ਆਮ ਆਦਮੀ ਪਾਰਟੀ ’ਚ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਨ ਦੀ ਮੁਹਿੰਮ ਭਖੀ

ਸੋਸਲ ਮੀਡੀਆ ਤੇ ਹਮਾਇਤੀਆਂ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਗਰਦਾਨਿਆ

  • ਵਿਦੇਸ਼ਾਂ ਚੋਂ ਮਾਨ ਦੀ ਹਮਾਇਤ ਲਈ ਸਮਰੱਥਕ ਪੁੱਜਣੇ ਸ਼ੁਰੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਪਾਰਟੀ ਅੰਦਰ ਆ ਰਹੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਜੋਰ ਅਜਮਾਈ ਚੱਲ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਅੰਦਰ ਵੀ ਮੁੱਖ ਮੰਤਰੀ ਦਾ ਮਾਮਲਾ ਭਖ ਗਿਆ ਹੈ। ਇੱਧਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਹਮਾਇਤੀਆਂ ਵੱਲੋਂ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਵਾਉਣ ਨੂੰ ਲੈ ਕੇ ਮੁਹਿੰਮ ਤੇਜ ਕਰ ਦਿੱਤੀ ਹੈ। ਇੱਥੋਂ ਤੱਕ ਕਿ ਭਗਵੰਤ ਮਾਨ ਦੇ ਕਈ ਹਮਾਇਤੀਆਂ ਨੇ ਤਾ ਵਿਦੇਸਾਂ ਤੋਂ ਪੰਜਾਬ ਨੂੰ ਚਾਲੇ ਪਾ ਦਿੱਤੇ ਹਨ ਤਾ ਜੋਂ ਮਾਨ ਦੀ ਹਮਾਇਤ ’ਚ ਜੁਟ ਸਕਣ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਦਿੱਲੀ ਬੈਠੀ ਹਾਈਕਮਾਂਡ ਵੱਲੋਂ ਭਗਵੰਤ ਮਾਨ ਨੂੰ ਸੀਐਮ ਦੇ ਚਿਹਰੇ ਵਜੋਂ ਅੱਗੇ ਲਿਆਉਣ ਤੋਂ ਪਾਸਾ ਵੱਟਣ ਦੀਆਂ ਚਰਚਾਵਾਂ ਹਨ, ਜਿਸ ਕਾਰਨ ਭਗਵੰਤ ਮਾਨ ਵੀ ਪਾਰਟੀ ਅੰਦਰ ਆਪਣੀ ਸਰਗਰਮੀ ਠੱਪ ਕਰੀ ਬੈਠੇ ਹਨ। ਉਂਜ ਭਾਵੇਂ ਕਿ ਪਿਛਲੀ ਦਿਨੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਪੁੱਜਣ ਤੇ ਭਗਵੰਤ ਮਾਨ ਮੌਜੂਦ ਸਨ, ਪਰ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੀ ਪਹਿਲਾ ਵਰਗੀ ਚਾਲ-ਢਾਲ ’ਚ ਨਜ਼ਰ ਨਹੀਂ ਆ ਰਹੇ।

ਇੱਧਰ ਹੁਣ ਭਗਵੰਤ ਮਾਨ ਦੇ ਹਮਾਇਤੀਆਂ ਵੱਲੋਂ ਆਮ ਆਦਮੀ ਪਾਰਟੀ ਅੰਦਰ ਮਾਨ ਨੂੰ ਸੀਐਮ ਚਿਹਰੇ ਵਜੋਂ ਅੱਗੇ ਲਿਆਉਣ ਲਈ ਹਾਈਕਮਾਂਡ ਵਿਰੁੱਧ ਝੰਡਾ ਚੁੱਕ ਲਿਆ ਹੈ। ਸੰਗਰੂਰ, ਬਰਨਾਲਾ, ਪਟਿਆਲਾ ਆਦਿ ਜ਼ਿਲ੍ਹਿਆ ਅੰਦਰ ਪਾਰਟੀ ਵਰਕਰਾਂ ਵੱਲੋਂ ਸੋਸਲ ਮੀਡੀਆ ਪਲੇਟਫਾਰਮਾਂ ਤੇ ਮਾਨ ਨੂੰ ਆਪਣਾ ਮੁੱਖ ਮੰਤਰੀ ਵੀ ਗਰਦਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ੋਸਲ ਮੀਡੀਆਂ ਦੇ ਵੱਖ ਵੱਖ ਪਾਰਟੀ ਵਰਕਰਾਂ ਵੱਲੋਂ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਮਾਨ ਵੱਲੋਂ ਪਾਰਟੀ ਨੂੰ ਖੜ੍ਹੀ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਦੇਸ਼ ’ਚ ਇੱਕੋਂ ਇੱਕ ਆਗੂ ਹਨ ਜੋਂ ਪਾਰਲੀਮੈਂਟ ਚੋਣਾਂ ਜਿੱਤ ਕੇ ਲੋਕਾਂ ਦੀ ਲੜਾਈ ਲੜ੍ਹ ਰਹੇ ਹਨ। ਇਸ ਲਈ ਜੇਕਰ ਪਾਰਟੀ ਵੱਲੋਂ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੀ ਤਾ ਉਹ ਕੋਈ ਵੀ ਰਸਤਾ ਅਖਤਿਆਰ ਕਰ ਸਕਦੇ ਹਨ। ਮਾਨ ਸਮਰੱਥਕ ਗੁਰਦੀਪ ਸਿੰਘ, ਜਸਦੇਵ ਸਿੰਘ ਆਦਿ ਦਾ ਕਹਿਣਾ ਹੈ ਕਿ ਭਗਵੰਤ ਮਾਨ ਹੀ ਪਾਰਟੀ ਦੇ ਚਿਹਰੇ ਹਨ। ਇਸ ਲਈ ਅਰਵਿੰਦ ਕੇਜਰੀਵਾਲ ਕਿਸੇ ਪ੍ਰਕਾਰ ਦੀ ਦੇਰੀ ਨਾ ਕਰਨ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵੱਲੋਂ ਵੀ ਭਗਵੰਤ ਮਾਨ ਦੀ ਹਮਾਇਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਆਪ ਵੱਲੋਂ ਉਤਰਾਖੰਡ ਵਿੱਚ ਸੀਐਮ ਦਾ ਚਿਹਰਾ ਐਲਾਨ ਦਿੱਤਾ ਹੈ, ਪਰ ਪੰਜਾਬ ਅੰਦਰ ਦੇਰੀ ਕੀਤੀ ਜਾ ਰਹੀ ਹੈ।

ਦਲਬੀਰ ਗਿੱਲ ਯੂ.ਕੇ ਤੋਂ ਮਾਨ ਦੀ ਸਪੋਟ ’ਚ ਪੁੱਜੇ

ਭਗਵੰਤ ਮਾਨ ਦੇ ਹੱਕ ਵਿੱਚ ਵਿਦੇਸ਼ਾਂ ਚੋਂ ਵੀ ਹਮਾਇਤੀ ਪੁੱਜਣੇ ਸ਼ੁਰੂ ਹੋ ਗਏ ਹਨ। ਭਗਵੰਤ ਮਾਨ ਤੇ ਕਰੀਬੀ ਅਤੇ ਖੇਡ ਪਰਮੋਟਰ ਦਲਬੀਰ ਸਿੰਘ ਗਿੱਲ ਯੂ.ਕੇੇ. ਤੋਂ ਅੱਜ ਪੰਜਾਬ ਪੁੱਜ ਗਏ ਹਨ। ਇਸ ਪੱਤਰਕਾਰ ਨਾਲ ਗੱਲ ਕਰਦਿਆ ਪੰਜਾਬ ਪਰਤੇ ਦਲਬੀਰ ਸਿੰਘ ਗਿੱਲ ਕਿਹਾ ਕਿ ਆਉਂਦੇ ਦਿਨਾਂ ਵਿੱਚ ਕਨੇਡਾ, ਆਸਟਰੇਲੀਆਂ, ਇੰਗਲੈਡ ਆਦਿ ਦੇਸ਼ਾਂ ਚੋਂ ਕਾਫ਼ੀ ਨੌਵਜਾਨ ਭਗਵੰਤ ਮਾਨ ਦੀ ਸਪੋਟ ’ਚ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਕਮਾਂਡ ਭਗਵੰਤ ਮਾਨ ਨੂੰ ਪੰਜਾਬ ਅੰਦਰ ਸੀਐਮ ਦਾ ਚਿਹਰਾ ਐਲਾਨ ਕਰੇ ਤਾ ਜੋਂ ਪੰਜਾਬ ਦੇ ਲੋਕਾਂ ਦੀ ਸਰਕਾਰ ਬਣੇ ਅਤੇ ਦਹਾਕਿਆਂ ਤੋਂ ਲੁੱਟ ਰਹੀਆਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁੱਟ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ