ਕਣਕ ਦਾ ਝਾੜ ਘਟਣ ਕਾਰਨ ਕਿਸਾਨ ਕਰ ਰਹੇ ਨੇ ਖੁਦਕੁਸ਼ੀਆਂ
- ਬੁੱਧਵਾਰ ਨੂੰ ਦੋ ਕਿਸਾਨਾਂ ਨੇ ਖਤਮ ਕੀਤੀ ਆਪਣੀ ਜ਼ਿੰਦਗੀ
(ਸੁਖਜੀਤ ਮਾਨ) ਬਠਿੰਡਾ। ਨਰਮੇ ਨੂੰ ਪਈ ਗੁਲਾਬੀ ਸੁੰਡੀ ਦੇ ਸੰਕਟ ’ਚੋਂ ਕਿਸਾਨ ਹਾਲੇ ਨਿੱਕਲੇ ਨਹੀਂ ਸੀ ਕਿ ਹੁਣ ਕਣਕ ਦੇ ਘੱਟ ਝਾੜ ਨੇ ਭੰਨ ਦਿੱਤੇ ਹਨ ਆਰਥਿਕ ਤੰਗੀ ’ਚੋਂ ਨਿੱਕਲ ਰਹੇ ਕਿਸਾਨ ਕਣਕ ਦੇ ਘੱਟ ਝਾੜ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਗਏ, ਜਿੰਨ੍ਹਾਂ ਨੂੰ ਰੋਕਣਾ ਸਰਕਾਰ ਲਈ ਚੁਣੌਤੀ ਬਣ ਗਈ ਹੈ ਇਕੱਲੇ ਜ਼ਿਲ੍ਹਾ ਬਠਿੰਡਾ ’ਚ ਤਿੰਨ ਦਿਨਾਂ ’ਚ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਜਦੋਂਕਿ ਮਾਨਸਾ ਜ਼ਿਲ੍ਹੇ ਸਮੇਤ 48 ਘੰਟਿਆਂ ’ਚ ਚਾਰ ਕਿਸਾਨ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਹਨ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਅੱਜ ਪਿੰਡ ਮਾਈਸਰਖਾਨਾ ਦੇ ਕਿਸਾਨ ਜਸਪਾਲ ਸਿੰਘ (39) ਪੁੱਤਰ ਬਲਵਿੰਦਰ ਸਿੰਘ ਨੇ ਪਿੰਡ ਮਾਈਸਰਖਾਨਾ ਕੋਲ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ । ਜਸਪਾਲ ਸਿੰਘ ਪਹਿਲਾਂ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਅਤੇ ਹੁਣ ਕਣਕ ਦੇ ਝਾੜ ਘੱਟ ਨਿਕਲਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਮ੍ਰਿਤਕ ਕਿਸਾਨ ਸਿਰ 9 ਲੱਖ ਰੁਪਏ ਦਾ ਕਰਜਾ ਸੀ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।
ਇਸ ਤੋਂ ਪਹਿਲਾਂ ਜਸਪਾਲ ਸਿੰਘ ਦਾ ਭਰਾ ਨਿਰਮਲ ਸਿੰਘ ਵੀ 12 ਸਾਲ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਜਸਪਾਲ ਸਿੰਘ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ , ਧੀ ਕਮਲਦੀਪ ਕੌਰ (17) ਅਤੇ ਲੜਕਾ ਜਸ਼ਨਦੀਪ ਸਿੰਘ (14) ਨੂੰ ਪਿੱਛੇ ਛੱਡ ਗਿਆ ਹੈ ਇਸ ਤੋਂ ਇਲਾਵਾ ਪਿੰਡ ਮਾਨਸਾ ਖੁਰਦ ਦਾ ਕਿਸਾਨ ਗੁਰਦੀਪ ਸਿੰਘ (28) ਜੋ ਕਿ ਦੋ ਏਕੜ ਦਾ ਮਾਲਕ ਸੀ, ਉਸਨੇ ਵੀ ਕਣਕ ਦੇ ਘੱਟ ਝਾੜ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੁਰਦੀਪ ਸਿੰਘ ਛੇ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ ਕਿਸਾਨ ਸਿਰ ਸਾਢੇ ਤਿੰਨ ਲੱਖ ਰੁਪਏ ਦਾ ਕਰਜਾ ਸੀ ।
ਖੁਦਕੁਸ਼ੀਆਂ ਦੇ ਇਨ੍ਹਾਂ ਮਾਮਲਿਆਂ ’ਚ ਸਬੰਧਿਤ ਥਾਣਿਆਂ ਦੀ ਪੁਲਿਸ ਵੱਲੋਂ ਕਾਰਵਾਈ ਕਰਕੇ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਜਗਸੀਰ ਸਿੰਘ ਝੁੰਬਾ, ਦਰਸਨ ਸਿੰਘ ਮਾਈਸਰਖਾਨਾ ਗੁਰਦੀਪ ਸਿੰਘ ਮਾਈਸਰਖਾਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜ੍ਹਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਣਕ ਦੇ ਘੱਟ ਝਾੜ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦਾ ਬੋਨਸ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਜਕ ਦੇ ਕਿਸਾਨ ਰਮਨਦੀਪ ਸਿੰਘ (38) ਅਤੇ ਮੰਗਲਵਾਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਭਾਦੜਾ ਦੇ ਕਿਸਾਨ ਮੱਖਣ ਸਿੰਘ (42) ਨੇ ਵੀ ਕਣਕ ਦੇ ਘੱਟ ਝਾੜ ਕਾਰਨ ਖੁਦਕੁਸ਼ੀ ਕਰ ਲਈ ਸੀ
ਹਾਲੇ ਨਰਮੇ ਦਾ ਵੀ ਪੂਰਾ ਮੁਆਵਜ਼ਾ ਨਹੀਂ ਮਿਲਿਆ : ਸਰੂਪ ਸਿੱਧੂ
ਭਾਰਤੀ ਕਿਸਾਨ ਯੂਨੀਅਨਲ ਲੱਖੋਵਾਲ ਟਿਕੈਤ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਰਮਾ ਅਤੇ ਕਣਕ ਦੋਵੇਂ ਫਸਲਾਂ ਪੱਲੇ ਨਾ ਪੈਣ ਕਾਰਨ ਕਿਸਾਨਾਂ ਨੂੰ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦਾ ਜੋ ਮੁਆਵਜ਼ਾ ਦੇਣਾ ਹੈ ਉਹ ਵੀ ਹਾਲੇ ਪੂਰੀ ਤਰ੍ਹਾਂ ਨਹੀਂ ਵੰਡਿਆ ਗਿਆ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਰਮੇ ਦਾ ਵੀ ਪੂਰਾ ਮੁਆਵਜ਼ਾ ਛੇਤੀ ਦੇਵੇ ਅਤੇ ਕਣਕ ਦੇ ਘੱਟ ਝਾੜ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰੇ ਤਾਂ ਜੋ ਕਿਸਾਨਾਂ ਨੂੰ ਖੁਦਕੁਸ਼ੀਆਂ ਵਰਗਾ ਗਲਤ ਰਾਹ ਨਾ ਚੁਣਨਾ ਪਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ