Rain in Punjab: ਬਠਿੰਡਾ (ਸੁਖਜੀਤ ਮਾਨ)। ਬੁੱਧਵਾਰ ਦੀ ਰਾਤ ਅਤੇ ਵੀਰਵਾਰ ਦਿਨ ਵੇਲੇ ਪੰਜਾਬ ’ਚ ਕਈ ਥਾਈਂ ਪਏ ਹਲਕੇ ਮੀਂਹ ਨਾਲ ਪੋਹ ਮਹੀਨੇ ’ਚ ਪੈ ਰਹੀ ਸੁੱਕੀ ਠੰਢ ਤੋਂ ਰਾਹਤ ਮਿਲ ਹੈ ਇਹ ਮੀਂਹ ਹਾੜੀ ਦੀਆਂ ਫਸਲਾਂ ਲਈ ਵੀ ਸਹਾਈ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਪੈ ਰਿਹਾ ਕੋਰਾ ਫਸਲਾਂ ਲਈ ਨੁਕਸਾਨਦਾਇਕ ਸੀ।
ਵੇਰਵਿਆਂ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਮੌਸਮ ਮਾਹਿਰਾਂ ਨੇ ਅੰਦਾਜਾ ਲਾਇਆ ਸੀ ਕਿ ਨਵੇਂ ਵਰ੍ਹੇ ਦੇ ਪਹਿਲੇ ਦਿਨ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਉਸ ਤਹਿਤ ਅੱਜ ਮੋਹਾਲੀ, ਫਤਿਹਗੜ੍ਹ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ ਗੁਰਦਾਸਪੁਰ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਆਦਿ ਜ਼ਿਲ੍ਹਿਆਂ ’ਚ ਕਈ ਥਾਈਂ ਮੀਂਹ ਪਿਆ ਹੈ ਇਸ ਮੀਂਹ ਨਾਲ ਹੁਣ ਤਾਪਮਾਨ ’ਚ ਇੱਕ ਦਮ ਗਿਰਾਵਟ ਆਉਣ ਨਾਲ ਠੰਢ ’ਚ ਹੋਰ ਵਾਧਾ ਹੋਣ ਲੱਗਿਆ ਹੈ। Rain in Punjab
ਇਸ ਤੋਂ ਪਹਿਲਾਂ ਸੁੱਕੀ ਠੰਢ ਪੈਣ ਕਾਰਨ ਫਸਲਾਂ ਦਾ ਫੁਟਾਰਾ ਰੁਕਿਆ ਹੋਇਆ ਸੀ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਅੱਜ ਪਏ ਮੀਂਹ ਨਾਲ ਫਸਲਾਂ ਦਾ ਫੁਟਾਰਾ ਤੇਜ਼ੀ ਫੜੇਗਾ। ਵੀਰਵਾਰ ਨੂੰ ਸਾਰਾ ਦਿਨ ਅਸਮਾਨ ’ਚ ਬੱਦਲ ਛਾਏ ਰਹਿਣ ਕਰਕੇ ਬਿਲਕੁਲ ਵੀ ਧੁੱਪ ਨਹੀਂ ਨਿੱਕਲੀ।
Read Also : ਗੀਜ਼ਰ ਗੈਸ ਚੜ੍ਹਨ ਕਾਰਨ ਲੜਕੀ ਦੀ ਮੌਤ, ਅੱਜ ਸੀ ਜਨਮ ਦਿਨ
ਮੌਸਮ ਵਿਭਾਗ ਵੱਲੋਂ ਬੀਤੇ 24 ਘੰਟਿਆਂ ਦੇ ਤਾਪਮਾਨ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ ਉਸ ਮੁਤਾਬਿਕ ਪੰਜਾਬ ’ਚ ਜ਼ਿਲ੍ਹਾ ਗੁਰਾਸਦਪੁਰ 6.8 ਡਿਗਰੀ ਘੱਟ ਤੋਂ ਘੱਟ ਤਾਪਮਾਨ ਨਾਲ ਪੰਜਾਬ ’ਚ ਸਭ ਤੋਂ ਜ਼ਿਆਦਾ ਠੰਢਾ ਰਿਹਾ ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 10.3 ਡਿਗਰੀ, ਲੁਧਿਆਣਾ ’ਚ 8.6 ਡਿਗਰੀ, ਪਟਿਆਲਾ ’ਚ 9.6 ਡਿਗਰੀ, ਬਠਿੰਡਾ ’ਚ 11 ਡਿਗਰੀ, ਫਰੀਦਕੋਟ ’ਚ 10 ਡਿਗਰੀ, ਹੁਸ਼ਿਆਰਪੁਰ ’ਚ 9.4 ਡਿਗਰੀ, ਮਾਨਸਾ ’ਚ 10.8 ਡਿਗਰੀ ਅਤੇ ਸ੍ਰੀ ਆਨੰਦਪੁਰ ਸਾਹਿਬ ’ਚ 9 ਡਿਗਰੀ ਰਿਹਾ।
ਮੌਸਮ ਮਾਹਿਰਾਂ ਵੱਲੋਂ ਸੀਤ ਹਵਾਵਾਂ ਵਗ੍ਹਣ ਦਾ ਅਨੁਮਾਨ
ਮੌਸਮ ਮਾਹਿਰਾਂ ਨੇ ਆਉਣ ਵਾਲੇ ਕੁਝ ਦਿਨਾਂ ਸਬੰਧੀ ਮੌਸਮ ਦਾ ਜੋ ਅਨੁਮਾਨ ਲਗਾਇਆ ਹੈ ਉਸ ਮੁਤਾਬਿਕ ਠੰਢੀਆਂ ਸੀਤ ਹਵਾਵਾਂ ਵਗ੍ਹਣ ਦੇ ਨਾਲ-ਨਾਲ ਸੰਘਣੀ ਧੁੰਦ ਪੈ ਸਕਦੀ ਹੈ ਸਿਹਤ ਮਾਹਿਰਾਂ ਨੇ ਅਜਿਹੇ ਮੌਸਮ ’ਚ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ ਇਸ ਤੋਂ ਇਲਾਵਾ ਸਵੇਰ ਵੇਲੇ ਜ਼ਿਆਦਾ ਜਲਦੀ ਸ਼ੈਰ ਕਰਨ ਤੋਂ ਪ੍ਰਹੇਜ਼ ਰੱਖਣ ਲਈ ਕਿਹਾ ਗਿਆ ਹੈ। ਸੰਗਤ ਮੰਡੀ: ਖੇਤਾਂ ’ਚ ਖੜੀ ਕਣਕ ਦੀ ਫਸਲ, ਜਿਸ ਲਈ ਮੀਂਹ ਲਾਹੇਵੰਦ ਹੈ।














