਕੰਧਾਂ ਵਿੱਚ ਕੈਦ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਬੁਰੀ ਤਰਾਂ ਨਕਾਰ ਕਰਕੇ ਘਰ ਬੈਠਣ ਜੋਗਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਸੂਬੇ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਨੂੰ ਸੇਵਾ ਦਾ ਮੌਕਾ ਦਿੱਤਾ।
55 ਲੱਖ ਸਾਬਕਾ ਮੰਤਰੀ ਤੋਂ ਰਿਕਵਰ ਕਰਨ ਲਈ ਜਾਵਾਂਗੇ ਅਦਾਲਤ
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਾਬਕਾ ਮੰਤਰੀਆਂ ਤੋਂ 55 ਲੱਖ ਰੁਪਏ ਦੀ ਵਸੂਲੀ ਕਰਨ ਲਈ ਅਦਾਲਤ ਵਿੱਚ ਜਾਣ ਬਾਰੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਨੇ ਯੂਪੀ ਦੇ ਇੱਕ ਖਤਰਨਾਕ ਅਪਰਾਧੀ ਮੁਖਤਾਰ ਅੰਸਾਰੀ ਦੀ ਰੋਪੜ ਜੇਲ੍ਹ ਵਿੱਚ ਆਰਾਮਦਾਇਕ ਠਹਿਰ ਨੂੰ ਯਕੀਨੀ ਬਣਾਉਣ ਲਈ ਫਾਈਲ ’ਤੇ ਦਸਤਖਤ ਕੀਤੇ ਹਨ।ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪੈਸੇ ਦੀ ਬੇਸ਼ਰਮੀ ਨਾਲ ਕੀਤੀ ਲੁੱਟ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਰਨ ਤਾਂ ਪਿਛਲੀਆਂ ਸਰਕਾਰਾਂ ਹੀ ਜਾਣਦੀਆਂ ਹੋਣਗੀਆਂ ਕਿ ਇਸ ਬਦਨਾਮ ਅਪਰਾਧੀ ਨੂੰ ਰੋਪੜ ਜੇਲ੍ਹ ਵਿੱਚ ਪੂਰੀਆਂ ਸੁੱਖ-ਸਹੂਲਤਾਂ ਨਾਲ ਕਿਉਂ ਰੱਖਿਆ ਗਿਆ ਸੀ, ਜਿਸ ਲਈ ਟੈਕਸ ਦਾਤਿਆਂ ਦੇ ਪੈਸੇ ਵਿੱਚੋਂ 55 ਲੱਖ ਰੁਪਏ ਖਰਚ ਕੀਤੇ ਗਏ।