ਫਾਜ਼ਿਲਕਾ (ਰਜਨੀਸ਼ ਰਵੀ)। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦਾ ਸਲਾਨਾ ਸਮਾਰੋਹ ਸਾਂਝ 2023 (Saanjh) ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਬੱਚਿਆਂ ਅਤੇ ਸਟਾਫ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਹਲਕਾ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ, ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ,ਐਸ ਐਸ ਪੀ ਮੈਡਮ ਅਵਨੀਤ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੇ ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਦੀ ਪੇਸਕਾਰੀ ਸਚਮੁੱਚ ਕਾਬਿਲੇ ਤਾਰੀਫ ਸੀ। ਇੰਝ ਲੱਗਿਆ ਜਿਵੇਂ ਕਿਸੇ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਦੀ ਪੇਸਕਾਰੀ ਹੋ ਰਹੀ ਹੋਵੇ। ਉਨ੍ਹਾਂ ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਦਾਅਵਾ ਕਰ ਸਕਦਾ ਹਾਂ ਕਿ ਅਜਿਹਾ ਪ੍ਰੋਗਰਾਮ ਪ੍ਰਾਈਵੇਟ ਸਕੂਲਾਂ ਵਿਚ ਵੀ ਨਹੀਂ ਹੋਇਆ ਹੋਣਾ।
ਸਮਾਰੋਹ ਨੂੰ ਸ਼ਾਨਦਾਰ ਦੇ ਯਾਦਗਾਰ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਸਕੈਡੰਰੀ ਡਾ. ਸੁਖਵੀਰ ਸਿੰਘ ਬੱਲ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੀ ਪੂਰੀ ਟੀਮ ਸਮੇਤ ਯੋਗਦਾਨ ਪਾਉਣ ਵਾਲੇ ਹਰ ਇਕ ਵਿਅਕਤੀ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਵੀ ਪ੍ਰਗਟ ਕੀਤਾ।
ਕੁਝ ਖਾਸ ਗੱਲਾਂ | Saanjh
- ਸਰਕਾਰ ਦਾ ਸੁਪਨਾ, ਮਾਪੇ ਮਜ਼ਬੂਰ ਹੋ ਕੇ ਨਹੀਂ ਖੁਸ਼ ਹੋ ਕੇ ਬਚਿਆਂ ਦਾ ਦਾਖਲਾ ਕਰਵਾਉਣਗੇ ਸਰਕਾਰੀ ਸਕੂਲਾਂ ਵਿੱਚ : ਹਰਜੋਤ ਬੈਂਸ
- ਸਕੂਲ ਆਫ਼ ਐਮੀਨਾਂਸ ਤਹਿਤ ਸਰਕਾਰੀ ਸਕੂਲਾਂ ਦੀ ਬਣਤਰ ਦੇ ਹੋਰ ਸੁਧਾਰ ਵਿੱਚ ਲਗਾਤਾਰ ਉਪਰਾਲੇ ਜਾਰੀ
- ਸਮਾਰੋਹ ਨੇ ਧਾਰਿਆ ਸੱਭਿਆਚਾਰ ਮੇਲੇ ਦਾ ਰੂਪ, ਨਿੱਕੇ ਕਲਾਕਾਰਾਂ ਨੇ ਆਪਣੀ ਪੇਸਕਾਰੀ ਰਾਹੀ ਸਭ ਦਾ ਮਨ ਮੋਹਿਆ