ਵਿਆਹ ’ਚ ਲਾੜੇ ਦੇ ਪਿਓ ਕੋਲੋਂ ਬੱਚੇ ਨੇ ਅਨੋਖੇ ਢੰਗ ਨਾਲ ਉਡਾਇਆ ਪੈਸਿਆਂ ਵਾਲਾ ਬੈਗ

Ludhiana News

ਗਿੱਲ (ਬੂਟਾ ਸਿੰਘ)। ਸਥਾਨਕ ਇੱਕ ਪੈਲੇਸ ’ਚ ਵਿਆਹ ’ਚ ਇੱਕ ਬੱਚੇ ਨੇ ਲਾੜੇ ਦੇ ਪਿਤਾ ਕੋੋਂ ਸ਼ਾਤਰਾਨਾ ਢੰਗ ਨਾਲ ਪੈਸਿਆ ਵਾਲਾ ਬੈਗ ਲੈ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਵਤਾਰ ਖਾਨ ਨੇ ਪੁਲਿਸ ਕੋਲ ਲਿਖ਼ਾਏ ਬਿਆਨਾਂ ’ਚ ਦੱਸਿਆ ਕਿ ਉਹ ਪਟਿਆਲਾ ਦੇ ਪਿੰਡ ਰੋਹਟਾ ਸਾਹਿਬ ਦੇ ਰਹਿਣ ਵਾਲੇ ਹਨ ਤੇ ਉਹ ਆਪਣੇ ਪੁੱਤਰ ਨੂੰ ਵਿਆਉਣ ਲਈ ਪਿੰਡੋਂ ਡੇਹਲੋਂ ਦੇ ਇੱਕ ਪੈਲੇਸ ’ਚ ਬਰਾਤ ਲੈ ਕੇ ਪਹੁੰਚਿਆ ਹੋਇਆ ਸੀ। (Ludhiana News)

ਵਿਆਹ ਸਮਾਗਮ ਦੌਰਾਨ ਇਕ ਬੱਚਾ ਉਸ ਦੇ ਆਸ-ਪਾਸ ਘੁੰਮ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਵਿਆਹ ’ਚ ਆਏ ਕਿਸੇ ਪਰਿਵਾਰ ਦਾ ਬੱਚਾ ਹੋਵੇਗਾ। ਕੁੱਝ ਸਮੇਂ ਬਾਅਦ ਉਕਤ ਬੱਚੇ ਨੇ ਉਸਨੂੰ ਦੱਸਿਆ ਕਿ ਉਸ ਦੀ ਪੈਂਟ ’ਤੇ ਦਹੀਂ ਲੱਗਾ ਹੋਇਆ ਹੈ। ਜਿਉਂ ਹੀ ਉਹ ਆਪਣੇ ਹੱਥ ਵਿਚਲਾ ਪੈਸਿਆ ਵਾਲਾ ਬੈਗ ਲਾਗੇ ਹੀ ਇੱਕ ਕੁਰਸੀ ’ਤੇ ਰੱਖ ਕੇ ਦਹੀ ਸਾਫ਼ ਕਰਨ ਲੱਗਾ ਤਾਂ ਉਕਤ ਬੱਚਾ ਬੈਗ ਚੁੱਕ ਕੇ ਫਰਾਰ ਹੋ ਗਿਆ। ਜਿਉਂ ਹੀ ਉਨਾਂ ਮੁੜ ਬੈਗ ਚੁੱਕਣਾ ਚਾਹਿਆ ਤਾਂ ਬੈਗ ਕੁਰਸੀ ਤੋਂ ਗਾਇਬ ਸੀ।

ਬੈਗ ’ਚ ਕਰੀਬ 85 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਮੁੰਦੀਆਂ ਸਨ

ਜਿਸ ਸਬੰਧੀ ਉਨਾਂ ਰਿਸਤੇਦਾਰਾਂ ਆਦਿ ਨੂੰ ਪੁੱਛਿਆ ਪਰ ਕਿਧਰੋਂ ਵੀ ਕੋਈ ਸੂਹ ਨਾ ਮਿਲੀ। ਇਸ ਪਿੱਛੋਂ ਜਦੋਂ ਉਨਾਂ ਮੌਜੂਦ ਰਿਸਤੇਦਾਰਾਂ ਤੇ ਹੋਰਾਂ ਨੂੰ ਪੁੱਛਿਆ ਤਾਂ ਉਕਤ ਬੱਚੇ ਬਾਰੇ ਹਰ ਇੱਕ ਨੇ ਅਣਜਾਣਤਾ ਪ੍ਰਗਟਾਈ। ਇਸ ਪਿੱਛੋਂ ਤੁਰੰਤ ਉਨਾਂ ਥਾਣਾ ਡੇਹਲੋਂ ਦੀ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਤੁਰੰਤ ਪੈਲੇਸ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਅਣਪਛਾਤਾ ਬੱਚਾ ਪੈਸਿਆ ਵਾਲਾ ਬੈਗ ਚੁੱਕ ਕੇ ਲਿਜਾਂਦਾ ਨਜ਼ਰ ਆ ਰਿਹਾ ਹੈ। ਅਵਤਾਰ ਖਾਨ ਦੇ ਮੁਤਾਬਿਕ ਉਨਾਂ ਦੇ ਬੈਗ ’ਚ ਕਰੀਬ 85 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਮੁੰਦੀਆਂ ਸਨ। ਏ. ਐੱਸ. ਆਈ. ਰੁਪਿੰਦਰ ਸਿੰਘ ਨੇ ਦੱਸਿਆ ਕਿ ਸਬੰਧਿਤ ਬੱਚੇ ਸਬੰਧੀ ਅਜੇ ਕੋਈ ਸੁਰਾਗ ਨਹੀਂ ਮਿਲਿਆ। ਉਸ ਦੀ ਭਾਲ ’ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। (Ludhiana News)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।