ਸੁਨਾਮ ਰੇਲਵੇ ਸਟੇਸ਼ਨ ਤੇ ਫੁੱਟ ਓਵਰ ਬ੍ਰਿਜ ਦਾ ਨਿਰਮਾਣ ਆਰੰਭ ਹੋਣ ਦੀ ਤਿਆਰੀ ‘ਚ

Sunam railway station

ਫੁੱਟ ਓਵਰ ਬ੍ਰਿਜ ਦੇ ਨਿਰਮਾਣ ’ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ : ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਸ਼ਹਿਰ ਦੇ ਵਾਸੀਆਂ ਦੀ ਇੱਕ ਹੋਰ ਚਿਰਾਂ ਤੋਂ ਲਟਕ ਰਹੀ ਮੰਗ ਛੇਤੀ ਹੀ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਸਥਿਤ ਰੇਲਵੇ ਸਟੇਸ਼ਨ ਵਿਖੇ ਜਲਦੀ ਹੀ ਫੁੱਟ ਓਵਰ ਬ੍ਰਿਜ ਦਾ ਨਿਰਮਾਣ ਆਰੰਭ ਹੋਣ ਵਾਲਾ ਹੈ ਜਿਸ ਲਈ ਕੇਂਦਰ ਅਤੇ ਰੇਲਵੇ ਵਿਭਾਗ ਵੱਲੋਂ ਹਰੀ ਝੰਡੀ ਦਿਖਾ ਦਿੱਤੀ ਗਈ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਮਹੱਤਵਪੂਰਨ ਪ੍ਰੋਜੈਕਟ ਸਮੇਤ ਰੇਲਵੇ ਨਾਲ ਜੁੜੇ ਹੋਰਨਾਂ ਅਹਿਮ ਪ੍ਰੋਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਮੀਟਿੰਗਾਂ ਕਰਦੇ ਆ ਰਹੇ ਹਨ ਅਤੇ ਹੁਣ ਨਿਰੰਤਰ ਉਪਰਾਲਿਆਂ ਸਦਕਾ ਹੌਲੀ ਹੌਲੀ ਸਭ ਲੋਕ ਪੱਖੀ ਪ੍ਰੋਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਰਾਹ ਪੱਧਰਾ ਹੋਣ ਲੱਗ ਗਿਆ ਹੈ। (Sunam railway station)

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਫੁੱਟ ਓਵਰ ਬ੍ਰਿਜ ਦੇ ਨਿਰਮਾਣ ’ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੀ ਉਚਾਈ ਰੇਲਵੇ ਲਾਈਨਾਂ ਤੋਂ ਸਾਢੇ 28 ਫੁੱਟ ਦੇ ਕਰੀਬ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰੀਬ 20 ਫੁੱਟ ਚੌੜਾਈ ਵਾਲਾ ਇਹ ਫੁੱਟ ਓਵਰਬ੍ਰਿਜ ਇੱਕ ਪਲੇਟਫਾਰਮ ਨੂੰ ਦੂਜੇ ਪਲੇਟਫਾਰਮ ਨਾਲ ਜੋੜੇਗਾ ਜਿਸ ਨਾਲ ਰੇਲਗੱਡੀਆਂ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੱਕ ਪਹੁੰਚਣ ਵਿੱਚ ਸੌਖ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਫੁੱਟ ਓਵਰ ਬ੍ਰਿਜ ਦੀ ਕਮੀ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਰੇਲਵੇ ਟਰੈਕ ਅਤੇ ਪਲੇਟਫਾਰਮ ਦੀ ਉਚਾਈ ਵਿੱਚ ਕਾਫ਼ੀ ਅੰਤਰ ਹੈ।

ਅਮਨ ਅਰੋੜਾ ਨੇ ਕੇਂਦਰ ਅਤੇ ਰੇਲਵੇ ਵਿਭਾਗ ਦਾ ਕੀਤਾ ਵਿਸ਼ੇਸ਼ ਧੰਨਵਾਦ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਅਤੇ ਰੇਲਵੇ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਪ੍ਰੋਜੈਕਟ ਰੇਲਵੇ ਯਾਤਰੀਆਂ ਲਈ ਫਾਇਦੇਮੰਦ ਸਾਬਤ ਹੋਵੇਗਾ। ਪਿਛਲੇ ਦਿਨਾਂ ਦੌਰਾਨ ਰੇਲਵੇ ਵਿਭਾਗ ਰਾਹੀਂ ਸੁਨਾਮ ਦੇ ਪਾਸ ਕਰਵਾਏ ਦੋ ਹੋਰ ਅਹਿਮ ਪ੍ਰੋਜੈਕਟਾਂ ਬਾਰੇ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੁਨਾਮ ਸ਼ਹਿਰ ਵਿੱਚ ਰਾਮ ਨਗਰ ਇੰਦਰਾ ਬਸਤੀ ਵਿੱਚ ਬ੍ਰਹਮਾਕੁਮਾਰੀ ਮੰਦਰ ਤੋਂ ਅੰਡਰ ਬ੍ਰਿਜ ਤੱਕ ਕਰੀਬ 2500 ਫੁੱਟ ਲੰਬੀ ਸੜਕ ਅਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਮਾਲ ਗੋਦਾਮ ਤੱਕ ਕਰੀਬ 850 ਫੁੱਟ ਲੰਬੀ ਸੜਕ ਨੂੰ 10-10 ਫੁੱਟ ਚੌੜਾ ਕਰਨ ਦੀ ਪ੍ਰਵਾਨਗੀ ਰੇਲਵੇ ਵਿਭਾਗ ਤੋਂ ਮਿਲ ਚੁੱਕੀ ਹੈ ਜਦਕਿ ਸੁਨਾਮ ਸ਼ਹਿਰ ਵਿੱਚ ਰੇਲਵੇ ਅੰਡਰ ਬ੍ਰਿਜ ਦੇ ਦੋਵੇਂ ਪਾਸੀਂ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਸ਼ੈਡ ਨੂੰ ਪਾਉਣ ਦੇ ਕੰਮ ਪ੍ਰਗਤੀ ਅਧੀਨ ਹਨ ਜਿਨ੍ਹਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਮਈ 2023 ਵਿੱਚ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ